ਪਰਿਵਾਰ ਦੇ 17 ਲੋਕਾਂ ਦੀਆਂ ਲਾਸ਼ਾਂ ਮਿਲਣ ਨਾਲ ਫੈਲੀ ਸਨਸਨੀ, ਕਹੀ ਨਾਲ ਖੋਦ ਕੇ ਕੱਢੀਆਂ ਗਈਆਂ ਬਾਹਰ (ਤਸਵੀਰਾਂ)
Wednesday, Jul 26, 2017 - 06:00 PM (IST)
ਪਾਲਨਪੁਰ— ਗੁਜਰਾਤ ਦੇ ਗੰਭੀਰ ਰੂਪ ਨਾਲ ਹੜ੍ਹ ਪੀੜਤ ਬਨਾਸਕਾਂਠਾ ਜ਼ਿਲੇ 'ਚ ਬੁੱਧਵਾਰ ਨੂੰ ਇਕ ਨਦੀ ਤੋਂ ਇਕ ਹੀ ਸਥਾਨ 'ਤੇ ਘੱਟੋ-ਘੱਟ 17 ਲਾਸ਼ਾਂ ਮਿਲਣ ਨਾਲ ਸਨਸਨੀ ਫੈਲ ਗਈ। ਇਹ ਪੂਰਾ ਪਰਿਵਾਰ ਹੜ੍ਹ 'ਚ ਫਸ ਗਿਆ ਸੀ। ਇਨ੍ਹਾਂ ਲੋਕਾਂ ਨੂੰ ਸਮੇਂ 'ਤੇ ਮਦਦ ਨਹੀਂ ਮਿਲੀ। ਪਿੰਡ ਵਾਲਿਆਂ ਨੇ ਉਨ੍ਹਾਂ ਦੀਆਂ ਲਾਸ਼ਾਂ ਬਾਹਰ ਕੱਢੀਆਂ। ਬਨਾਸਕਾਂਠਾ ਖਾਰੀਆ ਪਿੰਡ ਦੇ ਠਾਕੋਰ ਪਰਿਵਾਰ ਦੇ 17 ਮੈਂਬਰਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ। ਇਸ ਪਿੰਡ 'ਚ 6 ਭਰਾਵਾਂ ਦਾ ਪਰਿਵਾਰ ਰਹਿੰਦਾ ਸੀ। ਜੋ ਹੜ੍ਹ 'ਚ ਫਸ ਗਿਆ ਸੀ। ਇਨ੍ਹਾਂ 17 ਲਾਸ਼ਾਂ ਤੋਂ ਇਲਾਵਾ ਰਾਣਕਪੁਰ ਤੋਂ 3 ਅਤੇ ਅਣਦਾਪੁਰਾ ਤੋਂ 2 ਅਤੇ 3 ਹੋਰ ਲੋਕਾਂ ਦੀਆਂ ਲਾਸ਼ਾਂ ਵੀ ਮਿਲੀਆਂ ਹਨ। ਸਾਰੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ ਹੈ। ਭਾਰੀ ਬਾਰਸ਼ ਨੇ ਪੂਰੇ ਖੇਤਰ 'ਚ ਤਬਾਹੀ ਮਚਾ ਦਿੱਤੀ ਹੈ। ਜਿਸ 'ਚ ਇਕ ਪਰਿਵਾਰ ਦੇ 17 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦੀਆਂ ਲਾਸ਼ਾਂ ਚਿੱਕੜ 'ਚ ਫਸ ਗੀਆਂ ਸਨ। ਜਿਸ ਨੂੰ ਕਹੀ ਨਾਲ ਖੋਦ ਕੇ ਬਾਹਰ ਕੱਢਿਆ ਗਿਆ। ਨਦੀ 'ਚ ਪਾਣੀ ਦਾ ਪੱਧਰ ਘੱਟ ਹੋਣ ਕਾਰਨ ਇਹ ਲਾਸ਼ਾਂ ਮਿਲੀਆਂ ਹਨ। ਮ੍ਰਿਤਕਾਂ 'ਚ 7 ਔਰਤਾਂ ਅਤੇ 2 ਬੱਚੇ ਵੀ ਸ਼ਾਮਲ ਹਨ। ਜ਼ਬਰਦਸਤ ਬਾਰਸ਼ ਅਤੇ ਗੁਆਂਢੀ ਰਾਜਸਥਾਨ ਤੋਂ ਪਾਣੀ ਦੇ ਜ਼ਬਰਦਸਤ ਵਹਾਅ ਕਾਰਨ ਜ਼ਿਲੇ ਦੇ ਕਈ ਹਿੱਸੇ ਪੂਰੀ ਤਰ੍ਹਾਂ ਪਾਣੀ ਨਾਲ ਭਰ ਗਏ ਸਨ। ਰਾਹਤ ਅਤੇ ਬਚਾਅ ਕੰਮ ਹੁਣ ਵੀ ਜਾਰੀ ਹੈ। ਇਸ ਦੌਰਾਨ ਵੱਡੇ ਪੈਮਾਨੇ 'ਤੇ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਸੈਂਕੜੇ ਪਸ਼ੂਆਂ ਦੀ ਵੀ ਮੌਤ ਹੋਈ ਹੈ। ਅਧਿਕਾਰਤ ਅੰਕੜਿਆਂ ਅਨੁਸਾਰ ਇਕੱਲੇ ਬਨਾਸਕਾਂਠਾ 'ਚ ਹੀ 19 ਲੋਕਾਂ ਦੀ ਮੌਤ ਹੋ ਗਈ। ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇਖਣ ਕੀਤਾ ਸੀ।