ਟੁੱਟੇ ਸੁਪਨੇ : ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਗਏ 150 ਭਾਰਤੀ ਪਰਤੇ ਵਤਨ
Wednesday, Nov 20, 2019 - 05:38 PM (IST)
ਨਵੀਂ ਦਿੱਲੀ (ਭਾਸ਼ਾ)— ਅਮਰੀਕਾ 'ਚ ਬਿਹਤਰ ਜ਼ਿੰਦਗੀ ਪਾਉਣ ਦਾ ਸੁਪਨਾ ਟੁੱਟ ਜਾਣ ਅਤੇ ਆਪਣੀ ਬਚਤ ਦੀ ਵੱਡੀ ਰਾਸ਼ੀ ਗਵਾਉਣ ਦੇਣ ਤੋਂ ਬਾਅਦ ਕਰੀਬ 150 ਭਾਰਤੀ ਬੁੱਧਵਾਰ ਨੂੰ ਦੇਸ਼ ਪਰਤ ਆਏ। ਇਸ ਦੇ ਪਿੱਛੇ ਦਾ ਕਾਰਨ— ਵੀਜ਼ਾਂ ਨਿਯਮਾਂ ਦਾ ਉਲੰਘਣ ਜਾਂ ਗੈਰ-ਕਾਨੂੰਨੀ ਰੂਪ ਨਾਲ ਅਮਰੀਕਾ 'ਚ ਐਂਟਰੀ। ਇਨ੍ਹਾਂ ਦੋਸ਼ਾਂ ਕਾਰਨ 150 ਭਾਰਤੀਆਂ ਨੂੰ ਦੇਸ਼ ਭੇਜ ਦਿੱਤਾ ਗਿਆ। ਹਵਾਈ ਅੱਡੇ ਤੋਂ ਇਕ ਤੋਂ ਬਾਅਦ ਇਕ ਨਿਕਲਦੇ ਇਨ੍ਹਾਂ ਭਾਰਤੀ ਲੋਕਾਂ ਦੇ ਚਿਹਰਿਆਂ 'ਤੇ ਉਦਾਸੀ ਛਾਈ ਸੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਯਕੀਨ ਨਹੀਂ ਹੋ ਰਿਹਾ ਕਿ ਕਈ ਵਾਰ ਕੋਸ਼ਿਸ਼ ਦੇ ਬਾਅਦ ਵੀ ਅਮਰੀਕਾ 'ਚ ਬਿਹਤਰ ਜ਼ਿੰਦਗੀ ਦਾ ਉਨ੍ਹਾਂ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ।
ਪੰਜਾਬ ਦੇ ਬਠਿੰਡਾ ਤੋਂ ਗਏ ਇਕ ਪੰਜਾਬੀ ਨੇ ਕਿਹਾ ਕਿ ਇਹ ਚੌਥੀ ਵਾਰ ਹੈ, ਜਦੋਂ ਮੈਨੂੰ ਦੇਸ਼ ਵਾਪਸ ਭੇਜਿਆ ਗਿਆ ਹੈ। ਉਸ ਨੇ ਕਿਹਾ ਕਿ ਮੈਂ 15 ਮਈ ਨੂੰ ਉਡਾਣ ਭਰੀ ਸੀ ਅਤੇ ਮਾਸਕੋ ਅਤੇ ਪੈਰਿਸ ਹੁੰਦੇ ਹੋਏ ਮੈਕਸੀਕੋ ਪਹੁੰਚਿਆ ਸੀ। ਉੱਥੋਂ 16 ਮਈ ਨੂੰ ਮੈਂ ਕੈਲੀਫੋਰਨੀਆ ਜਾਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਮੈਨੂੰ ਫੜ ਲਿਆ ਅਤੇ ਐਰੀਜ਼ੋਨਾ ਤੋਂ ਦੇਸ਼ ਵਾਪਸ ਭੇਜ ਦਿੱਤਾ। ਉਸ ਨੇ ਇਹ ਵੀ ਦੱਸਿਆ ਕਿ 4 ਵਾਰ ਦੀ ਕੋਸ਼ਿਸ਼ਾਂ 'ਚ 24 ਲੱਖ ਰੁਪਏ ਖਰਚ ਕੀਤੇ ਅਤੇ 40 ਲੱਖ ਰੁਪਏ ਕਾਨੂੰਨੀ ਸਲਾਹ 'ਤੇ ਖਰਚ ਹੋਏ।
ਓਧਰ ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ ਲੈ ਕੇ ਵਿਸ਼ੇਸ਼ ਜਹਾਜ਼ ਸਵੇਰੇ 6 ਵਜੇ ਦਿੱਲੀ ਹਵਾਈ ਅੱਡੇ ਦੇ ਟਰਮੀਨਲ ਨੰਬਰ-3 'ਤੇ ਪੁੱਜਾ। ਜਹਾਜ਼ ਬੰਗਲਾਦੇਸ਼ ਹੁੰਦੇ ਹੋਏ ਭਾਰਤ ਪੁੱਜਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਮੀਗ੍ਰੇਸ਼ਨ ਵਿਭਾਗ ਨੇ ਜ਼ਰੂਰੀ ਕਾਗਜ਼ੀ ਕਾਰਵਾਈ ਪੂਰੀ ਕੀਤੀ ਅਤੇ ਫਿਰ ਇਕ-ਇਕ ਕਰ ਕੇ ਸਾਰੇ 150 ਯਾਤਰੀ ਹਵਾਈ ਅੱਡੇ ਤੋਂ ਬਾਹਰ ਆਏ। ਸਾਰੇ 150 ਭਾਰਤੀਆਂ ਨੇ ਜਾਂ ਤਾਂ ਵੀਜ਼ਾ ਨਿਯਮਾਂ ਦਾ ਉਲੰਘਣ ਕੀਤਾ ਸੀ ਜਾਂ ਫਿਰ ਉਨ੍ਹਾਂ ਨੇ ਗੈਰ-ਕਾਨੂੰਨੀ ਰੂਪ ਨਾਲ ਅਮਰੀਕਾ ਵਿਚ ਐਂਟਰੀ ਕੀਤੀ ਸੀ। ਇਸ ਤੋਂ ਪਹਿਲਾਂ ਮੈਕਸੀਕੋ ਇਮੀਗ੍ਰੇਸ਼ਨ ਅਧਿਕਾਰੀਆਂ ਨੇ 18 ਅਕਤੂਬਰ ਨੂੰ ਇਕ ਔਰਤ ਸਮੇਤ 300 ਤੋਂ ਜ਼ਿਆਦਾ ਭਾਰਤੀਆਂ ਨੂੰ ਦੇਸ਼ ਭੇਜਿਆ ਸੀ, ਕਿਉਂਕਿ ਇਹ ਲੋਕ ਅਮਰੀਕਾ ਜਾਣ ਦੇ ਇਰਾਦੇ ਨਾਲ ਗੈਰ-ਕਾਨੂੰਨੀ ਤਰੀਕੇ ਨਾਲ ਮੈਕਸੀਕੋ ਦਾਖਲ ਹੋਏ ਸਨ।