ਅਯੁੱਧਿਆ ਦੀ ਯਾਤਰਾ 'ਤੇ ਜਾਣਾ ਚਾਹੁੰਦੇ ਸਨ 106 ਯਾਤਰੀ, ਜਾਅਲੀ ਟਿਕਟਾਂ ਕਾਰਨ ਏਅਰਪੋਰਟ 'ਤੇ ਮਚੀ ਹਫੜਾ-ਦਫੜੀ

Saturday, Jul 13, 2024 - 11:45 AM (IST)

ਮਦੁਰੈ- ਚੇਨਈ ਦੇ ਮਦੁਰੈ ਹਵਾਈ ਅੱਡੇ 'ਤੇ ਸ਼ੁੱਕਰਵਾਰ ਨੂੰ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ 100 ਤੋਂ ਵੱਧ ਯਾਤਰੀਆਂ ਨੂੰ ਫਲਾਈਟ 'ਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ। ਦਰਅਸਲ ਯਾਤਰੀਆਂ ਕੋਲ ਜੋ ਟਿਕਟਾਂ ਸਨ, ਉਹ ਸਾਰੀਆਂ ਜਾਅਲੀ ਸਨ। ਜਾਅਲੀ ਟਿਕਟ ਬਾਰੇ ਸੁਣ ਕੇ ਯਾਤਰੀ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਟਿਕਟ ਦੇ ਨਾਂ 'ਤੇ ਉਨ੍ਹਾਂ ਨਾਲ ਠੱਗੀ ਹੋਈ ਹੈ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 106 ਲੋਕ ਅਯੁੱਧਿਆ ਜਾਣ ਲਈ ਮਦੁਰੈ ਹਵਾਈ ਅੱਡੇ 'ਤੇ ਪਹੁੰਚੇ। ਏਅਰਪੋਰਟ 'ਤੇ ਜਦੋਂ ਸਾਰਿਆਂ ਨੇ ਚੈੱਕ ਇਨ ਕੀਤਾ ਤਾਂ ਉਨ੍ਹਾਂ ਦੀਆਂ ਟਿਕਟਾਂ ਚੈੱਕ ਕੀਤੀਆਂ ਗਈਆਂ ਤਾਂ ਉਨ੍ਹਾਂ ਸਾਰਿਆਂ ਨੂੰ ਏਅਰਪੋਰਟ ਦੇ ਗੇਟ 'ਤੇ ਹੀ ਰੋਕ ਲਿਆ ਗਿਆ। ਉਨ੍ਹਾਂ ਯਾਤਰੀਆਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਟਿਕਟ ਜਾਅਲੀ ਹੈ। ਇਸ ਕਾਰਨ ਸਾਰੇ ਯਾਤਰੀ ਬਹੁਤ ਪਰੇਸ਼ਾਨ ਹੋ ਗਏ।

ਇਸ ਧੋਖਾਧੜੀ ਦੇ ਮਾਮਲੇ 'ਤੇ ਇਕ ਯਾਤਰੀ ਨੇ ਦੱਸਿਆ ਕਿ ਡਿੰਡੀਗੁਲ ਜ਼ਿਲ੍ਹੇ ਦੇ ਪਲਾਨੀ ਤੋਂ 15 ਤੋਂ ਵਧੇਰੇ ਲੋਕਾਂ ਅਤੇ ਸਲੇਮ ਜ਼ਿਲ੍ਹੇ ਦੇ 81 ਲੋਕਾਂ ਨੇ ਰਾਜਾ ਨਾਮ ਦੇ ਵਿਅਕਤੀ ਤੋਂ ਅਯੁੱਧਿਆ ਜਾਣ ਲਈ ਟਿਕਟਾਂ ਬੁੱਕ ਕਰਵਾਈਆਂ ਸਨ। ਰਾਜਾ ਨੇ ਉਸੇ ਸ਼ਹਿਰ ਦੇ ਸ਼ਿਵਾਨੰਦਮ ਨਾਂ ਦੇ ਬੁਕਿੰਗ ਏਜੰਟ ਰਾਹੀਂ ਟਿਕਟਾਂ ਬੁੱਕ ਕਰਵਾਈਆਂ ਸਨ। ਉਸੇ 'ਤੇ ਭਰੋਸਾ ਕਰਦੇ ਹੋਏ 106 ਲੋਕ ਇੰਡੀਗੋ ਦੀ ਫਲਾਈਟ ਰਾਹੀਂ ਮਦੁਰੈ ਤੋਂ ਅਯੁੱਧਿਆ ਜਾਣ ਲਈ ਮਦੁਰੈ ਹਵਾਈ ਅੱਡੇ 'ਤੇ ਪਹੁੰਚੇ। ਸੂਤਰਾਂ ਨੇ ਕਿਹਾ ਕਿ ਟਿਕਟਾਂ ਜਾਅਲੀ ਪਾਈਆਂ ਗਈਆਂ ਅਤੇ ਇਸ ਲਈ ਉਹ ਯਾਤਰਾ ਕਰਨ ਦੇ ਯੋਗ ਨਹੀਂ ਸਨ। 106 ਯਾਤਰੀਆਂ ਵਿਚੋਂ 12 ਡਿੰਡੀਗੁਲ ਅਤੇ ਬਾਕੀ ਸਲੇਮ ਤੋਂ ਸਨ। ਸੂਤਰਾਂ ਮੁਤਾਬਕ ਇਨ੍ਹਾਂ ਸਾਰਿਆਂ ਨੂੰ ਇਕ ਬੱਸ ਵਿਚ ਏਅਰਪੋਰਟ ਲਿਆਂਦਾ ਗਿਆ।

