ਸ਼ਰਮਨਾਕ: ਹੋਮਵਰਕ ਨਾ ਕਰਨ ''ਤੇ ਵਿਦਿਆਰਥਣ ਨੂੰ ਮਾਰੇ 168 ਥੱਪੜ
Saturday, Jan 27, 2018 - 04:31 PM (IST)
ਝਾਬੁਆ— ਮੱਧ ਪ੍ਰਦੇਸ਼ ਦੇ ਆਦਿਵਾਸੀ ਬਹੁਲ ਝਾਬੁਆ ਜ਼ਿਲੇ ਦੇ ਇਕ ਸਰਕਾਰੀ ਸਕੂਲ ਦੀ 12 ਸਾਲਾ ਇਕ ਵਿਦਿਆਰਥਣ ਨੂੰ ਹੋਮਵਰਕ ਨਾ ਕਰਨ 'ਤੇ ਅਧਿਆਪਕ ਵੱਲੋਂ ਸਜ਼ਾ ਦੇ ਤੌਰ 'ਤੇ ਕਲਾਸ ਦੀਆਂ ਹੀ ਵਿਦਿਆਰਥਣਾਂ ਤੋਂ 6 ਦਿਨਾਂ ਤੱਕ ਉਸ ਨੂੰ 168 ਥੱਪੜ ਲਗਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਦਿਆਰਥਣ ਦੇ ਪਿਤਾ ਨੇ ਇਸ ਦੀ ਸ਼ਿਕਾਇਤ ਪ੍ਰਿੰਸੀਪਲ ਨੂੰ ਲਿਖਤੀ 'ਚ ਕੀਤੀ ਹੈ। ਜ਼ਿਲਾ ਹੈੱਡ ਕੁਆਰਟਰ ਤੋਂ 34 ਕਿਲੋਮੀਟਰ ਦੂਰ ਥਾਂਦਲਾ ਤਹਿਸੀਲ ਹੈੱਡ ਕੁਆਰਟਰ 'ਤੇ ਸਥਿਤ ਜਵਾਹਰ ਨਵੋਦਿਆ ਰਿਹਾਇਸ਼ੀ ਸਕੂਲ 'ਚ 6ਵੀਂ ਜਮਾਤ ਦੀ ਵਿਦਿਆਰਥਣ ਅਨੁਸ਼ਕਾ ਸਿੰਘ ਦੇ ਪਿਤਾ ਸ਼ਿਵ ਪ੍ਰਸਤਾਵ ਸਿੰਘ ਨੇ ਘਟਨਾ ਦੀ ਸ਼ਿਕਾਇਤ ਤਿੰਨ ਦਿਨ ਪਹਿਲਾਂ ਸੰਸਥਾ ਦੇ ਪ੍ਰਿੰਸੀਪਲ ਨੂੰ ਕੀਤੀ। ਸ਼ਿਕਾਇਤੀ ਪੱਤਰ 'ਚ ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਦੀ ਬੇਟੀ ਕੁਝ ਦਿਨਾਂ ਤੋਂ ਬੀਮਾਰ ਚੱਲ ਰਹੀ ਸੀ ਅਤੇ ਇਲਾਜ ਲਈ ਰੋਜ਼ ਉਸ ਨੂੰ ਹਸਪਤਾਲ ਲਿਜਾਉਣਾ ਪੈਂਦਾ ਸੀ। ਇਸ ਕਾਰਨ ਉਹ ਹੋਮਵਰਕ 'ਚ ਪਿਛੜ ਗਈ ਸੀ।
