ਭਾਰਤ ਦਾ ਇਕ ਅਜਿਹਾ ਪਿੰਡ, ਜਿੱਥੇ 100 ਫ਼ੀਸਦੀ ਲੋਕ ਸਿੱਖ ਰਹੇ ਹਨ ਹਿੰਦੀ ਭਾਸ਼ਾ
Sunday, Oct 30, 2022 - 05:30 PM (IST)
ਕੋਝੀਕੋਡ- ਕੇਰਲ ਦੇ ਕੋਝੀਕੋੜ ਜ਼ਿਲ੍ਹੇ ’ਚ ਚੇਲਾਨੂੰਰ ਨਾਂ ਦੇ ਇਕ ਪਿੰਡ ਦੇ ਅਗਲੇ ਸਾਲ ਗਣਤੰਤਰ ਦਿਵਸ ਤੱਕ 100 ਫ਼ੀਸਦੀ ਹਿੰਦੀ ਭਾਸ਼ਾ ਹਾਸਲ ਕਰਨ ਦੀ ਉਮੀਦ ਹੈ। ਇਹ ਅਜਿਹੇ ਸਮੇਂ ’ਚ ਹੋ ਰਿਹਾ ਹੈ , ਜਦੋਂ ਕੇਰਲ ਅਤੇ ਤਾਮਿਲਨਾਡੂ ਵਰਗੇ ਸੂਬੇ ਕੇਂਦਰ ਸਰਕਾਰ ’ਤੇ ਹਿੰਦੀ ਥੋਪੇ ਜਾਣ ਦਾ ਦੋਸ਼ ਲਾਉਂਦੇ ਹੋਏ ਉਸ ਦਾ ਵਿਰੋਧ ਕਰ ਰਹੇ ਹਨ। ਚੇਲਾਨੂੰਰ ਨੇ ਪਿਛਲੇ ਸਾਲ ਹੀ ਹਿੰਦੀ ਸਾਖਰਤਾ ਦਾ ਪ੍ਰਾਜੈਕਟ ਲਾਂਚ ਕੀਤਾ ਸੀ। ਇਸ ਲਈ 20 ਤੋਂ 70 ਸਾਲ ਦੀ ਉਮਰ ਦੇ ਲੋਕਾਂ ਨੂੰ ਹਿੰਦੀ ਭਾਸ਼ਾ ਸਿਖਾਉਣ ਦਾ ਟੀਚਾ ਰੱਖਿਆ ਗਿਆ ਸੀ ਪਰ ਹਿੰਦੀ ਸਿੱਖਣ ਦਾ ਜਨੂੰਨ ਉੱਥੇ ਇੰਨਾ ਸੀ ਕਿ 70 ਤੋਂ ਪਾਰ ਦੇ ਲੋਕ ਵੀ ਹਿੰਦੀ ਭਾਸ਼ਾ ਦੀਆਂ ਜਮਾਤਾਂ ਲਾਉਣ ਲਈ ਪਹੁੰਚ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਹਰ ਹਾਲ ’ਚ ਹਿੰਦੀ ਸਿੱਖਣੀ ਹੈ।
ਕੇਰਲ ਦੇ ਚੇਲਾਨੂੰਰ ਨਾਂ ਦੇ ਇਸ ਪਿੰਡ ’ਚ ਪ੍ਰਵਾਸੀ ਮਜ਼ਦੂਰਾਂ ਦੀ ਬਹੁਤ ਵੱਡੀ ਗਿਣਤੀ ਹੈ। ਉਨ੍ਹਾਂ ਨਾਲ ਬਿਹਤਰ ਸੰਵਾਦ ਹੋ ਸਕੇ, ਇਸ ਲਈ ਪਿਛਲੇ ਸਾਲ ਹਿੰਦੀ ਸਾਖਰਤਾ ਮੁਹਿੰਮ ਸ਼ੁਰੂ ਕੀਤੀ ਗਈ। ਟੀਚਾ ਰੱਖਿਆ ਗਿਆ ਕਿ ਅਗਲੇ ਸਾਲ ਗਣਤੰਤਰ ਦਿਵਸ ਤੱਕ ਚੇਲਾਨੂੰਰ ਨੂੰ ਪੂਰੀ ਤਰ੍ਹਾਂ ਹਿੰਦੀ ਸਾਖਰਤਾ ਪੰਚਾਇਤ ਐਲਾਨ ਕਰ ਦਿੱਤਾ ਜਾਵੇ। ਅਜਿਹਾ ਹੋਣ ’ਤੇ ਚੇਲਾਨੂੰਰ ਸ਼ਾਇਦ ਕੇਰਲ ਹੀ ਨਹੀਂ ਸਗੋਂ ਪੂਰੇ ਦੱਖਣੀ ਭਾਰਤ ਦਾ ਅਜਿਹਾ ਪਹਿਲਾ ਪਿੰਡ ਹੋਵੇਗਾ, ਜੋ ਹਿੰਦੀ ’ਚ ਪੂਰੀ ਤਰ੍ਹਾਂ ਨਾਲ ਸਾਖਰ ਹੋਵੇਗਾ। ਪਿੰਡ ਦੇ ਲੋਕਾਂ ਵਿਚਾਲੇ ਹਿੰਦੀ ਭਾਸ਼ਾ ਨੂੰ ਲੈ ਕੇ ਲੋਕਪ੍ਰਿਅਤਾ ਨੂੰ ਵੇਖਦੇ ਹੋਏ ਲੱਗ ਰਿਹਾ ਹੈ ਕਿ ਟਾਰਗੇਟ ਨਿਸ਼ਚਿਤ ਰੂਪ ਨਾਲ ਪੂਰਾ ਹੋਵੇਗਾ।