''Pixxel'' ਨੇ ਫੰਡਿੰਗ ਦੌਰ ''ਚ 100 ਮਿਲੀਅਨ ਡਾਲਰ ਜੁਟਾਏ, ਭਾਰਤੀ ਸਪੇਸ ਟੈਕਨਾਲੋਜੀ ਦੇ ਇਤਿਹਾਸ ''ਚ ਵੱਡਾ ਨਿਵੇਸ਼
Monday, Sep 07, 2026 - 05:13 PM (IST)
ਇੰਟਰਨੈਸ਼ਨਲ ਡੈਸਕ : ਭਾਰਤੀ ਸਪੇਸ ਟੈਕਨਾਲੋਜੀ ਸਟਾਰਟਅੱਪ 'ਪਿਕਸਲ' ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਆਪਣੀ 'ਸੀਰੀਜ਼ ਸੀ' ਫੰਡਿੰਗ ਦੌਰ ਦੌਰਾਨ 100 ਮਿਲੀਅਨ ਡਾਲਰ (ਲਗਭਗ ₹830 ਕਰੋੜ) ਜੁਟਾਏ ਹਨ। ਇਹ ਭਾਰਤ ਵਿੱਚ ਕਿਸੇ ਵੀ ਸਪੇਸ ਟੈਕਨਾਲੋਜੀ ਕੰਪਨੀ ਦੁਆਰਾ ਹੁਣ ਤੱਕ ਦਾ ਸਭ ਤੋਂ ਵੱਡਾ ਸਿੰਗਲ-ਰਾਊਂਡ ਫੰਡਿੰਗ ਸੌਦਾ ਹੈ। ਇਸ ਨਵੇਂ ਨਿਵੇਸ਼ ਦੀ ਅਗਵਾਈ ਸਿੰਗਾਪੁਰ ਦੀ ਸਰਕਾਰੀ ਨਿਵੇਸ਼ਕ ਕੰਪਨੀ ਟੇਮਾਸੇਕ ਅਤੇ ਬ੍ਰਿਟਿਸ਼ ਸਪੇਸ-ਟੈਕਨਾਲੋਜੀ ਉੱਦਮ ਫਰਮ ਸੇਰਾਫਿਮ ਨੇ ਸਾਂਝੇ ਤੌਰ 'ਤੇ ਕੀਤੀ ਹੈ ।
ਗੂਗਲ ਦੀ ਸਪੋਰਟ ਪ੍ਰਾਪਤ ਪਿਕਸਲ ਦੇ ਇਸ ਨਵੀਨਤਮ ਫੰਡਿੰਗ ਦੌਰ ਵਿੱਚ ਕਈ ਮੌਜੂਦਾ ਨਿਵੇਸ਼ਕਾਂ ਜਿਵੇਂ ਕਿ ਰੈਡੀਕਲ ਵੈਂਚਰਸ ਅਤੇ ਗ੍ਰੋਐਕਸ ਵੈਂਚਰਸ ਨੇ ਹਿੱਸਾ ਲਿਆ, ਜਦਕਿ ਨਵੇਂ ਨਿਵੇਸ਼ਕਾਂ ਵਜੋਂ '360 ਵਨ ਐਸੇਟ' ਅਤੇ ਆਈਐਮਐਮ ਇਨਵੈਸਟਮੈਂਟ ਸ਼ਾਮਲ ਹੋਏ ਹਨ। ਇਸ ਨਵੇਂ ਦੌਰ ਤੋਂ ਬਾਅਦ ਪਿਕਸਲ ਦੀ ਕੁੱਲ ਫੰਡਿੰਗ ਵੱਧ ਕੇ 195 ਮਿਲੀਅਨ ਡਾਲਰ ਤੱਕ ਪਹੁੰਚ ਗਈ ਹੈ । ਭਾਰਤ ਸਰਕਾਰ ਵੱਲੋਂ ਸਪੇਸ ਸੈਕਟਰ ਨੂੰ ਨਿੱਜੀ ਕੰਪਨੀਆਂ ਲਈ ਖੋਲ੍ਹੇ ਜਾਣ ਤੋਂ ਬਾਅਦ ਪਿਕਸਲ ਉਹਨਾਂ ਮੋਹਰੀ ਸਟਾਰਟਅੱਪਸ ਵਿੱਚੋਂ ਇੱਕ ਵਜੋਂ ਉੱਭਰਿਆ ਹੈ। ਅਵੈਸ ਅਹਿਮਦ ਦੁਆਰਾ ਸਥਾਪਿਤ ਪਿਕਸਲ ਨੇ ਸ਼ੁਰੂਆਤ ਵਿੱਚ ਹਾਈਪਰਸਪੈਕਟਰਲ ਸੈਟੇਲਾਈਟਸ 'ਤੇ ਕੰਮ ਸ਼ੁਰੂ ਕੀਤਾ ਸੀ, ਜੋ ਕਿ ਧਰਤੀ ਦੀ ਸਤਹ ਦੀ ਉਹਨਾਂ ਬਾਰੀਕ ਜਾਣਕਾਰੀਆਂ ਨੂੰ ਉਜਾਗਰ ਕਰਨ ਦੇ ਸਮਰੱਥ ਹਨ ਜੋ ਰਵਾਇਤੀ ਤਸਵੀਰਾਂ ਰਾਹੀਂ ਵੇਖਣਾ ਅਸੰਭਵ ਹੁੰਦਾ ਹੈ ।
ਕੰਪਨੀ ਨੇ ਹੁਣ ਆਪਣੇ ਕਾਰਜ-ਖੇਤਰ ਦਾ ਵਿਸਥਾਰ ਕਰਦਿਆਂ ਇਸ ਵਿੱਚ ਧਰਤੀ ਦੀ ਖੁਫੀਆ ਜਾਣਕਾਰੀ ਪ੍ਰਦਾਨ ਕਰਨ ਵਾਲਾ ਆਪਣਾ ਸਾਫਟਵੇਅਰ 'ਅਰੋੜਾ' ਅਤੇ ਵਪਾਰਕ ਤੇ ਸਰਕਾਰੀ ਸਪੇਸ ਮਿਸ਼ਨਾਂ ਲਈ ਸੈਟੇਲਾਈਟ ਸਿਸਟਮ ਸ਼ਾਮਲ ਕੀਤੇ ਹਨ । ਇਹ ਸਾਰੇ ਸਿਸਟਮ ਮਿਲ ਕੇ ਪਿਕਸਲ ਦੇ 'ਪਲੈਨੇਟਰੀ ਇਨਫਰਾਸਟਰਕਚਰ ਵਿਜ਼ਨ' ਨੂੰ ਪੂਰਾ ਕਰਦੇ ਹਨ, ਜਿਸ ਨਾਲ ਸੈਂਸਰਾਂ, ਸਾਫਟਵੇਅਰ ਅਤੇ ਸਪੇਸ ਸਿਸਟਮਾਂ ਨੂੰ ਆਪਸ ਵਿੱਚ ਜੋੜ ਕੇ ਸਰਕਾਰਾਂ, ਉਦਯੋਗਾਂ ਅਤੇ ਸੰਸਥਾਵਾਂ ਨੂੰ ਧਰਤੀ ਦੀ ਨਿਗਰਾਨੀ ਰਾਹੀਂ ਪ੍ਰਾਪਤ ਡੇਟਾ ਨੂੰ ਅਸਲ ਫੈਸਲਿਆਂ ਵਿੱਚ ਬਦਲਣ ਵਿੱਚ ਮਦਦ ਮਿਲਦੀ ਹੈ। ਇਸ ਨਵੇਂ ਫੰਡ ਦੀ ਵਰਤੋਂ ਪਿਕਸਲ ਆਪਣੇ 'ਹਨੀਬੀ' ਸੈਟੇਲਾਈਟ ਤਾਰਾਮੰਡਲ ਅਤੇ ਉੱਚ-ਰੈਜ਼ੋਲਿਊਸ਼ਨ ਵਾਲੇ ਆਪਟੀਕਲ ਇਮੇਜਿੰਗ ਸੈਟੇਲਾਈਟਾਂ ਰਾਹੀਂ ਆਪਣੀ ਸੈਂਸਿੰਗ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ ਲਈ ਕਰੇਗੀ । ਇਸ ਦੇ ਨਾਲ ਹੀ 'ਅਰੋੜਾ' ਪਲੇਟਫਾਰਮ ਨੂੰ ਹੋਰ ਵਿਕਸਿਤ ਕੀਤਾ ਜਾਵੇਗਾ ਤਾਂ ਜੋ ਵੱਖ-ਵੱਖ ਡੇਟਾਸੈਟਾਂ ਨੂੰ ਇੱਕ ਥਾਂ ਮਿਲਾ ਕੇ ਫੈਸਲੇ ਲੈਣ ਯੋਗ ਸੂਝ ਪ੍ਰਦਾਨ ਕੀਤੀ ਜਾ ਸਕੇ ।