ਓਧਰ ਪੁਲਸ ਸੂਤਰਾਂ ਨੇ ਦੱਸਿਆ ਕਿ ਅਯੁੱਧਿਆ ਮੰਦਰ ਦੇ ਦਰਸ਼ਨਾਂ ਲਈ ਸਲੇਮ 'ਚ ਇਕ ਟਰੈਵਲ ਏਜੰਟ ਰਾਹੀਂ ਇੰਡੀਗੋ ਦੀ ਫਲਾਈਟ 'ਚ ਟਿਕਟਾਂ ਬੁੱਕ ਕਰਵਾਉਣ ਵਾਲੇ ਸਾਰੇ 106 ਯਾਤਰੀਆਂ ਨੂੰ ਏਅਰਪੋਰਟ ਦੇ ਗੇਟ 'ਤੇ ਰੋਕ ਲਿਆ ਗਿਆ। ਉਨ੍ਹਾਂ ਨੇ ਮਦੁਰੈ ਤੋਂ ਆਪਣੀ ਯਾਤਰਾ ਸ਼ੁਰੂ ਕਰਨੀ ਸੀ ਅਤੇ ਦਿੱਲੀ ਅਤੇ ਵਾਰਾਣਸੀ ਰਾਹੀਂ ਅਯੁੱਧਿਆ ਜਾਣਾ ਸੀ। ਟਰੈਵਲ ਏਜੰਟ ਨੇ ਯਾਤਰਾ, ਰਿਹਾਇਸ਼ ਅਤੇ ਹੋਰ ਖਰਚਿਆਂ ਲਈ ਇਕ ਵਿਅਕਤੀ ਤੋਂ 30,000 ਰੁਪਏ ਇਕੱਠੇ ਕੀਤੇ ਸਨ। ਪੁਲਸ ਸੂਤਰਾਂ ਨੇ ਦੱਸਿਆ ਕਿ ਜਾਅਲੀ ਟਿਕਟਾਂ ਦੀ ਖਬਰ ਤੋਂ ਹੈਰਾਨ ਹੋਏ ਯਾਤਰੀਆਂ ਨੇ ਟਰੈਵਲ ਏਜੰਟ ਨੂੰ ਇਸ ਮਾਮਲੇ 'ਤੇ ਸਵਾਲ ਪੁੱਛੇ। ਟਰੈਵਲ ਏਜੰਟ ਨੇ ਦੱਸਿਆ ਕਿ ਟਿਕਟਾਂ ਦੀ ਬੁਕਿੰਗ ਕਰਦੇ ਸਮੇਂ ਕੁਝ ਗਲਤ ਹੋ ਗਿਆ ਹੈ ਅਤੇ 18 ਤਾਰੀਖ਼ ਨੂੰ ਮੁੜ ਟਿਕਟਾਂ ਬੁੱਕ ਕੀਤੀਆਂ ਜਾਣਗੀਆਂ।


Tanu

Content Editor

Related News