42 ਸਾਲਾਂ ਬਾਅਦ ਮਿਲਿਆ ਇਨਸਾਫ਼: 1982 ਦੇ ਕਤਲ ਕੇਸ ''ਚ 100 ਸਾਲਾ ਬਜ਼ੁਰਗ ਬਰੀ

Thursday, Feb 05, 2026 - 12:22 AM (IST)

42 ਸਾਲਾਂ ਬਾਅਦ ਮਿਲਿਆ ਇਨਸਾਫ਼: 1982 ਦੇ ਕਤਲ ਕੇਸ ''ਚ 100 ਸਾਲਾ ਬਜ਼ੁਰਗ ਬਰੀ

ਪ੍ਰਯਾਗਰਾਜ : ਇਲਾਹਾਬਾਦ ਹਾਈ ਕੋਰਟ ਨੇ ਇਨਸਾਫ਼ ਦੀ ਇੱਕ ਮਿਸਾਲ ਪੇਸ਼ ਕਰਦਿਆਂ ਕਤਲ ਦੇ ਇੱਕ ਮਾਮਲੇ ਵਿੱਚ 42 ਸਾਲਾਂ ਬਾਅਦ ਕਰੀਬ 100 ਸਾਲ ਦੀ ਉਮਰ ਦੇ ਇੱਕ ਬਜ਼ੁਰਗ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਅਪੀਲ ਦਾ ਲੰਬੇ ਸਮੇਂ ਤੱਕ ਪੈਂਡਿੰਗ ਰਹਿਣਾ ਅਤੇ ਮੁਲਜ਼ਮ ਦੀ ਵਡੇਰੀ ਉਮਰ ਰਾਹਤ ਦੇਣ ਲਈ ਅਹਿਮ ਪਹਿਲੂ ਹਨ।

ਕੀ ਸੀ ਪੂਰਾ ਮਾਮਲਾ? 
ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦਾ ਹੈ, ਜਿੱਥੇ 9 ਅਗਸਤ 1982 ਨੂੰ ਪੁਰਾਣੀ ਦੁਸ਼ਮਣੀ ਕਾਰਨ ਗੁਨੁਵਾ ਨਾਮਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਸੀ। ਇਲਜ਼ਾਮ ਸੀ ਕਿ ਮੁੱਖ ਮੁਲਜ਼ਮ ਮੈਕੂ ਨੇ ਧਨੀ ਰਾਮ ਅਤੇ ਸੱਤੀ ਦੀਨ ਦੇ ਉਕਸਾਉਣ 'ਤੇ ਗੁਨੁਵਾ ਨੂੰ ਗੋਲੀ ਮਾਰ ਦਿੱਤੀ ਸੀ। ਹਮੀਰਪੁਰ ਦੀ ਸੈਸ਼ਨ ਅਦਾਲਤ ਨੇ 1984 ਵਿੱਚ ਧਨੀ ਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ, ਜਿਸ ਤੋਂ ਬਾਅਦ ਉਸ ਨੇ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਸੀ।

ਅਦਾਲਤ ਦੀਆਂ ਅਹਿਮ ਟਿੱਪਣੀਆਂ 
ਜਸਟਿਸ ਚੰਦਰਧਾਰੀ ਸਿੰਘ ਅਤੇ ਜਸਟਿਸ ਸੰਜੀਵ ਕੁਮਾਰ ਦੀ ਬੈਂਚ ਨੇ ਧਨੀ ਰਾਮ ਦੀ ਅਪੀਲ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਪਿਛਲੇ ਕਈ ਦਹਾਕਿਆਂ ਦੌਰਾਨ ਮੁਲਜ਼ਮ ਨੇ ਜੋ ਚਿੰਤਾ ਅਤੇ ਮਾਨਸਿਕ ਪੀੜਾ ਝੱਲੀ ਹੈ, ਉਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਪਾਇਆ ਕਿ ਪ੍ਰੌਸੀਕਿਊਸ਼ਨ (ਇਸਤਗਾਸਾ ਪੱਖ) ਦੋਸ਼ਾਂ ਨੂੰ ਸਾਬਤ ਕਰਨ ਵਿੱਚ ਨਾਕਾਮ ਰਿਹਾ ਹੈ।

42 ਸਾਲਾਂ ਦਾ ਕਾਨੂੰਨੀ ਸਫ਼ਰ
• 1982: ਹਮੀਰਪੁਰ ਵਿੱਚ ਕਤਲ ਦੀ ਘਟਨਾ ਵਾਪਰੀ।
• 1984: ਸੈਸ਼ਨ ਕੋਰਟ ਵੱਲੋਂ ਧਨੀ ਰਾਮ ਨੂੰ ਉਮਰ ਕੈਦ ਦੀ ਸਜ਼ਾ, ਪਰ ਬਾਅਦ ਵਿੱਚ ਜ਼ਮਾਨਤ ਮਿਲ ਗਈ।
• ਸਹਿ-ਮੁਲਜ਼ਮਾਂ ਦਾ ਹਾਲ: ਮੁੱਖ ਮੁਲਜ਼ਮ ਮੈਕੂ ਕਦੇ ਫੜਿਆ ਨਹੀਂ ਗਿਆ, ਜਦੋਂ ਕਿ ਦੂਜੇ ਮੁਲਜ਼ਮ ਸੱਤੀ ਦੀਨ ਦੀ ਮੌਤ ਅਪੀਲ ਦੌਰਾਨ ਹੀ ਹੋ ਗਈ ਸੀ।
• 2026: 100 ਸਾਲ ਦੀ ਉਮਰ ਵਿੱਚ ਧਨੀ ਰਾਮ ਨੂੰ ਅਦਾਲਤ ਨੇ ਬੇਗੁਨਾਹ ਕਰਾਰ ਦਿੱਤਾ।

ਅਦਾਲਤ ਨੇ ਸਪੱਸ਼ਟ ਕੀਤਾ ਕਿ ਕਿਉਂਕਿ ਧਨੀ ਰਾਮ ਪਹਿਲਾਂ ਹੀ ਜ਼ਮਾਨਤ 'ਤੇ ਸੀ, ਇਸ ਲਈ ਹੁਣ ਉਸ ਦੀ ਜ਼ਮਾਨਤ ਰੱਦ ਮੰਨੀ ਜਾਵੇਗੀ ਅਤੇ ਉਹ ਪੂਰੀ ਤਰ੍ਹਾਂ ਆਜ਼ਾਦ ਹੈ।


author

Inder Prajapati

Content Editor

Related News