ਸ਼ੱਕੀ ਕੁਕੀ ਅੱਤਵਾਦੀਆਂ ਦੇ ਹਮਲੇ ’ਚ 15 ਜ਼ਖਮੀ
Sunday, Jun 04, 2023 - 11:58 AM (IST)
ਇੰਫਾਲ, (ਭਾਸ਼ਾ)- ਮਣੀਪੁਰ ਦੇ ਇੰਫਾਲ ਪੱਛਮੀ ਜ਼ਿਲੇ ਦੇ ਦੋ ਪਿੰਡਾਂ ’ਤੇ ਬੰਬਾਂ ਅਤੇ ਹਥਿਆਰਾਂ ਨਾਲ ਲੈਸ ਸ਼ੱਕੀ ਕੁਕੀ ਅੱਤਵਾਦੀਆਂ ਨੇ ਸ਼ੁੱਕਰਵਾਰ ਰਾਤ ਨੂੰ ਹਮਲਾ ਕੀਤਾ, ਜਿਸ ’ਚ ਘੱਟ ਤੋਂ ਘੱਟ 15 ਲੋਕ ਜ਼ਖਮੀ ਹੋ ਗਏ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਫਏਂਗ ਅਤੇ ਕਾਂਗਚੁਪ ਚਿੰਗਖੋਂਗ ਪਿੰਡਾਂ ’ਚ ਤਾਇਨਾਤ ਸੂਬਾਈ ਪੁਲਸ ਅਤੇ ਮਨੀਪੁਰ ਰਾਈਫਲਜ਼ ਦੇ ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ, ਜਿਸ ਨਾਲ ਦੋਵਾਂ ਧਿਰਾਂ ਵਿਚਕਾਰ ਚਾਰ ਘੰਟੇ ਤੋਂ ਵੱਧ ਸਮੇਂ ਤਕ ਗੋਲੀਬਾਰੀ ਹੋਈ ਅਤੇ ਅੱਤਵਾਦੀ ਨੇੜੇ ਦੀਆਂ ਪਹਾੜੀਆਂ ਵੱਲ ਭੱਜ ਗਏ। ਅਧਿਕਾਰੀਆਂ ਮੁਤਾਬਕ ਜ਼ਖਮੀਆਂ ਨੂੰ ਇੰਫਾਲ ਦੇ ਖੇਤਰੀ ਮੈਡੀਕਲ ਵਿਗਿਆਨ ਸੰਸਥਾਨ ਅਤੇ ਰਾਜ ਮੈਡੀਸਿਟੀ ’ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਦੋ ਜ਼ਖਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਬਿਸ਼ਨੂਪੁਰ ਜ਼ਿਲ੍ਹੇ ਦੇ ਪੋਂਬੀਖੋਕ ਤੋਂ ਵੀ ਹਮਲਿਆਂ ਦੀ ਸੂਚਨਾ ਮਿਲੀ ਹੈ ਹਾਲਾਂਕਿ ਇਨ੍ਹਾਂ ਹਮਲਿਆਂ ’ਚ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਅਧਿਕਾਰੀਆਂ ਮੁਤਾਬਕ ਮਨੀਪੁਰ ਪੁਲਸ, ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਅਤੇ ਅਸਾਮ ਰਾਈਫਲਜ਼ ਦੀ ਸਾਂਝੀ ਟੀਮ ਨੇ ਕਾਕਚਿੰਗ ਜ਼ਿਲੇ ਦੇ ਸੁਗਨੂ-ਸੇਰਾਊ ਇਲਾਕੇ 'ਚੋਂ ਸੱਤ ਲਾਸ਼ਾਂ ਬਰਾਮਦ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਲੋਕ ਪਿਛਲੇ ਹਫ਼ਤੇ ਸੁਗਨੂ ’ਚ ਹਥਿਆਰਬੰਦ ਕੁਕੀ ਅਤਿਵਾਦੀਆਂ ਵੱਲੋਂ ਕੀਤੇ ਗਏ ਹਮਲੇ ਪਿਛੋਂ ਸ਼ੁਰੂ ਹੋਏ ਮੁਕਾਬਲੇ ’ਚ ਮਾਰੇ ਗਏ ਸਨ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਜੇ.ਐਨ.ਆਈ.ਐਮ.ਐਸ. ਦੇ ਮੁਰਦਾਘਰ ’ਚ ਭੇਜ ਦਿੱਤਾ ਗਿਆ ਹੈ।
ਮਨੀਪੁਰ ਵਿੱਚ ਅਨੁਸੂਚਿਤ ਜਨਜਾਤੀ (ਐਸ.ਟੀ.) ਦਾ ਦਰਜਾ ਦੇਣ ਦੀ ਮੰਗ ਦੇ ਵਿਰੋਧ ’ਚ 3 ਮਈ ਨੂੰ ਪਹਾੜੀ ਜ਼ਿਲ੍ਹਿਆਂ ’ਚ ਮੇਤੇਈ ਭਾਈਚਾਰੇ ਵੱਲੋਂ ‘ਕਬਾਇਲੀ ਏਕਤਾ ਮਾਰਚ’ ਦਾ ਆਯੋਜਨ ਕੀਤੇ ਜਾਣ ਤੋਂ ਬਾਅਦ ਭੜਕੀ ਜਾਤੀ ਹਿੰਸਾ ’ਚ ਘੱਟੋ-ਘੱਟ 98 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ 310 ਹੋਰ ਜ਼ਖਮੀ ਹੋਏ ਹਨ।