ਸ਼ਹੀਦ ਪਤੀ ਦੀ ਤਸਵੀਰ ਦੇਖ ਕੇ ਪਤਨੀ ਬੋਲੀ- 'ਉਹ ਤਾਂ ਜ਼ਿੰਦਾ ਖੜ੍ਹੇ ਹਨ'
Monday, Dec 17, 2018 - 11:41 AM (IST)
ਉੱਤਰਕਾਸ਼ੀ—ਫੌਜੀ ਜਵਾਨਾਂ ਨੂੰ ਅਸੀਂ ਨਮਨ ਕਰਦੇ ਹਾਂ, ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਵਾਰ ਦਿੱਤੀਆਂ। ਦੇਸ਼ ਲਈ ਕੁਰਬਾਨ ਹੋਣ ਵਾਲੇ ਫੌਜੀ ਜਵਾਨਾਂ ਦੀਆਂ ਪਤਨੀਆਂ ਨੂੰ ਇਸ ਗੱਲ ਦਾ ਮਾਣ ਹੁੰਦਾ ਹੈ ਕਿ ਉਨ੍ਹਾਂ ਦਾ ਸੁਹਾਗ ਦੇਸ਼ ਲਈ ਲੜਿਆ ਪਰ ਕਈ ਵਾਰ ਤਾਂ ਉਨ੍ਹਾਂ ਨੂੰ ਆਖਰੀ ਵਾਰ ਮੂੰਹ ਦੇਖਣਾ ਵੀ ਨਸੀਬ ਨਹੀਂ ਹੁੰਦਾ। ਜੇ ਉਨ੍ਹਾਂ ਕੋਲ ਕੁਝ ਰਹਿ ਜਾਂਦਾ ਹੈ ਤਾਂ ਬਸ ਤਸਵੀਰਾਂ। 1971 ਦੀ ਜੰਗ ਵਿਚ ਆਪਣੇ ਫੌਜੀ ਪਤੀ ਨੂੰ ਗੁਆਉਣ ਵਾਲੀ 65 ਸਾਲ ਦੀ ਆਮਰਾ ਦੇਵੀ ਦੇ ਚਿਹਰੇ 'ਤੇ ਮੁਸਕਾਨ ਸੀ ਅਤੇ ਅੱਖਾਂ ਵਿਚ ਹੰਝੂ ਸੀ। ਕਰੀਬ 47 ਸਾਲਾਂ ਬਾਅਦ ਉਹ ਆਪਣੇ ਸ਼ਹੀਦ ਪਤੀ ਦਾ ਦੀਦਾਰ ਤਸਵੀਰ ਵਿਚ ਕਰ ਰਹੀ ਸੀ। ਇਕ ਲੰਬੇ ਅਰਸੇ ਮਗਰੋਂ ਉਸ ਨੂੰ ਇਹ ਮੌਕਾ ਨਸੀਬ ਹੋਇਆ ਸੀ।
ਆਓ ਜਾਣਦੇ ਹਾਂ ਸ਼ਹੀਦ ਸੁੰਦਰ ਸਿੰਘ ਬਾਰੇ—
ਆਮਰਾ ਦੇਵੀ ਸਿਰਫ 18 ਸਾਲ ਦੀ ਜਦੋਂ ਉਨ੍ਹਾਂ ਦਾ ਵਿਆਹ ਗਾਰਡਸ ਰੈਜੀਮੈਂਟ ਦੇ ਜਵਾਨ ਸੁੰਦਰ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਤੁਰੰਤ ਬਾਅਦ 20 ਸਾਲ ਦੇ ਸੁੰਦਰ ਸਿੰਘ ਨੂੰ ਲੜਾਈ ਵਿਚ ਸ਼ਾਮਲ ਹੋਣ ਦਾ ਬੁਲਾਵਾ ਆ ਗਿਆ। ਬਦਕਿਸਮਤੀ ਨਾਲ ਪੂਰਬੀ ਪਾਕਿਸਤਾਨ ਦੇ ਕਿਸੇ ਹਿੱਸੇ ਵਿਚ ਸੁੰਦਰ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਅਤੇ ਲਾਸ਼ ਨੂੰ ਉੱਥੇ ਹੀ ਦਫਨਾ ਦਿੱਤਾ ਗਿਆ। ਆਮਰਾ ਕੋਲ ਜੇ ਕੁਝ ਨਹੀਂ ਸੀ ਤਾਂ ਉਹ ਸੀ ਪਤੀ ਦੀ ਤਸਵੀਰ, ਜਿਸ ਲਈ ਉਸ ਨੂੰ ਕਾਫੀ ਸੰਘਰਸ਼ ਕਰਨਾ ਪਿਆ। ਆਮਰਾ ਦੇਵੀ ਨੇ ਆਪਣੇ ਪਤੀ ਨੂੰ ਇਕ ਵਾਰ ਦੇਖਣ ਦੀ ਇੱਛਾ ਜਤਾਈ। ਉਨ੍ਹਾਂ ਨੇ ਇਸ ਸਬੰਧ ਵਿਚ ਜ਼ਿਲਾ ਪ੍ਰਸ਼ਾਸਨ ਨਾਲ ਸੰਪਰਕ ਕਾਇਮ ਕੀਤਾ ਪਰ ਰਿਕਾਰਡ ਵਿਚ ਸ਼ਹੀਦ ਦੀ ਕੋਈ ਤਸਵੀਰ ਨਹੀਂ ਸੀ।
ਇੰਝ ਮਿਲੀ ਪਤੀ ਦੀ ਤਸਵੀਰ—
ਕਾਫੀ ਸੰਘਰਸ਼ ਮਗਰੋਂ ਉਨ੍ਹਾਂ ਨੇ ਫੌਜੀ ਕਲਿਆਣ ਬੋਰਡ ਅਤੇ ਮੁੜ ਵਸੇਬਾ ਵਿਭਾਗ ਡਾਇਰੈਕਟੋਰੇਟ ਤੋਂ ਮਦਦ ਮਿਲੀ। ਡਾਇਰੈਕਟੋਰੇਟ ਨੇ ਸ਼ਹੀਦ ਦੇ ਰੈਜੀਮੈਂਟ 'ਚ ਰਹੇ ਦੋਸਤਾਂ ਨਾਲ ਸੰਪਰਕ ਬਣਾਇਆ ਅਤੇ ਆਖਰਕਾਰ ਰੈਜੀਮੈਂਟ ਦੇ ਮਹਾਰਾਸ਼ਟਰ ਸਥਿਤ ਹੈੱਡਕੁਆਰਟਰ ਤੋਂ ਇਕ ਗਰੁੱਪ ਤਸਵੀਰ ਮਿਲੀ, ਜਿਸ ਵਿਚ ਸੁੰਦਰ ਸਿੰਘ ਵੀ ਸ਼ਾਮਲ ਸਨ। ਬੀਤੇ ਐਤਵਾਰ ਨੂੰ 'ਵਿਜੇ ਦਿਵਸ' ਦੇ ਮੌਕੇ 'ਤੇ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਆਮਰਾ ਦੇਵੀ ਨੂੰ ਉਨ੍ਹਾਂ ਦੇ ਪਤੀ ਦੀ ਤਸਵੀਰ ਭੇਟ ਕੀਤੀ। ਹਾਲਾਂਕਿ ਇਹ ਤਸਵੀਰ ਧੁੰਦਲੀ ਹੈ ਅਤੇ ਇਸ ਵਿਚ ਸੁੰਦਰ ਸਿੰਘ ਦਾ ਚਿਹਰਾ ਸਾਫ ਨਜ਼ਰ ਨਹੀਂ ਆ ਰਿਹਾ ਹੈ।
ਪਤੀ ਦੀ ਤਸਵੀਰ ਦੇਖ ਕੇ ਖੁਸ਼ੀ 'ਚ ਬੋਲੀ ਆਮਰਾ—
ਇੰਨੇ ਲੰਬੇ ਅਰਸੇ ਬਾਅਦ ਤਸਵੀਰ ਵਿਚ ਪਤੀ ਨੂੰ ਦੇਖਣ ਕੇ ਅਮਰਾ ਦੇਵੀ ਕਹਿੰਦੀ ਹੈ ਕਿ ਮੈਂ ਤਾਂ ਭੁੱਲ ਗਈ ਸੀ ਕਿ ਉਹ ਕਿਹੋ ਜਿਹੇ ਦਿੱਸਦੇ ਹਨ ਅਤੇ ਕਿਵੇਂ ਗੱਲ ਕਰਦੇ ਹਨ ਪਰ ਹੁਣ ਅਜਿਹਾ ਲੱਗ ਰਿਹਾ ਹੈ ਕਿ ਉਹ ਇਕ ਵਾਰ ਫਿਰ ਮੇਰੇ ਸਾਹਮਣੇ ਜ਼ਿੰਦਾ ਖੜ੍ਹੇ ਹੋ ਗਏ ਹਨ। ਜਦੋਂ ਉਨ੍ਹਾਂ ਦੇ ਸ਼ਹੀਦ ਹੋਣ ਦੀ ਖਬਰ ਆਈ ਸੀ ਤਾਂ ਮੇਰੇ ਅੰਦਰ ਵੀ ਬਹੁਤ ਕੁਝ ਮਰ ਗਿਆ ਸੀ ਅਤੇ ਉਨ੍ਹਾਂ ਨੂੰ ਮੁੜ ਦੇਖਣ ਦੀ ਇੱਛਾ ਹਮੇਸ਼ਾ ਤੋਂ ਮਨ 'ਚ ਰਹੀ, ਜੋ ਹੁਣ ਜਾ ਕੇ ਪੂਰੀ ਹੋਈ।
