ਕਸ਼ਮੀਰ 'ਚ ਅਫ਼ੀਮ ਦੀ ਗ਼ੈਰ-ਕਾਨੂੰਨੀ ਖੇਤੀ ਖ਼ਿਲਾਫ਼ ਪ੍ਰਸ਼ਾਸਨ ਦੀ ਸਖ਼ਤੀ, 18 FIR ਕੀਤੀਆਂ ਦਰਜ
Friday, May 19, 2023 - 01:08 PM (IST)
ਸ਼੍ਰੀਨਗਰ- ਜੰਮੂ ਕਸ਼ਮੀਰ 'ਚ ਅਫ਼ੀਮ ਦੀ ਖੇਤੀ ਖ਼ਿਲਾਫ਼ ਪੁਲਸ ਅਤੇ ਆਬਕਾਰੀ ਵਿਭਾਗ ਪੂਰੀ ਤਰ੍ਹਾਂ ਸਰਗਰਮ ਹੈ। ਕਸ਼ਮੀਰ 'ਚ ਬੀਤੇ ਇਕ ਮਹੀਨੇ ਦੌਰਾਨ 982 ਕਨਾਲ ਜ਼ਮੀਨ 'ਤੇ ਫੈਲੀ ਅਫ਼ੀਮ ਦੀ ਖੇਤੀ ਨਸ਼ਟ ਕੀਤੀ ਗਈ ਹੈ। ਜੰਮੂ ਕਸ਼ਮੀਰ ਦੇ ਆਬਕਾਰੀ ਕਮਿਸ਼ਨਰ ਪੰਕਜ ਕੁਮਾਰ ਸ਼ਰਮਾ ਨੇ ਕਿਹਾ,''ਅਸੀਂ ਵੱਡੇ ਪੈਮਾਨੇ 'ਤੇ ਫ਼ਸਲ ਨਸ਼ਟ ਕਰ ਦਿੱਤੀ ਹੈ। ਇਸ ਸਾਲ ਅਸੀਂ ਹੁਣ ਤੱਕ 18 ਐੱਫ.ਆਈ.ਆਰ. ਦਰਜ ਕੀਤੀਆਂ ਹਨ।'' ਉਨ੍ਹਾਂ ਕਿਹਾ ਕਿ ਅਨੰਤਨਾਗ 'ਚ ਲਗਭਗ 3 ਕਨਾਲ ਅਤੇ 10 ਮਰਲਾ ਦੀ ਗੈਰ-ਕਾਨੂੰਨੀ ਖੇਤੀ ਮੌਕੇ 'ਤੇ ਹੀ ਨਸ਼ਟ ਕਰ ਦਿੱਤੀ ਗਈ, ਜਦੋਂ ਕਿ ਕੁਲਗਾਮ ਅਤੇ ਸ਼ੋਪੀਆਂ ਜ਼ਿਲ੍ਹਿਆਂ ਦੇ ਕਈ ਹੋਰ ਪਿੰਡਾਂ 'ਚ ਫ਼ਸਲ ਨਸ਼ਟ ਕੀਤੀ ਗਈ ਹੈ।
ਪੰਕਜ ਕੁਮਾਰ ਨੇ ਕਿਹਾ,''ਅਨੰਤਨਾਗ, ਪੁਲਵਾਮਾ, ਸ਼ੋਪੀਆਂ ਅਤੇ ਕੁਲਗਾਮ 'ਚ ਲਗਭਗ 721 ਕਨਾਲ ਅਫ਼ੀਮ ਦੀ ਖੇਤੀ ਨਸ਼ਟ ਹੋ ਗਈ ਹੈ।'' ਇਕੱਲੇ ਕੁਲਗਾਮ 'ਚ ਇਹ ਅੰਕੜਾ 450 ਕਨਾਲ ਹੈ। ਕਸ਼ਮੀਰ 'ਚ 1989 ਦੀ ਹਥਿਆਰਬੰਦ ਬਗਾਵਤ ਤੋਂ ਬਾਅਦ ਕਸ਼ਮੀਰ ਦੇ ਦੱਖਣੀ ਜ਼ਿਲ੍ਹਿਆਂ 'ਚ ਸੈਂਕੜੇ ਕਿਸਾਨਾਂ ਨੇ ਅਫ਼ੀਮ ਅਤੇ ਭੰਗ ਉਗਾਉਣੀ ਸ਼ੁਰੂ ਕਰ ਦਿੱਤੀ, ਕਿਉਂਕਿ ਪੁਲਸ ਅਤੇ ਸੁਰੱਖਿਆ ਫ਼ੋਰਸਾਂ ਨੇ ਸ਼ਾਂਤੀ ਬਣਾਏ ਰੱਖਣ 'ਤੇ ਧਿਆਨ ਕੇਂਦਰਿ ਤ ਕੀਤਾ। ਜਿਵੇਂ-ਜਿਵੇਂ ਸਥਿਤੀ 'ਚ ਸੁਧਾਰ ਹੋਇਆ, ਅਧਿਕਾਰੀ ਹਰ ਸਾਲ ਫ਼ਸਲ ਸਾਫ਼ ਕਰਨ ਲਈ ਮੁਹਿੰਮ ਚੱਲਾ ਰਹੇ ਹਨ। ਸ਼ਰਮਾ ਨੇ ਕਿਹਾ ਕਿ ਕਾਨੂੰਨ ਇਨਫੋਰਸਮੈਂਟ ਏਜੰਸੀਆਂ ਨੇ ਜ਼ਮੀਨੀ ਪੱਧਰ 'ਤੇ ਅਫ਼ੀਮ ਅਤੇ ਭੰਗ ਦੀ ਗੈਰ-ਕਾਨੂੰਨੀ ਖੇਤੀ ਦੇ ਖ਼ਤਰੇ ਨਾਲ ਲੜਨਾ ਜਾਰੀ ਹੈ।