ਅੰਬਾਲਾ ’ਚ ਪੇਪਰ ਹੱਲ ਕਰਵਾਉਣ ਵਾਲੀ ਗੈਂਗ ਦੇ 10 ਮੈਂਬਰ ਕਾਬੂ, PGT ਦੀ ਪ੍ਰੀਖਿਆ ਪਾਸ ਕਰਵਾ ਰਹੇ ਸਨ ਮੁਲਜ਼ਮ
Monday, Feb 20, 2023 - 10:03 AM (IST)
ਅੰਬਾਲਾ (ਪੰਕੇਸ)- ਸ਼ਹਿਰ ਦੇ ਨਸੀਰਪੁਰ ਨੇੜੇ ਸਾਰਥਕ ਆਈ.ਟੀ.ਆਈ. ਦੀ ਲੈਬ ਨੂੰ ਕਿਰਾਏ ’ਤੇ ਲੈ ਕੇ ਪੀ.ਜੀ.ਟੀ. ਦੀ ਆਨਲਾਈਨ ਪ੍ਰੀਖਿਆ ਕਰਵਾਈ ਜਾ ਰਹੀ ਸੀ, ਜਿਥੇ ਦੂਰ-ਦੁਰਾਡੇ ਦੇ ਇਲਾਕਿਆਂ ’ਚ ਬੈਠੇ ਅਣਪਛਾਤੇ ਚਾਲਾਕ ਵਿਅਕਤੀ ਪ੍ਰੀਖਿਆ ਨੂੰ ਹੱਲ ਕਰਨ ਲਈ ਬੈਠੇ ਹੋਏ ਸਨ, ਉੱਥੇ ਹੀ ਇਕ ਟੀਮ ਵਿਦਿਅਕ ਅਦਾਰੇ ’ਚ ਬੈਠੀ ਸੀ, ਜੋ ਪ੍ਰੀਖਿਆਰਥੀਆਂ ਤੋਂ ਮੋਟੀ ਰਕਮ ਲੈ ਕੇ ਉਨ੍ਹਾਂ ਨੂੰ ਪਹਿਲਾਂ ਹੀ ਦਿੱਤੇ ਕੋਡ ਨੂੰ ਰੀਸੈਟ ਕਰਵਾ ਕੇ ਦੁਬਾਰਾ ਦੂਜੇ ਕੋਡ ਤੋਂ ਪੇਪਰ ਖੁਲ੍ਹਵਾ ਕੇ ਉਨ੍ਹਾਂ ਨੂੰ ਸਹੀ ਜਵਾਬ ਦੱਸ ਰਹੀ ਸੀ। ਪੁਲਸ ਨੇ ਪ੍ਰੀਖਿਆ ਕੇਂਦਰ ’ਤੇ ਛਾਪਾ ਮਾਰ ਕੇ ਉਥੋਂ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। 11ਵਾਂ ਮੁਲਜ਼ਮ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਮੇਨਪਾਲ ਅਨੁਸਾਰ ਉਨ੍ਹਾਂ ਨੂੰ ਮੁਖ਼ਬਰ ਵੱਲੋਂ ਇਤਲਾਹ ਦਿੱਤੀ ਗਈ ਕਿ ਹਰਦੀਪ ਸਿੰਘ ਵਾਸੀ ਪਿੰਡ ਬੜ੍ਹਾ ਥਾਣਾ ਜ਼ਿਲਾ ਸੋਨੀਪਤ, ਨਿਤੇਸ਼ ਕੁਮਾਰ ਵਾਸੀ ਪਿੰਡ ਕੁੰਜਈਆ ਜ਼ਿਲਾ ਝੱਜਰ, ਕੁਲਦੀਪ ਵਾਸੀ ਪਿੰਡ ਚਾਂਗ ਜ਼ਿਲਾ ਭਿਵਾਨੀ ਅਤੇ ਇਸ ਪਿੰਡ ਦੇ ਨਿਵਾਸੀ ਮਨਜੀਤ ਸਿੰਘ ਨੇ ਹੋਰ ਸਾਥੀਆਂ ਨਾਲ ਮਿਲ ਕੇ ਕੇਂਦਰੀ ਵਿਦਿਆਲਿਆ ਸੰਗਠਨ ਦਾ ਪੇਪਰ ਕਰਵਾਉਣ ਲਈ ਪ੍ਰਾਈਵੇਟ ਵਿੱਦਿਅਕ ਸੰਸਥਾ ਸਾਰਥਕ ਆਈ. ਟੀ. ਆਈ. ਲੈਬ ਕਿਰਾਏ ’ਤੇ ਲਈ ਹੋਈ ਸੀ।
ਉੱਥੇ ਸ਼ਨੀਵਾਰ ਸ਼ਾਮ ਨੂੰ ਕੇਂਦਰੀ ਵਿਦਿਆਲਿਆ ਸੰਗਠਨ ’ਚ ਪੀ. ਜੀ. ਟੀ. ਪ੍ਰੋਫੈਸਰਾਂ ਦੀ ਨਿਯੁਕਤੀ ਲਈ ਆਨਲਾਈਨ ਪੇਪਰ ਚੱਲ ਰਿਹਾ ਸੀ। ਪੇਪਰ ਪਾਸ ਕਰਵਾਉਣ ਲਈ ਪ੍ਰੀਖਿਆਰਥੀਆਂ ਤੋਂ ਮੋਟੀ ਰਕਮ ਲੈ ਕੇ ਮਦਦ ਕੀਤੀ ਜਾ ਰਹੀ ਸੀ। ਸੂਚਨਾ ਮਿਲਣ ’ਤੇ ਮਹਿਲਾ ਥਾਣੇ ਦੀ ਟੀਮ ਨੇ ਸੀ. ਆਈ. ਏ.-1 ਦੇ ਨਾਲ ਉਕਤ ਜਗ੍ਹਾ ’ਤੇ ਛਾਪਾ ਮਾਰਿਆ ਤਾਂ ਪਤਾ ਲੱਗਾ ਕਿ 10 ਵਿਅਕਤੀ ਆਪਣੇ ਮੋਬਾਇਲਾਂ ਤੋਂ ਲਿੰਕ ਭੇਜ ਕੇ ਅਤੇ ਹੋਰ ਥਾਵਾਂ ’ਤੇ ਬੈਠੇ ਆਪਣੇ ਸਾਥੀਆਂ ਨਾਲ ਸੰਪਰਕ ਕਰ ਕੇ ਪੇਪਰ ਹੱਲ ਕਰਵਾ ਰਹੇ ਸਨ। ਸਾਰਿਆਂ ਦੇ ਮੋਬਾਇਲ ਜ਼ਬਤ ਕਰ ਲਏ ਗਏ। ਦੱਸਿਆ ਜਾ ਰਿਹਾ ਹੈ ਕਿ ਸ਼ਰਾਰਤੀ ਅਨਸਰ ਪੇਪਰ ਦੇਣ ਆਏ ਬਿਨੈਕਾਰਾਂ ਦਾ ਪਹਿਲਾ ਕੋਡ ਰੀਸੈਟ ਕਰਦੇ ਸਨ ਅਤੇ ਫਿਰ ਦੂਜੇ ਕੋਡ ਨਾਲ ਦੁਬਾਰਾ ਪੇਪਰ ਖੋਲ੍ਹ ਕੇ ਹੱਲ ਕਰਵਾ ਦਿੰਦੇ ਸਨ। ਇਸ ਲਈ ਮੁਲਜ਼ਮ ਐਮੀ ਸਾਫਟਵੇਅਰ ਨਾਂ ਦੇ ਰਿਮੋਟ ਸਰਵਰ ਦੀ ਵਰਤੋਂ ਕਰ ਰਹੇ ਸਨ, ਜਿਸ ਨੂੰ ਜ਼ਬਤ ਕਰ ਲਿਆ ਗਿਆ।