ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਯੂਕ੍ਰੇਨ ਤੋਂ 185 ਭਾਰਤੀਆਂ ਨੂੰ ਲੈ ਕੇ ਵਤਨ ਪਰਤੀ

03/07/2022 12:23:05 PM

ਮੁੰਬਈ– ਰੂਸ-ਯੂਕ੍ਰੇਨ ਵਿਚਾਲੇ ਜੰਗ ਦਰਮਿਆਨ ਭਾਰਤ ਸਰਕਾਰ ਆਪਣੇ ਨਾਗਰਿਕਾਂ ਨੂੰ ਯੂਕ੍ਰੇਨ ਤੋਂ ਕੱਢਣ ਲਈ ਪੂਰੀ ਕੋਸ਼ਿਸ਼ਾਂ ’ਚ ਜੁਟੀ ਹੋਈ ਹੈ। ਅੱਜ ਯਾਨੀ ਕਿ ਸੋਮਵਾਰ ਨੂੰ 185 ਭਾਰਤੀਆਂ ਦਾ ਇਕ ਹੋਰ ਜੱਥਾ ਤੜਕੇ ਇੱਥੇ ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ਪੁੱਜਾ। ਬੁਡਾਪੇਸਟ ਤੋਂ ਏਅਰ ਇੰਡੀਆ ਐਕਸਪ੍ਰੈੱਸ ਦਾ ਜਹਾਜ਼ ਇਨ੍ਹਾਂ ਭਾਰਤੀਆਂ ਨੂੰ ਲੈ ਕੇ ਵਤਨ ਪੁੱਜਾ। ਜਿਨ੍ਹਾਂ ’ਚ ਜ਼ਿਆਦਾਤਰ ਵਿਦਿਆਰਥੀ ਜੰਗ ਪ੍ਰਭਾਵਿਤ ਯੂਕ੍ਰੇਨ ’ਚ ਫਸੇ ਹੋਏ ਸਨ।

ਅਧਿਕਾਰੀਆਂ ਮੁਤਾਬਕ ਫਲਾਈਟ IX-1202 ’ਚ ਤਾਮਿਲਨਾਡੂ ਦੇ 25 ਅਤੇ ਕੇਰਲ ਦੇ 143 ਲੋਕ ਸ਼ਾਮਲ ਸਨ। ਇਸ ਤੋਂ ਇਲਾਵਾ ਮਹਾਰਾਸ਼ਟਰ ਤੋਂ 5, ਹਰਿਆਣਾ ਤੋਂ 3, ਮੱਧ ਪ੍ਰਦੇਸ਼ ਅਤੇ ਕਰਨਾਟਕ ਦੇ 2-2, ਉੱਤਰ ਪ੍ਰਦੇਸ਼, ਤੇਲੰਗਾਨਾ, ਮਣੀਪੁਰ, ਪੰਜਾਬ ਅਤੇ ਆਂਧਰਾ ਪ੍ਰਦੇਸ਼ ਤੋਂ 1-1 ਵਿਅਕਤੀ ਹੈ। ਓਧਰ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਯੂਕ੍ਰੇਨ ਤੋਂ ਕੱਢੇ ਗਏ ਲੋਕਾਂ ਦੇ ਤੇਜ਼ੀ ਨਾਲ ਨਿਕਾਸੀ ਲਈ ਕੋਵਿਡ-19 ਪ੍ਰੋਟੋਕਾਲ ਦਾ ਪਾਲਣਕਰਨ ਲਈ ਵਿਸ਼ੇਸ਼ ਉਪਾਅ ਕੀਤੇ ਸਨ। 

ਅਧਿਕਾਰੀਆਂ ਨੇ ਕਿਹਾ ਕਿ ਬਾਅਦ ਵਿੱਚ ਵੱਖ-ਵੱਖ ਰਾਜਾਂ ਦੇ ਪ੍ਰਤੀਨਿਧਾਂ ਨੇ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਰਹਿਣ-ਸਹਿਣ ਜਾਂ ਰੇਲਗੱਡੀਆਂ ਜਾਂ ਉਡਾਣਾਂ ਦੁਆਰਾ ਅੱਗੇ ਦੀ ਯਾਤਰਾ ਦੀਆਂ ਯੋਜਨਾਵਾਂ ਵਿੱਚ ਮਦਦ ਕਰਨ ਲਈ ਉਨ੍ਹਾਂ ਦੀ ਜ਼ਿੰਮੇਵਾਰੀ ਸੰਭਾਲੀ। ਦੱਸ ਦੇਈਏ ਕਿ ਯੂਕਰੇਨ-ਰੂਸ ਜੰਗ ਕਾਰਨ ਉੱਥੇ ਫਸੇ ਭਾਰਤੀਆਂ ਨੂੰ ਬਚਾਉਣ ਲਈ ਭਾਰਤ ਸਰਕਾਰ ਨੇ 'ਆਪ੍ਰੇਸ਼ਨ ਗੰਗਾ' ਮੁਹਿੰਮ ਸ਼ੁਰੂ ਕੀਤੀ ਹੈ, ਜੋ ਹੁਣ ਆਪਣੇ ਆਖਰੀ ਪੜਾਅ 'ਤੇ ਪਹੁੰਚ ਰਹੀ ਹੈ। ਹੁਣ ਤਕ ਵੱਡੀ ਗਿਣਤੀ ’ਚ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਹੋ ਚੁੱਕੀ ਹੈ।


Tanu

Content Editor

Related News