11 ਜੂਨ ਤੋਂ ਖੁੱਲ੍ਹੇਗਾ ਪ੍ਰਸਿੱਧ ਬਾਲਾਜੀ ਮੰਦਰ, ਹਰ ਦਿਨ ਇੰਨੇ ਭਗਤ ਕਰ ਸਕਣਗੇ ਦਰਸ਼ਨ

6/5/2020 6:00:32 PM

ਤਿਰੂਪਤੀ (ਆਂਧਰਾ ਪ੍ਰਦੇਸ਼)- ਤਿਰੂਮਲਾ ਕੋਲ ਭਗਵਾਨ ਵੈਂਕਟੇਸ਼ਵਰ ਦੇ ਪ੍ਰਸਿੱਧ ਪਹਾੜੀ ਮੰਦਰ ਨੂੰ 11 ਜੂਨ ਨੂੰ ਖੋਲ੍ਹ ਦਿੱਤਾ ਜਾਵੇਗਾ ਪਰ ਹਰ ਦਿਨ ਸੀਮਿਤ ਗਿਣਤੀ 'ਚ ਹੀ ਭਗਤ ਦਰਸ਼ਨ ਕਰ ਸਕਣਗੇ। ਤਾਲਾਬੰਦੀ ਕਾਰਨ ਮੰਦਰ ਨੂੰ ਬੰਦ ਕਰ ਦਿੱਤਾ ਗਿਆ ਸੀ। ਪ੍ਰਾਚੀਨ ਮੰਦਰ ਦਾ ਪ੍ਰਬੰਧਨ ਦੇਖਣ ਵਾਲੇ ਤਿਰੂਮਲਾ ਤਿਰੂਪਤੀ ਦੇਵਸਥਾਨਮ (ਟੀਟੀਡੀ) ਦੇ ਅਧਿਕਾਰੀਆਂ ਨੇ ਦੱਸਿਆ ਕਿ ਕੋਵਿਡ-19 ਦੇ ਮੱਦੇਨਜ਼ਰ ਸਿਰਫ਼ 6 ਹਜ਼ਾਰ ਸ਼ਰਧਾਲੂਆਂ ਨੂੰ ਹੀ ਮਨਜ਼ੂਰੀ ਦਿੱਤੀ ਜਾਵੇਗੀ। ਇਸ ਦੌਰਾਨ ਸ਼ਰਧਾਲੂ ਆਪਸ 'ਚ ਦੂਰੀ ਬਣਾਈ ਰੱਖਣਗੇ ਅਤੇ ਉਨ੍ਹਾਂ ਨੂੰ ਮਾਸਕ ਵੀ ਪਹਿਣਨਾ ਹੋਵੇਗਾ। ਆਮ ਦਿਨਾਂ 'ਚ ਇੱਥੇ 60 ਹਜ਼ਾਰ ਤੋਂ ਵਧ ਲੋਕ ਇਕ ਦਿਨ 'ਚ ਦਰਸ਼ਨ ਲਈ ਆਉਂਦੇ ਹਨ। ਇਸ ਵਿਚ ਮੰਦਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਤਾਲਾਬੰਦੀ 'ਚ ਹੁਣ ਤੱਕ 2 ਹਜ਼ਾਰ ਸਾਲ ਪੁਰਾਣੇ ਇਸ ਮੰਦਰ ਨੂੰ ਕਰੀਬ 500 ਕਰੋੜ ਰੁਪਏ ਦੇ ਮਾਲੀਆ ਦਾ ਨੁਕਸਾਨ ਹੋਇਆ ਹੈ।

ਟੀਟੀਡੀ ਦੇ ਪ੍ਰਧਾਨ ਵਾਈ.ਵੀ ਸੁੱਬਾ ਰੈੱਡੀ, ਕਾਰਜਕਾਰੀ ਅਧਿਕਾਰੀ ਅਨਿਲ ਕੁਮਾਰ ਸਿੰਘ ਅਤੇ ਕਾਰਜਕਾਰੀ ਅਧਿਕਾਰੀ ਏ.ਵੀ. ਧਰਮਾ ਰੈੱਡੀ ਨੇ ਤਿਰੂਮਲਾ 'ਚ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਲਈ ਮੰਦਰ 20 ਮਾਰਚ ਤੋਂ ਹੀ ਬੰਦ ਹੈ ਅਤੇ 11 ਜੂਨ ਤੋਂ ਪਾਬੰਦੀ ਖਤਮ ਹੋ ਰਹੀ ਹੈ। ਹਰ ਦਿਨ ਸਵੇਰ ਤੋਂ 13 ਘੰਟਿਆਂ ਲਈ ਹਰ ਘੰਟੇ ਸਿਰਫ਼ 500 ਤੋਂ ਘੱਟ ਲੋਕਾਂ ਨੂੰ ਹੀ ਜਾਣ ਦੀ ਮਨਜ਼ੂਰੀ ਹੋਵੇਗੀ। ਸ਼ਰਧਾਲੂਆਂ ਨੂੰ ਸੰਭਾਲਣ ਦੇ ਕੰਮ 'ਚ ਜੁਟੇ ਟੀਟੀਡੀ ਦੇ ਸਾਰੇ ਕਰਮਚਾਰੀ ਪੀਪੀਈ ਕਿਟ ਪਹਿਨ ਕੇ ਰੱਖਣਗੇ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਟੀਟੀਡੀ ਦੇਖੇਗਾ ਕਿ ਉਹ ਕਿੱਥੋਂ ਆਏ ਹਨ। ਇਸ ਤੋਂ ਇਲਾਵਾ ਕੋਵਿਡ-19 ਦੀ ਜਾਂਚ ਵੀ ਹੋਵੇਗੀ। ਬੁਖਾਰ ਦੇ ਲੱਛਣ ਪਾਏ ਜਾਣ 'ਤੇ ਉਨ੍ਹਾਂ ਨੂੰ ਕੁਆਰੰਟੀਨ ਲਈ ਭੇਜ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਰ ਦਿਨ ਦਰਸ਼ਨ ਲਈ ਕੁੱਲ 3 ਹਜ਼ਾਰ ਵਿਸ਼ੇਸ਼ ਟਿਕਟ ਆਨਲਾਈਨ ਤਰੀਕੇ ਨਾਲ ਉਪਲੱਬਧ ਹੋਣਗੇ। ਇਕ ਟਿਕਟ ਦੀ ਕੀਮਤ 300 ਰੁਪਏ ਹੋਵੇਗੀ। ਦਰਸ਼ਨ ਲਈ ਬਾਕੀ 3 ਹਜ਼ਾਰ ਕੋਟਾ ਇਸ ਤੋਂ ਵੱਖ ਹੋਵੇਗਾ ਅਤੇ ਸ਼ਰਧਾਲੂ ਉਪਲੱਬਧ ਸਮੇਂ ਲਈ ਰਜਿਸਟਰੇਸ਼ਨ ਕਰਵਾ ਸਕਣਗੇ। ਦਰਸ਼ਨ ਲਈ ਆਨਲਾਈਨ ਟਿਕਟ ਦੀ ਵਿਕਰੀ 8 ਜੂਨ ਤੋਂ ਸ਼ੁਰੂ ਹੋਵੇਗੀ।


DIsha

Content Editor DIsha