ਕੋਰੋਨਾ ਨੂੰ ਲੈ ਕੇ ਵੱਡੀ ਖ਼ਬਰ, BSF ਦੇ 15 ਜਵਾਨਾਂ ਦੀ ਰਿਪੋਰਟ ਆਈ ਪਾਜ਼ੇਟਿਵ

Wednesday, Jun 24, 2020 - 12:33 PM (IST)

ਕੋਰੋਨਾ ਨੂੰ ਲੈ ਕੇ ਵੱਡੀ ਖ਼ਬਰ, BSF ਦੇ 15 ਜਵਾਨਾਂ ਦੀ ਰਿਪੋਰਟ ਆਈ ਪਾਜ਼ੇਟਿਵ

ਰਾਏਪੁਰ— ਕੋਰੋਨਾ ਵਾਇਰਸ ਦਾ ਕਹਿਰ ਦੇਸ਼ 'ਚ ਲਗਾਤਾਰ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ। ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਕਾਂਕੇਰ ਜ਼ਿਲੇ ਵਿਚ ਬੁੱਧਵਾਰ ਭਾਵ ਅੱਜ ਸਰਹੱਦ ਸੁਰੱਖਿਆ ਫੋਰਸ (ਬੀ. ਐੱਸ. ਐੱਫ.) ਦੇ 15 ਜਵਾਨ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਕਾਂਕੇਰ ਜ਼ਿਲੇ ਦੇ ਮੁੱਖ ਸਿਹਤ ਅਤੇ ਮੈਡੀਕਲ ਅਧਿਕਾਰੀ ਡਾਕਟਰ ਜਗਜੀਵਨ ਰਾਮ ਉਈਕੇ ਨੇ ਬੁੱਧਵਾਰ ਨੂੰ ਦੱਸਿਆ ਕਿ ਕਾਂਕੇਰ ਜ਼ਿਲੇ ਵਿਚ ਬੀ. ਐੱਸ. ਐੱਫ. ਦੇ 15 ਜਵਾਨਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚੋਂ ਇਕ ਜਵਾਨ 'ਚ ਮੰਗਲਵਾਰ ਸ਼ਾਮ ਨੂੰ ਅਤੇ 14 ਜਵਾਨਾਂ ਵਿਚ ਦੇਰ ਰਾਤ ਵਾਇਰਸ ਦੀ ਪੁਸ਼ਟੀ ਹੋਈ। 

ਜਗਜੀਵਨ ਨੇ ਦੱਸਿਆ ਕਿ 10 ਜਵਾਨ ਜ਼ਿਲੇ ਦੇ ਬਾਂਦੇ ਵਿਚ ਅਤੇ ਬਾਕੀ ਜਵਾਨ ਅੰਤਾਗੜ੍ਹ ਦੇ ਕੁਆਰੰਟੀਨ ਸੈਂਟਰ ਵਿਚ ਸਨ। ਜਵਾਨਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਜਗਦਲਪੁਰ ਦੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਬੀ. ਐੱਸ. ਐੱਫ. ਦੇ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿਚ ਹੁਣ ਤੱਕ 26 ਜਵਾਨਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਨ੍ਹਾਂ 'ਚੋਂ 6 ਜਵਾਨਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦਿੱਤੀ ਜਾ ਚੁੱਕੀ ਹੈ। 

ਓਧਰ ਅਧਿਕਾਰੀਆਂ ਨੇ ਦੱਸਿਆ ਕਿ 15 ਜਵਾਨਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ, ਉਨ੍ਹਾਂ 'ਚੋਂ 7 ਜਵਾਨ 132ਵੀਂ ਬਟਾਲੀਅਨ ਦੇ, 5 ਜਵਾਨ 17ਵੀਂ ਬਟਾਲੀਅਨ ਦੇ, 2 ਜਵਾਨ 82ਵੀਂ ਬਟਾਲੀਅਨ ਦੇ ਅਤੇ ਇਕ ਜਵਾਨ 167ਵੀ ਬਟਾਲੀਅਨ ਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸਾਰੇ ਜਵਾਨ ਛੁੱਟੀ ਤੋਂ ਬਾਅਦ ਪੱਛਮੀ ਬੰਗਾਲ, ਓਡੀਸ਼ਾ ਅਤੇ ਬਿਹਾਰ ਸਮੇਤ ਵੱਖ-ਵੱਖ ਸੂਬਿਆਂ ਤੋਂ ਆਏ ਸਨ। ਜਵਾਨਾਂ ਦੇ ਪਰਤਣ ਮਗਰੋਂ ਉਨ੍ਹਾਂ ਨੂੰ ਕੁਆਰੰਟੀਨ ਸੈਂਟਰ ਵਿਚ ਰੱਖਿਆ ਗਿਆ ਸੀ। 
ਦੱਸ ਦੇਈਏ ਕਿ ਛੱਤੀਸਗੜ੍ਹ ਦੇ ਕਾਂਕੇਰ ਜ਼ਿਲੇ ਵਿਚ ਬੀ. ਐੱਸ. ਐੱਫ. ਜਵਾਨ ਨਕਸਲ ਵਿਰੋਧੀ ਮੁਹਿੰਮ ਵਿਚ ਸ਼ਾਮਲ ਹਨ। ਸੂਬੇ ਵਿਚ ਮੰਗਲਵਾਰ ਤੱਕ 2,385 ਲੋਕਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਵਾਇਰਸ ਨਾਲ 12 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤਰ੍ਹਾਂ ਸੂਬੇ ਵਿਚ 846 ਪੀੜਤ ਲੋਕਾਂ ਦਾ ਇਸ ਸਮੇਂ ਇਲਾਜ ਕੀਤਾ ਜਾ ਰਿਹਾ ਹੈ ਅਤੇ 1,527 ਲੋਕਾਂ ਨੂੰ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ।


author

Tanu

Content Editor

Related News