ਸੰਘਣੀ ਧੁੰਦ ਦਾ ਅਸਰ: ਦਿੱਲੀ ਹਵਾਈ ਅੱਡੇ ’ਤੇ 228 ਤੋਂ ਵੱਧ ਉਡਾਣਾਂ ਰੱਦ, 250 ਤੋਂ ਵੱਧ ਉਡਾਣਾਂ ’ਚ ਦੇਰੀ

Tuesday, Dec 16, 2025 - 04:17 AM (IST)

ਸੰਘਣੀ ਧੁੰਦ ਦਾ ਅਸਰ: ਦਿੱਲੀ ਹਵਾਈ ਅੱਡੇ ’ਤੇ 228 ਤੋਂ ਵੱਧ ਉਡਾਣਾਂ ਰੱਦ, 250 ਤੋਂ ਵੱਧ ਉਡਾਣਾਂ ’ਚ ਦੇਰੀ

ਨਵੀਂ ਦਿੱਲੀ - ਦਿੱਲੀ ਹਵਾਈ ਅੱਡੇ ’ਤੇ ਸੋਮਵਾਰ ਨੂੰ ਖ਼ਰਾਬ ਵਿਜ਼ੀਬਿਲਟੀ ਕਾਰਨ 228 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਅਤੇ 5 ਉਡਾਣਾਂ ਦਾ ਰਸਤਾ ਬਦਲਣਾ ਪਿਆ। ਦਿੱਲੀ ਹਵਾਈ ਅੱਡੇ ਦੇ ਸੰਚਾਲਕ ਡੀ. ਆਈ. ਏ. ਐੱਲ.  ਨੇ  ਸਵੇਰੇ 10 ਵਜੇ  ਤੋਂ ਕੁਝ ