ਜ਼ਮਾਨਤ ''ਤੇ ਬਾਹਰ ਆ ਕੇ ਮੁੜ ਲੈ ਲਿਆ ਪੰਗਾ, ਘਰ ਵੜ ਕੇ ਪਾੜ''ਤਾ ਕੁੜੀ ਦਾ ਸਿਰ, ਫ਼ਿਰ ਲੋਕਾਂ ਨੇ ਜੋ ਕੀਤਾ...
Wednesday, Oct 30, 2024 - 04:08 AM (IST)
ਜਲੰਧਰ (ਵਰੁਣ)– ਖੁਰਲਾ ਕਿੰਗਰਾ ਵਿਖੇ ਦੇਰ ਰਾਤ ਰੰਜਿਸ਼ ਤਹਿਤ ਇਕ ਘਰ ਵਿਚ ਦਾਖਲ ਹੋ ਕੇ ਲੜਕੀ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਮਾਰਨ ਅਤੇ ਉਨ੍ਹਾਂ ਦੇ ਤੇ ਨੇੜਲੇ ਘਰਾਂ ਦੇ ਬਾਹਰ ਖੜ੍ਹੇ ਵਾਹਨਾਂ ਦੀ ਭੰਨ-ਤੋੜ ਕਰਨ ਵਿਰੁੱਧ ਸਥਾਨਕ ਲੋਕਾਂ ਨੇ ਪੁਲਸ ਖ਼ਿਲਾਫ਼ ਨਕੋਦਰ ਰੋਡ ਜਾਮ ਕਰ ਦਿੱਤਾ। ਦੋਸ਼ ਹੈ ਕਿ ਸੂਚਨਾ ਦੇਣ ਦੇ ਬਾਅਦ ਵੀ ਪੁਲਸ ਮੌਕੇ ’ਤੇ ਨਹੀਂ ਪੁੱਜੀ। ਲੋਕਾਂ ਨੇ ਵਡਾਲਾ ਚੌਕ ਨੇੜੇ ਨਕੋਦਰ ਰੋਡ ’ਤੇ ਟੇਬਲ ਰੱਖ ਕੇ ਸੜਕ ਜਾਮ ਕਰ ਦਿੱਤੀ, ਜਿਨ੍ਹਾਂ ਦੇ ਸਮਰਥਨ ਵਿਚ ਨਿਹੰਗ ਸਿੰਘ ਜਥੇਬੰਦੀਆਂ ਉਤਰ ਆਈਆਂ। ਭੜਕੇ ਲੋਕਾਂ ਨੇ ਪੁਲਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ, ਜਿਸ ਤੋਂ ਬਾਅਦ ਥਾਣਾ ਨੰਬਰ 7 ਦੀ ਇੰਚਾਰਜ ਅਨੂ ਪਲਿਆਲ ਅਤੇ ਏ.ਸੀ.ਪੀ. ਮਾਡਲ ਟਾਊਨ ਮੌਕੇ ’ਤੇ ਪਹੁੰਚ ਗਏ।
ਆਸ਼ਾ ਰਾਣੀ ਨੇ ਦੱਸਿਆ ਕਿ 3 ਮਹੀਨੇ ਪਹਿਲਾਂ ਉਸ ਦੇ ਦਿਓਰ ਪ੍ਰਦੀਪ ਨਿਵਾਸੀ ਖੁਰਲਾ ਕਿੰਗਰਾ ’ਤੇ ਕੁਝ ਪ੍ਰਵਾਸੀ ਲੋਕਾਂ ਨੇ ਹਮਲਾ ਕਰ ਦਿੱਤਾ ਸੀ। ਥਾਣਾ ਨੰਬਰ 7 ਵਿਚ ਉਨ੍ਹਾਂ ਖਿਲਾਫ਼ ਕੇਸ ਵੀ ਦਰਜ ਹੋਇਆ ਸੀ ਪਰ ਉਸ ਤੋਂ ਬਾਅਦ ਲਗਾਤਾਰ ਪ੍ਰਦੀਪ ਦੇ ਘਰ 2 ਵਾਰ ਹਮਲਾ ਹੋ ਗਿਆ ਹੈ।
ਇਹ ਵੀ ਪੜ੍ਹੋ- ਟਰੈਕਟਰ 'ਤੇ ਲੱਗੇ ਗਾਣੇ ਪਿੱਛੇ ਹੋ ਗਈ ਖ਼ੂ.ਨੀ ਝੜ.ਪ, ਗੱਡੀ ਥੱਲੇ ਦੇ ਕੇ ਮਾ.ਰ'ਤਾ ਮਾਪਿਆਂ ਦਾ ਇਕਲੌਤਾ ਪੁੱਤ
ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਥਾਣਾ ਨੰਬਰ 7 ਦੀ ਪੁਲਸ ਨੂੰ ਦੱਸਦੇ ਵੀ ਰਹੇ ਪਰ ਕੋਈ ਕਾਰਵਾਈ ਨਹੀਂ ਹੋਈ। ਦੋਸ਼ ਹੈ ਕਿ ਮੰਗਲਵਾਰ ਦੀ ਰਾਤ ਇਸੇ ਮਾਮਲੇ ਵਿਚ ਜ਼ਮਾਨਤ ’ਤੇ ਆਏ ਇਕ ਪ੍ਰਵਾਸੀ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਘਰ ’ਤੇ ਹਮਲਾ ਕਰ ਦਿੱਤਾ। ਜਦੋਂ ਹਮਲਾ ਕੀਤਾ ਗਿਆ, ਉਦੋਂ ਆਸ਼ਾ ਰਾਣੀ ਦੀ ਧੀ ਅਤੇ ਪ੍ਰਦੀਪ ਦੀ ਭਤੀਜੀ ਨਿਸ਼ੂ ਗੇਟ ਬੰਦ ਕਰ ਰਹੀਆਂ ਸਨ। ਉਕਤ ਲੋਕਾਂ ਨੇ ਨਿਸ਼ੂ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਪ੍ਰਦੀਪ ਦੀ ਗੱਡੀ ਅਤੇ ਆਲੇ-ਦੁਆਲੇ ਖੜ੍ਹੇ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਅਤੇ ਫ਼ਰਾਰ ਹੋ ਗਏ।
ਐੱਸ.ਐੱਚ.ਓ. ਅਨੂ ਪਲਿਆਲ ਤੋਂ ਬਾਅਦ ਏ.ਸੀ.ਪੀ. ਮਾਡਲ ਟਾਊਨ ਸਿਰਿਵੇਨੇਲਾ (ਆਈ.ਪੀ.ਐੱਸ.) ਵੀ ਧਰਨੇ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚ ਗਏ। ਏ.ਸੀ.ਪੀ. ਨੇ ਸਾਰੇ ਮਾਮਲੇ ਦੀ ਜਾਣਕਾਰੀ ਹਾਸਲ ਕਰ ਕੇ ਲੋਕਾਂ ਨੂੰ ਭਰੋਸਾ ਦਿੱਤਾ ਕਿ 2 ਦਿਨਾਂ ਅੰਦਰ ਹਮਲਾ ਕਰਨ ਵਾਲੇ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਵੇਗਾ। ਜਦੋਂ ਤਕ ਮੁਲਜ਼ਮ ਗ੍ਰਿਫ਼ਤਾਰ ਨਹੀਂ ਹੁੰਦੇ, ਉਦੋਂ ਤਕ ਪੀੜਤ ਧਿਰ ਦੇ ਘਰ ਦੇ ਬਾਹਰ ਪੁਲਸ ਸੁਰੱਖਿਆ ਰਹੇਗੀ।
ਇਹ ਵੀ ਪੜ੍ਹੋ- AGTF ਤੇ UP ਪੁਲਸ ਦਾ ਸਾਂਝਾ ਆਪਰੇਸ਼ਨ, ਪੰਜਾਬ 'ਚ ਸਨਸਨੀਖੇਜ਼ ਕਤਲ ਮਾਮਲਿਆਂ 'ਚ Wanted ਸ਼ੂਟਰ ਕੀਤੇ ਕਾਬੂ
ਥਾਣਾ ਨੰਬਰ 7 ਦੀ ਇੰਚਾਰਜ ਅਨੂ ਪਲਿਆਲ ਨੇ ਕਿਹਾ ਕਿ ਜ਼ਮਾਨਤ ’ਤੇ ਆ ਕੇ ਹਮਲਾ ਕਰਨ ਵਾਲੇ ਦੀ ਜ਼ਮਾਨਤ ਰੱਦ ਕਰਵਾਈ ਜਾਵੇਗੀ, ਹਾਲਾਂਕਿ ਲੋਕਾਂ ਵਿਚ ਗੁੱਸਾ ਸੀ ਕਿ ਜੇਕਰ ਪੁਲਸ ਪਹਿਲਾਂ ਹੀ ਕਾਰਵਾਈ ਕਰ ਦਿੰਦੀ ਤਾਂ ਇਹ ਨੌਬਤ ਨਾ ਆਉਂਦੀ। ਦੂਜੇ ਪਾਸੇ ਇਸ ਹਮਲੇ ਵਿਚ ਜ਼ਖ਼ਮੀ ਹੋਈ ਲੜਕੀ ਦਾ ਹਸਪਤਾਲ ਵਿਚ ਇਲਾਜ ਕੀਤਾ ਜਾ ਰਿਹਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਜਦੋਂ ਹਮਲਾ ਹੋਇਆ ਤਾਂ ਉਨ੍ਹਾਂ ਵੀ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਘਰ ਅੰਦਰ ਵਾੜ ਕੇ ਉਨ੍ਹਾਂ ਦੀ ਜਾਨ ਬਚਾਈ ਕਿਉਂਕਿ ਉਹ ਵੀ ਉਕਤ ਲੋਕਾਂ ਦੇ ਖ਼ਿਲਾਫ਼ ਗਵਾਹ ਹਨ। ਦੇਰ ਰਾਤ 12 ਵਜੇ ਤਕ ਧਰਨਾ ਚੁੱਕਣ ਦੀਆਂ ਕੋਸ਼ਿਸ਼ਾਂ ਜਾਰੀ ਸਨ।
ਇਹ ਵੀ ਪੜ੍ਹੋ- ਸਾਵਧਾਨ ! ਹੁਣ ਨਹੀਂ ਕਰ ਸਕੋਗੇ ਇਹ ਕੰਮ, ਪ੍ਰਸ਼ਾਸਨ ਨੇ ਜਾਰੀ ਕੀਤੀਆਂ ਸਖ਼ਤ ਹਦਾਇਤਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e