ਪੈਦਲ ਘਰ ਨਾ ਜਾਣ ਪ੍ਰਵਾਸੀ, ਰੇਲਵੇ ਹੁਣ ਰੋਜ ਚਲਾਵੇਗਾ 100 'ਮਜ਼ਦੂਰ ਸਪੈਸ਼ਲ ਟਰੇਨ' : ਕੇਂਦਰ

05/12/2020 12:05:16 AM

ਨਵੀਂ ਦਿੱਲੀ-  ਕੇਂਦਰ ਨੇ ਸੋਮਵਾਰ ਨੂੰ ਕਿਹਾ ਕਿ ਰੇਲਵੇ ਪ੍ਰਵਾਸੀ ਮਜ਼ਦੂਰਾਂ ਨੂੰ ਤੇਜ਼ੀ ਨਾਲ ਉਨ੍ਹਾਂ ਦੇ ਗ੍ਰਹਿ ਰਾਜ ਪਹੁੰਚਾਉਣ ਵਾਸਤੇ ਹੁਣ ਰੋਜ਼ਾਨਾ 100 ਮਜ਼ਦੂਰ ਵਿਸ਼ੇਸ਼ ਰੇਲ ਗੱਡੀਆਂ ਚਲਾਏਗਾ। ਕੇਂਦਰੀ ਗ੍ਰਹਿ ਮੰਤਰਾਲਾ ਅਤੇ ਰੇਲ ਮੰਤਰਾਲਾ ਨੇ ਮਜ਼ਦੂਰ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਪ੍ਰਵਾਸੀ ਮਜ਼ਦੂਰਾਂ ਨੂੰ ਲਿਜਾਣ ਦੇ ਮੁੱਦੇ 'ਤੇ ਐਤਵਾਰ ਸਵੇਰੇ ਇਕ ਵੀਡੀਓ ਕਾਨਫਰੰਸ ਵਿਚ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨੋਡਲ ਅਧਿਕਾਰੀਆਂ ਨਾਲ ਗੱਲਬਾਤ ਵਿਚ ਕਿਹਾ ਕਿ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਭਰੋਸਾ ਦਿੱਤਾ ਜਾਣਾ ਚਾਹੀਦਾ ਹੈ ਕਿ ਘਰ ਜਾਣ ਦੇ ਇਛੁੱਕ ਸਾਰੇ ਲੋਕਾਂ ਦੀ ਯਾਤਰਾ ਲਈ ਭਰਪੂਰ ਗਿਣਤੀ ਵਿਚ ਰੇਲ ਗੱਡੀਆਂ ਚਲਾਈਆਂ ਜਾਣਗੀਆਂ। ਇਸ ਤੋਂ ਪਹਿਲਾਂ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਲਿਖੇ ਪੱਤਰ ਵਿਚ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਲਿਜਾਉਣ ਲਈ ਬੱਸਾਂ ਅਤੇ ਮਜ਼ਦੂਰ ਵਿਸ਼ੇਸ਼ ਟ੍ਰੇਨਾਂ ਸ਼ੁਰੂ ਹੋ ਗਈਆਂ ਹਨ। ਇਸ ਲਈ ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਇਹ ਯਕੀਨੀ ਕਰਨ ਕਿ ਪ੍ਰਵਾਸੀ ਮਜ਼ਦੂਰ ਸੜਕਾਂ ਅਤੇ ਰੇਲਵੇ ਦੀਆਂ ਪੱਟੜੀਆਂ 'ਤੇ ਪੈਦਲ ਚੱਲ ਕੇ ਵਾਪਸ ਪਰਤਣ ਦੀ ਕੋਸ਼ਿਸ਼ ਨਾ ਕਰਨ।


Gurdeep Singh

Content Editor

Related News