ਨਿਰਮਾਣ ਅਧੀਨ ਟੈਂਕੀ ਦਾ ਲੈਂਟਰ ਡਿੱਗਣ ਨਾਲ 19 ਮਜ਼ਦੂਰ ਦੱਬੇ
Wednesday, Aug 10, 2022 - 04:15 PM (IST)

ਬਰੇਲੀ– ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੇ ਇੱਜ਼ਤਨਗਰ ਇਲਾਕੇ ’ਚ ਪਾਣੀ ਦੀ ਟੈਂਕੀ ਦੇ ਨਿਰਮਾਣ ਦੌਰਾਨ ਲੈਂਟਰ ਡਿੱਗਣ ਨਾਲ 19 ਮਜ਼ਦੂਰ ਮਲਬੇ ਹੇਠਾਂ ਦੱਬੇ ਗਏ। ਜ਼ਿਆਦਾਤਰ ਮਜ਼ਦੂਰਾਂ ਨੂੰ ਮੁੱਢਲੇ ਇਲਾਜ ਮਗਰੋਂ ਹਸਪਤਾਲ ’ਚੋਂ ਛੁੱਟੀ ਦੇ ਦਿੱਤੀ ਗਈ ਹੈ। ਦੋ ਮਜ਼ਦੂਰਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
ਪੁਲਸ ਮੁਤਾਬਕ ਘਟਨਾ ਮੰਗਲਵਾਰ ਰਾਤ ਦੀ ਹੈ। ਪੁਲਸ ਦਾ ਕਹਿਣਾ ਹੈ ਕਿ ਮਜ਼ਦੂਰਾਂ ਮੁਤਾਬਕ ਜ਼ਿਆਦਾ ਰੋਸ਼ਨੀ ਨਹੀਂ ਸੀ, ਜਿਸ ਕਾਰਨ ਇਹ ਪਤਾ ਨਹੀਂ ਲੱਗ ਸਕਿਆ ਕਿ ਇਕ ਪਾਸਿਓਂ ਨਿਰਮਾਣ ਸਮੱਗਰੀ ਜ਼ਿਆਦਾ ਪਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵਜ਼ਨ ਵਧੇਰੇ ਹੋਣ ਕਾਰਨ ਲੈਂਟਰ ਡਿੱਗ ਗਿਆ, ਜਿਸ ਦੇ ਮਲਬੇ ਹੇਠਾਂ 19 ਮਜ਼ਦੂਰ ਦੱਬੇ ਗਏ। ਸਾਰਿਆਂ ਦੀ ਉਮਰ 25 ਤੋਂ 40 ਸਾਲ ਦਰਮਿਆਨ ਹੈ। ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਨੇ ਲੋਕਾਂ ਦੀ ਮਦਦ ਨਾਲ ਮਜ਼ਦੂਰਾਂ ਨੂੰ ਕੱਢਣਾ ਸ਼ੁਰੂ ਕੀਤਾ ਅਤੇ ਸਾਰਿਆਂ ਨੂੰ ਹਸਪਤਾਲ ਪਹੁੰਚਾਇਆ। ਜ਼ਿਲ੍ਹਾ ਅਧਿਕਾਰੀ ਸ਼ਿਵਾਕਾਂਤ ਦ੍ਰਿਵੇਦੀ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਘਟਨਾ ਦੀ ਜਾਂਚ ਕਰਵਾਈ ਜਾਵੇਗੀ।