ਵਿਦਿਆਰਥਣ ਦੇ ਪਿਤਾ ਨੇ ਦੱਸਿਆ ਕਿ ਬੀਮਾਰੀ ਤੋਂ ਬਾਅਦ ਸਵਸਥ ਹੋਣ 'ਤੇ ਸਕੂਲ ਜਾਣ 'ਤੇ 11 ਜਨਵਰੀ ਨੂੰ ਹੋਮਵਰਕ ਪੂਰਾ ਨਾ ਕਰਨ 'ਤੇ ਵਿਗਿਆਨ ਵਿਸ਼ੇ ਦੇ ਅਧਿਆਪਕ ਮਨੋਜ ਕੁਮਾਰ ਵਰਮਾ ਨੇ ਅਨੁਸ਼ਕਾ ਦੀਆਂ ਗੱਲ੍ਹਾਂ 'ਤੇ ਉਸ ਦੀ ਜਮਾਤ ਦੀਆਂ ਹੀ 14 ਵਿਦਿਆਰਥੀਆਂ 'ਚੋਂ 11 ਤੋਂ 16 ਜਨਵਰੀ ਤੱਕ 6 ਦਿਨਾਂ ਤੱਕ ਰੋਜ਼ 2-2 ਥੱਪੜ ਲਗਵਾਏ। ਪੁੱਛਣ 'ਤੇ ਵਿਦਿਆਰਥਣ ਨੇ ਪਰਿਵਾਰ ਵਾਲਿਆਂ ਨੂੰ ਆਪਬੀਤੀ ਦੱਸੀ। ਉਨ੍ਹਾਂ ਨੇ ਦੱਸਿਆ ਕਿ ਅਧਿਆਪਕ ਦੀ ਇਸ ਹਰਕਤ ਕਾਰਨ ਲੜਕੀ ਬਹੁਤ ਡਰੀ ਹੋਈ ਹੈ ਅਤੇ ਹੁਣ ਸਕੂਲ ਨਹੀਂ ਜਾਣਾ ਚਾਹੁੰਦੀ। ਉਨ੍ਹਾਂ ਨੇ ਕਿਹਾ ਕਿ ਲੜਕੀ ਦਾ ਇਲਾਜ ਥਾਂਦਲਾ ਦੇ ਸਰਕਾਰੀ ਹਸਪਤਾਲਾਂ 'ਚ ਚੱਲ ਰਿਹਾ ਹੈ। ਥਾਂਦਲਾ ਪੁਲਸ ਥਾਣੇ ਦੇ ਇੰਚਾਰਜ ਨਿਰੀਖਕ ਐੱਸ.ਐੱਸ. ਬਘੇਲ ਨੇ ਕਿਹਾ ਕਿ ਵਿਦਿਆਰਥਣ ਦੇ ਪਿਤਾ ਤੋਂ ਇਸ ਮਾਮਲੇ ਦੀ ਸ਼ਿਕਾਇਤ ਮਿਲੀ ਹੈ। ਮੈਡੀਕਲ ਜਾਂਚ 'ਚ ਵਿਦਿਆਰਥਣਾਂ ਨੂੰ ਕੋਈ ਸੱਟ ਨਹੀਂ ਪਾਈ ਗਈ ਹੈ ਪਰ ਹੋਰ ਵਿਦਿਆਰਥਣਾਂ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਉੱਥੇ ਹੀ ਸਕੂਲ ਦੇ ਪ੍ਰਿੰਸੀਪਲ ਸਾਗਰ ਨੇ ਅਧਿਆਪਕ ਦਾ ਬਚਾਅ ਕਰਦੇ ਹੋਏ ਇਸ ਨੂੰ ਇਕ ਫਰੈਂਡਲੀ ਸਜ਼ਾ ਦੱਸਦੇ ਹੋਏ ਕਿਹਾ ਕਿ ਜੋ ਬੱਚੇ ਪੜ੍ਹਾਈ 'ਚ ਕਮਜ਼ੋਰ ਹੁੰਦੇ ਹਨ, ਉਨ੍ਹਾਂ ਨੂੰ ਸਕੂਲ ਨਿਯਮਾਂ ਦੇ ਅਧੀਨ ਅਧਿਆਪਕ ਸਜ਼ਾ ਨਹੀਂ ਦੇ ਸਕਦੇ ਹਨ। ਬੱਚੇ ਦੇ ਸੁਧਾਰ ਲਈ ਅਧਿਆਪਕ ਵਰਮਾ ਨੇ ਹੋਰ ਬੱਚਿਆਂ ਨੂੰ ਬੋਲ ਕੇ ਵਿਦਿਆਰਥਣ ਨੂੰ ਅਜਿਹੀ ਸਜ਼ਾ ਦਿੱਤੀ ਅਤੇ ਬੱਚਿਆਂ ਨੇ ਉਸ ਨੂੰ ਥੱਪੜ ਜ਼ੋਰ ਨਾਲ ਨਹੀਂ ਮਾਰੇ ਹਨ, ਇਹ ਇਕ ਫਰੈਂਡਲੀ ਸਜ਼ਾ ਹੈ।
