ਅਗਸਤ 2019 ਦੇ ਬਾਅਦ ਜੰਮੂ ਕਸ਼ਮੀਰ ''ਚ 21 ਹਿੰਦੂਆਂ ਸਮੇਤ 118 ਆਮ ਨਾਗਰਿਕ ਮਾਰੇ ਗਏ

07/20/2022 5:10:07 PM

ਨਵੀਂ ਦਿੱਲੀ (ਭਾਸ਼ਾ)- ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਪਿਛਲੇ ਕੁਝ ਸਾਲਾਂ 'ਚ ਜੰਮੂ-ਕਸ਼ਮੀਰ 'ਚ ਸੁਰੱਖਿਆ ਦੀ ਸਥਿਤੀ 'ਚ ਕਾਫ਼ੀ ਸੁਧਾਰ ਹੋਇਆ ਹੈ ਅਤੇ ਅੱਤਵਾਦੀ ਹਮਲਿਆਂ 'ਚ ਵੀ ਕਾਫੀ ਕਮੀ ਆਈ ਹੈ। ਹਾਲਾਂਕਿ 2019 ਵਿਚ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ 118 ਆਮ ਨਾਗਰਿਕ ਮਾਰੇ ਗਏ ਹਨ, ਜਿਨ੍ਹਾਂ 'ਚ ਪੰਜ ਕਸ਼ਮੀਰੀ ਪੰਡਤ ਅਤੇ 16 ਹੋਰ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਸਨ। ਰਾਜ ਸਭਾ 'ਚ ਇਕ ਸਵਾਲ ਦੇ ਲਿਖਤੀ ਜਵਾਬ 'ਚ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਇਹ ਵੀ ਕਿਹਾ ਕਿ ਜੰਮੂ-ਕਸ਼ਮੀਰ ਸਰਕਾਰ ਦੇ ਵੱਖ-ਵੱਖ ਵਿਭਾਗਾਂ 'ਚ 5502 ਕਸ਼ਮੀਰੀ ਪੰਡਿਤਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ ਅਗਸਤ 2019 ਤੋਂ ਬਾਅਦ ਘਾਟੀ ਤੋਂ ਕੋਈ ਵੀ ਕਸ਼ਮੀਰੀ ਪੰਡਿਤ ਦਾ ਪਲਾਇਨ ਨਹੀਂ ਹੋਇਆ ਹੈ। ਉਨ੍ਹਾਂ ਕਿਹਾ,''ਸਰਕਾਰ ਦੀ ਅੱਤਵਾਦ ਪ੍ਰਤੀ ਜ਼ੀਰੋ ਟਾਲਰੈਂਸ ਦੀ ਨੀਤੀ ਹੈ ਅਤੇ ਜੰਮੂ-ਕਸ਼ਮੀਰ 'ਚ ਸੁਰੱਖਿਆ ਸਥਿਤੀ 'ਚ ਕਾਫ਼ੀ ਸੁਧਾਰ ਹੋਇਆ ਹੈ। ਅੱਤਵਾਦੀ ਹਮਲਿਆਂ 'ਚ ਮਹੱਤਵਪੂਰਨ ਕਮੀ ਆਈ ਹੈ, ਜੋ ਕਿ 2018 'ਚ 417 ਤੋਂ ਘੱਟ ਹੋ ਕੇ ਸਾਲ 2021 'ਚ 229 ਹੋ ਗਈ ਹੈ।''

ਇਹ ਵੀ ਪੜ੍ਹੋ : ਰੇਲ ਗੱਡੀ 'ਚ ਸਫ਼ਰ ਕਰਨ ਵਾਲਿਆਂ ਨੂੰ ਹੁਣ ਚਾਹ 'ਤੇ ਨਹੀਂ ਦੇਣਾ ਪਵੇਗਾ ਸਰਵਿਸ ਚਾਰਜ ਪਰ...

ਰਾਏ ਨੇ ਕਿਹਾ ਕਿ 5 ਅਗਸਤ 2019 ਤੋਂ 9 ਜੁਲਾਈ, 2022 ਤੱਕ ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਵਲੋਂ ਸੁਰੱਖਿਆ ਫ਼ੋਰਸਾਂ ਦੇ 128 ਜਵਾਨ ਅਤੇ 118 ਨਾਗਰਿਕ ਮਾਰੇ ਗਏ ਹਨ। ਉਨ੍ਹਾਂ ਕਿਹਾ,“ਮਾਰੇ ਗਏ 118 ਨਾਗਰਿਕਾਂ 'ਚੋਂ 5 ਕਸ਼ਮੀਰੀ ਪੰਡਿਤ ਸਨ ਅਤੇ 16 ਹੋਰ ਹਿੰਦੂ ਅਤੇ ਸਿੱਖ ਭਾਈਚਾਰਿਆਂ ਨਾਲ ਸਬੰਧਤ ਸਨ। ਇਸ ਦੌਰਾਨ ਕਿਸੇ ਵੀ ਤੀਰਥ ਯਾਤਰੀ ਦੀ ਮੌਤ ਨਹੀਂ ਹੋਈ ਹੈ।'' ਇਹ ਪੁੱਛੇ ਜਾਣ 'ਤੇ ਕਿ ਅਗਸਤ 2019 ਤੋਂ ਬਾਅਦ ਦੇਸ਼ ਦੇ ਹੋਰ ਹਿੱਸਿਆਂ ਵਿਚ ਰਹਿੰਦੇ ਕਿੰਨੇ ਕਸ਼ਮੀਰੀ ਪੰਡਿਤਾਂ ਨੂੰ ਘਾਟੀ ਵਿਚ ਮੁੜ ਵਸਾਇਆ ਗਿਆ ਹੈ, ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਿਕਾਸ ਪੈਕੇਜ (ਪੀ.ਐੱਮ.ਡੀ.ਪੀ.) ਤਹਿਤ 5,502 ਕਸ਼ਮੀਰੀ ਪੰਡਤਾਂ ਨੂੰ ਘਾਟੀ 'ਚ ਜੰਮੂ-ਕਸ਼ਮੀਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ,"ਉਸ ਸਮੇਂ ਦੌਰਾਨ ਘਾਟੀ ਤੋਂ ਕਿਸੇ ਵੀ ਕਸ਼ਮੀਰੀ ਪੰਡਿਤ ਦੇ ਪਲਾਇਨ ਦੀ ਕੋਈ ਰਿਪੋਰਟ ਨਹੀਂ ਹੈ।''

ਇਹ ਵੀ ਪੜ੍ਹੋ : 97 ਸਾਲ ਦੀ ਬਜ਼ੁਰਗ ਬੀਬੀ ਦੀ ਸ਼ਰਧਾ, ਪੈਦਲ ਤੈਅ ਕੀਤੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ

ਇਕ ਹੋਰ ਸਵਾਲ ਦੇ ਜਵਾਬ 'ਚ ਰਾਏ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਜੰਮੂ-ਕਸ਼ਮੀਰ 'ਚ ਕਸ਼ਮੀਰੀ ਪੰਡਤਾਂ 'ਤੇ ਹਮਲੇ ਦੀਆਂ ਦੋ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਦੂਜਾ ਜ਼ਖਮੀ ਹੋਇਆ ਹੈ। ਕਸ਼ਮੀਰ ਘਾਟੀ ਵਿਚ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚੁੱਕੇ ਗਏ ਉਪਾਵਾਂ ਦਾ ਜ਼ਿਕਰ ਕਰਦੇ ਹੋਏ ਰਾਏ ਨੇ ਕਿਹਾ ਕਿ ਇਨ੍ਹਾਂ ਵਿਚ ਮਜ਼ਬੂਤ ​​ਸੁਰੱਖਿਆ ਅਤੇ ਖੁਫੀਆ ਗਰਿੱਡ, 24 ਘੰਟੇ ਖੇਤਰ ਦਾ ਦਬਦਬਾ, ਗਸ਼ਤ ਅਤੇ ਅੱਤਵਾਦੀਆਂ ਵਿਰੁੱਧ ਸਰਗਰਮ ਕਾਰਵਾਈਆਂ, 24 ਘੰਟੇ ਜਾਂਚ, ਕਿਸੇ ਵੀ ਅੱਤਵਾਦੀ ਹਮਲੇ ਨੂੰ ਨਾਕਾਮ ਕਰਨ ਲਈ ਰਣਨੀਤਕ ਪੁਲਸ ਸਟੇਸ਼ਨਾਂ 'ਤੇ ਸੜਕ ਸੁਰੱਖਿਆ ਜਾਂਚ ਦਲਾਂ ਦੀ ਤਾਇਨਾਤੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸਾਲ 2018 ਤੋਂ 30 ਜੂਨ 2022 ਤੱਕ ਜੰਮੂ-ਕਸ਼ਮੀਰ 'ਚ 108 ਨਾਗਰਿਕਾਂ 'ਤੇ ਹਮਲੇ ਹੋਏ। ਅਗਸਤ 2019 ਵਿਚ ਕੇਂਦਰ ਸਰਕਾਰ ਨੇ ਜੰਮੂ ਅਤੇ ਕਸ਼ਮੀਰ ਰਾਜ ਤੋਂ ਸੰਵਿਧਾਨ ਦੀ ਧਾਰਾ 370 ਨੂੰ ਹਟਾਉਣ ਅਤੇ ਰਾਜ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ- ਜੰਮੂ-ਕਸ਼ਮੀਰ ਅਤੇ ਲੱਦਾਖ ਵਿਚ ਵੰਡਣ ਦਾ ਐਲਾਨ ਕੀਤਾ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News