ਛੱਤੀਸਗੜ੍ਹ ''ਚ 10 ਨਕਸਲੀਆਂ ਨੇ ਕੀਤਾ ਆਤਮਸਮਰਪਣ

11/03/2020 6:23:42 PM

ਛੱਤੀਸਗੜ੍ਹ— ਛੱਤੀਸਗੜ੍ਹ ਸੂਬੇ ਦੇ ਨਕਸਲ ਪ੍ਰਭਾਵਿਤ ਦੰਤੇਵਾੜਾ ਜ਼ਿਲ੍ਹੇ 'ਚ ਸੁਰੱਖਿਆ ਦਸਤਿਆਂ ਦੇ ਸਾਹਮਣੇ 10 ਨਕਸਲੀਆਂ ਨੇ ਆਤਮਸਮਰਪਣ ਕੀਤਾ ਹੈ। ਆਤਮਸਮਰਪਣ ਕਰਨ ਵਾਲੇ ਨਕਸਲੀਆਂ ਵਿਚੋਂ ਚਾਰ 2018 ਵਿਚ ਹੋਏ ਨੀਲਵਾਯਾ ਨਕਸਲੀ ਹਮਲੇ 'ਚ ਸ਼ਾਮਲ ਸਨ। ਇਸ ਹਮਲੇ ਵਿਚ 3 ਪੁਲਸ ਮੁਲਾਜ਼ਮਾਂ ਅਤੇ ਦੂਰਦਰਸ਼ਨ ਦੇ ਕੈਮਰਾਮੈਨ ਦੀ ਮੌਤ ਹੋ ਗਈ ਸੀ। ਦੰਤੇਵਾੜਾ ਜ਼ਿਲ੍ਹੇ ਦੇ ਪੁਲਸ ਅਧਿਕਾਰੀ ਅਭਿਸ਼ੇਕ ਪੱਲਵ ਨੇ ਦੱਸਿਆ ਕਿ ਮੰਗਲਵਾਰ ਨੂੰ ਖੇਤਰ ਵਿਚ ਮਾਓਵਾਦੀ ਨੇਤਾਵਾਂ ਦੀ ਖੋਖਲੀ ਵਿਚਾਰਧਾਰਾ ਅਤੇ ਹਿੰਸਾ ਤੋਂ ਪਰੇਸ਼ਾਨ ਹੋ ਕੇ 10 ਨਕਸਲੀਆਂ ਨੇ ਕੇਂਦਰੀ ਰਿਜ਼ਰਵ ਪੁਲਸ ਫੋਰਸ ਅਤੇ ਜ਼ਿਲ੍ਹਾ ਫੋਰਸ ਦੇ ਅਧਿਕਾਰੀਆਂ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ ਹੈ। 

ਪੱਲਵ ਨੇ ਦੱਸਿਆ ਕਿ ਆਤਮਸਮਰਪਣ ਕਰਨ ਵਾਲੇ ਨਕਸਲੀਆਂ ਵਿਚੋਂ 5 'ਤੇ ਕੁੱਲ 10 ਲੱਖ ਰੁਪਏ ਦਾ ਇਨਾਮ ਐਲਾਨ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ 'ਚ 'ਲੋਨ ਵਰਰਾਟੂ' ਮੁਹਿੰਮ ਦੇ ਸ਼ੁਰੂ ਹੋਣ ਤੋਂ ਬਾਅਦ ਲੈ ਕੇ ਹੁਣ ਤੱਕ 187 ਨਕਸਲੀਆਂ ਨੇ ਪੁਲਸ ਸਾਹਮਣੇ ਆਤਮਸਮਰਪਣ ਕਰ ਦਿੱਤਾ ਹੈ। 'ਲੋਨ ਵਰਰਾਟੂ' ਦਾ ਅਰਥ ਹੈ 'ਘਰ ਵਾਪਸੀ'। ਪੱਲਵ ਨੇ ਅੱਗੇ ਦੱਸਿਆ ਕਿ ਆਤਮਸਮਰਪਣ ਕਰਨ ਵਾਲੇ ਨਕਸਲੀਆਂ ਖ਼ਿਲਾਫ਼ ਖੇਤਰ ਵਿਚ ਸੁਰੱਖਿਆ ਦਸਤਿਆਂ ਨੂੰ ਨਿਸ਼ਾਨਾ ਬਣਾ ਕੇ ਬਾਰੂਦੀ ਸੁਰੰਗ ਵਿਚ ਧਮਾਕਾ ਕਰਨ ਦਾ ਦੋਸ਼ ਹੈ। ਉਨ੍ਹਾਂ ਦੱਸਿਆ ਕਿ ਆਤਮਸਮਰਪਣ ਕਰਨ ਵਾਲੇ ਨਕਸਲੀਆਂ ਨੂੰ 10-10 ਹਜ਼ਾਰ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਗਈ ਹੈ। ਉੱਥੇ ਹੀ ਸੂਬਾਈ ਸਰਕਾਰ ਦੀ ਆਤਮਸਮਰਪਣ ਨੀਤੀ ਤਹਿਤ ਵੀ ਉਨ੍ਹਾਂ ਦੀ ਮਦਦ ਕੀਤੀ ਜਾਵੇਗੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਨਕਸਲੀਆਂ ਨੂੰ ਉਨ੍ਹਾਂ ਨੂੰ ਘਰ ਵਾਪਸ ਬੁਲਾਉਣ ਲਈ ਲੋਨ ਵਰਰਾਟੂ ਮੁਹਿੰਮ ਚਲਾਈ ਜਾ ਰਹੀ ਹੈ।


Tanu

Content Editor

Related News