ਹੜ੍ਹ ਨਾਲ ਉੱਤਰੀ ਬਿਹਾਰ ''ਚ 10 ਲੱਖ ਲੋਕ ਪ੍ਰਭਾਵਿਤ
Saturday, Jul 25, 2020 - 09:41 PM (IST)
ਪਟਨਾ : ਉੱਤਰੀ ਬਿਹਾਰ 'ਚ ਹੜ੍ਹ ਨੇ ਤਬਾਹੀ ਮਚਾ ਰੱਖੀ ਹੈ। ਇਸ ਨਾਲ 10 ਲੱਖ ਲੋਕ ਪ੍ਰਭਾਵਿਤ ਹੋਏ ਹਨ। ਇਸ ਨੇ ਮੁਜੱਫਰਪੁਰ 'ਚ ਗੰਡਕ ਪਾਰੂ, ਸਾਹਿਬਗੰਜ ਅਤੇ ਸਰੈਯਾ 'ਚ ਤਾਂਡਵ ਮਚਾ ਰੱਖਿਆ ਹੈ ਤਾਂ ਔਰਾਈ, ਕਟਰਾ ਅਤੇ ਗਾਇਘਾਟ 'ਚ ਬਾਗਮਤੀ ਨੇ ਸਥਿਤੀ ਖਰਾਬ ਕਰ ਦਿੱਤੀ ਹੈ। ਦਰਭੰਗਾ-ਜੈਨਗਰ ਐੱਨ.ਐੱਚ. 527 ਬੀ 'ਤੇ ਸ਼ਨੀਵਾਰ ਨੂੰ ਹੜ੍ਹ ਦਾ ਪਾਣੀ ਚੜ੍ਹ ਗਿਆ।
ਉਥੇ ਹੀ ਲਾਕਡਾਊਨ ਅਤੇ ਹੜ੍ਹ ਨਾਲ ਉੱਤਰੀ ਬਿਹਾਰ ਦੇ ਕਈ ਜ਼ਿਲ੍ਹਿਆਂ 'ਚ ਆਵਾਜਾਈ ਬਿਲਕੁੱਲ ਠੱਪ ਹੋ ਗਈ ਹੈ। ਲੋਕ ਚਾਹ ਕੇ ਵੀ ਇੱਕ ਤੋਂ ਦੂਜੇ ਜ਼ਿਲ੍ਹੇ 'ਚ ਨਹੀਂ ਜਾ ਸਕਦੇ ਹਨ। ਲਾਕਡਾਊਨ ਕਾਰਨ ਬੱਸਾਂ ਦਾ ਸੰਚਾਲਨ 16 ਜੁਲਾਈ ਤੋਂ ਹੀ ਠੱਪ ਹੈ। ਹੁਣ ਹੜ੍ਹ ਦੀ ਤਬਾਹੀ ਕਾਰਨ ਉੱਤਰੀ ਬਿਹਾਰ 'ਚ ਚੱਲ ਰਹੀਆਂ ਅੱਧਾ ਦਰਜਨ ਵਿਸ਼ੇਸ਼ ਟਰੇਨਾਂ ਦਾ ਸੰਚਾਲਨ ਵੀ ਰੁਕਿਆ ਹੋਇਆ ਹੈ। ਇਸ ਨਾਲ ਉੱਤਰੀ ਬਿਹਾਰ ਦੇ ਸਾਰੇ ਜ਼ਿਲ੍ਹਿਆਂ ਦੇ ਲੋਕਾਂ ਦੀ ਆਵਾਜਾਈ ਠੱਪ ਹੋ ਗਈ ਹੈ। ਹੁਣ ਨਿਜੀ ਵਾਹਨਾਂ ਹੀ ਲੋਕਾਂ ਦਾ ਸਹਾਰਾ ਹਨ।
ਉਥੇ ਹੀ, ਨਿਜੀ ਵਾਹਨ ਵੀ ਲਾਕਡਾਊਨ 'ਚ ਨਾ ਦੇ ਬਰਾਬਰ ਚੱਲ ਰਹੇ ਹਨ। 2 ਰੇਲ ਲਾਈਨਾਂ ਜੈਨਗਰ ਤੋਂ ਸਮਸਤੀਪੁਰ ਅਤੇ ਸਮਸਤੀਪੁਰ ਤੋਂ ਵਾਇਆ ਮੁਜੱਫਰਪੁਰ-ਨਰਕਟੀਆਗੰਜ ਰੂਟ 'ਤੇ ਟਰੇਨਾਂ ਦਾ ਸੰਚਾਲਨ ਠੱਪ ਹੈ।