‘ਜਾਪਾਨ ’ਚ ਖੜ੍ਹੇ ਜਹਾਜ਼ ’ਤੇ ਪਾਜੀਟਿਵ ਪਾਏ ਗਏ 16 ਭਾਰਤੀ ਇਲਾਜ ਮਗਰੋਂ ਪਰਤੇ ਦੇਸ਼’
Thursday, Mar 19, 2020 - 05:57 PM (IST)
ਨਵੀਂ ਦਿੱਲੀ (ਭਾਸ਼ਾ)— ਜਾਪਾਨ ਤੱਟ ’ਤੇ ਖੜ੍ਹੇ ‘ਡਾਇਮੰਡ ਪਿ੍ਰਸੇਜ਼ ਕਰੂਜ਼’ ਜਹਾਜ਼ ’ਚ ਸਵਾਰ ਅਤੇ ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ’ਚ ਸ਼ਾਮਲ 16 ਭਾਰਤੀ ਨਾਗਰਿਕ ਉਸ ਦੇਸ਼ ’ਚ ਮੈਡੀਕਲ ਸੰਸਥਾ ’ਚ ਇਲਾਜ ਕਰਾਉਣ ਤੋਂ ਬਾਅਦ ਭਾਰਤ ਪਰਤ ਚੁੱਕੇ ਹਨ। ਸਰਕਾਰ ਨੇ ਵੀਰਵਾਰ ਨੂੰ ਰਾਜ ਸਭਾ ਨੂੰ ਇਹ ਜਾਣਕਾਰੀ ਦਿੱਤੀ। ਰਾਜ ਸਭਾ ’ਚ ਇਕ ਸਵਾਲ ਦੇ ਲਿਖਤੀ ਜਵਾਬ ’ਚ ਵਿਦੇਸ਼ ਮੰਤਰੀ ਵੀ. ਮੁਰਲੀਧਰਨ ਨੇ ਸਦਨ ਨੂੰ ਦੱਸਿਆ ਕਿ ਡਾਇਮੰਡ ਪਿ੍ਰਸੇਜ਼ ਕਰੂਜ਼ ਜਹਾਜ਼ ’ਤੇ 132 ਮੈਂਬਰਾਂ ਸਮੇਤ 138 ਭਾਰਤੀ ਸਵਾਰ ਸਨ। ਇਨ੍ਹਾਂ ’ਚੋਂ 119 ਭਾਰਤੀ ਨਾਗਰਿਕਾਂ ਨੂੰ ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ ਜ਼ਰੀਏ 27 ਫਰਵਰੀ 2020 ਨੂੰ ਕੱਢ ਕੇ ਵਾਪਸ ਵਤਨ ਲਿਆਂਦਾ ਗਿਆ।
ਵਤਨ ਪਰਤਣ ਮਗਰੋਂ ਉਨ੍ਹਾਂ ਸਾਰੇ ਭਾਰਤੀਆਂ ਨੂੰ ਹਰਿਆਣਾ ਦੇ ਮਾਨੇਸਰ ’ਚ ਭਾਰਤੀ ਫੌਜ ਕੇਂਦਰ ’ਚ ਵੱਖਰੇ ਵਾਰਡ ’ਚ ਰੱਖਿਆ ਗਿਆ ਸੀ । ਮੰਤਰੀ ਨੇ ਦੱਸਿਆ ਕਿ 16 ਭਾਰਤੀ ਨਾਗਰਿਕਾਂ ਨੂੰ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ। ਉੁਨ੍ਹਾਂ ਦਾ ਜਾਪਾਨ ’ਚ ਹੀ ਮੈਡੀਕਲ ਕੇਂਦਰ ’ਚ ਇਲਾਜ ਕੀਤਾ ਗਿਆ। ਇਲਾਜ ਪੂਰਾ ਹੋਣ ਤੋਂ ਬਾਅਦ ਇਨ੍ਹਾਂ ਸਾਰਿਆਂ ਨੂੰ ਛੁੱਟੀ ਦੇ ਦਿੱਤੀ ਗਈ ਅਤੇ ਉਪਲੱਬਧ ਸੂਚਨਾ ਮੁਤਾਬਕ ਉਹ ਭਾਰਤ ਵਾਪਸ ਪਰਤ ਚੁੱਕੇ ਹਨ। ਮੁਰਲੀਧਰਨ ਨੇ ਦੱਸਿਆ ਕਿ 3 ਭਾਰਤੀ ਨਾਗਰਿਕਾਂ ਨੇ ਉੱਥੇ ਹੀ ਰਹਿਣ ਦਾ ਬਦਲ ਚੁਣਿਆ ਅਤੇ ਉਨ੍ਹਾਂ ਨੇ ਜਾਪਾਨ ’ਚ ਵੱਖਰਾ ਰੱਖਿਆ ਗਿਆ ਸੀ।