ਮੱਧ ਪ੍ਰਦੇਸ਼ ਦੇ ਵਿਦਿਸ਼ਾ ''ਚ ਮਿਲੀ ਭਗਵਾਨ ਸ਼ਿਵ ਦੀ 1500 ਸਾਲ ਪੁਰਾਣੀ ਮੂਰਤੀ
Friday, Mar 04, 2022 - 11:22 AM (IST)
ਵਿਦਿਸ਼ਾ- ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ 'ਚ ਭਗਵਾਨ ਸ਼ਿਵ ਦੇ ਨਟਰਾਜ ਰੂਪ ਦੀ ਕਰੀਬ 1500 ਸਾਲ ਪੁਰਾਣੀ ਵਿਸ਼ਾਲ ਮੂਰਤੀ ਮਿਲੀ ਹੈ। ਮੂਰਤੀ 9 ਮੀਟਰ ਲੰਬੀ ਅਤੇ 4 ਮੀਟਰ ਚੌੜੀ ਹੈ। ਇਸ ਦੇ ਆਕਾਰ ਕਾਰਨ ਇਸ ਨੂੰ ਖੰਭਾ ਸਮਝ ਕੇ ਜ਼ਮੀਨ 'ਚ ਛੱਡ ਦਿੱਤਾ ਗਿਆ ਸੀ ਪਰ ਹਾਲ ਹੀ 'ਚ ਇੰਟੈਕ ਦੇ ਰਾਜ ਕਨਵੀਨਰ ਮਦਨ ਮੋਹਨ ਉਪਾਧਿਆਏ ਨੇ ਰਹੱਸਮਈ ਖੰਭੇ ਦੇ ਨਟਰਾਜ ਦੀ ਸਭ ਤੋਂ ਵੱਡੀ ਮੂਰਤੀ ਹੋਣ ਦਾ ਖ਼ੁਲਾਸਾ ਕੀਤਾ ਹੈ। ਉਪਾਧਿਆਏ ਨੇ ਦੱਸਿਆ ਕਿ ਇਸ ਵਿਸ਼ਾਲ ਮੂਰਤੀ ਦਾ ਨਿਰਮਾਣ ਇਕ ਹੀ ਚੱਟਾਨ ਨਾਲ ਕੀਤਾ ਗਿਆ ਹੈ। ਮੂਰਤੀ ਆਕਾਰ 'ਚ ਇੰਨੀ ਵੱਡੀ ਹੈ ਕਿ ਇਸ ਨੂੰ ਇਕ ਫਰੇਮ 'ਚ ਕੈਦ ਕਰਨਾ ਸੌਖਾ ਨਹੀਂ ਸੀ, ਡਰੋਨ ਨਾਲ ਇਸ ਦਾ ਨਿਰੀਖਣ ਕਰਨ 'ਤੇ ਜਾਣਕਾਰੀ ਮਿਲੀ ਕਿ ਇਹ ਭਗਵਾਨ ਸ਼ਿਵ ਦੇ ਨਟਰਾਜ ਰੂਪ ਦੀ ਮੂਰਤੀ ਹੈ।
ਪਿਛਲੇ ਕੁਝ ਸਾਲਾਂ ਤੋਂ ਇੰਟੇਕ ਵਿਦਿਸ਼ਾ ਜ਼ਿਲ੍ਹੇ ਦੇ ਉਦੇਪੁਰ ਦੀ ਸਾਈਟ 'ਤੇ ਕੰਮ ਕਰ ਰਿਹਾ ਹੈ। ਨਟਰਾਜ ਦੀ ਮੂਰਤੀ ਪਰਮਾਰ ਕਾਲ ਤੋਂ ਪਹਿਲਾਂ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਮਦਨ ਮੋਹਨ ਉਪਾਧਿਆਏ ਨੇ ਦੱਸਿਆ ਕਿ ਉਦੇਪੁਰ ਖੇਤਰ ਨੀਲਕੰਠੇਸ਼ਵਰ ਮਹਾਦੇਵ ਮੰਦਰ ਲਈ ਜਾਣਿਆ ਜਾਂਦਾ ਹੈ, ਜੋ ਇਕ ਏ.ਐੱਸ.ਆਈ. ਸੁਰੱਖਿਅਤ ਸਮਾਰਕ ਹੈ। ਇਹ ਮੰਦਰ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ। ਸ਼ਿਲਾਲੇਖਾਂ 'ਚ ਭਗਵਾਨ ਸ਼ਿਵ ਦੇ ਨੀਲਕੰਠੇਸ਼ਵਰ ਮੰਦਰ ਸਮੇਤ ਇਸ ਸਥਾਨ ਦੇ ਨਿਰਮਾਣ ਦੀ ਕਥਾ ਲਿਖੀ ਗਈ ਹੈ, ਜੋ ਹੁਣ ਗਵਾਲੀਅਰ ਮਿਊਜ਼ੀਅਮ 'ਚ ਸੁਰੱਖਿਅਤ ਹੈ।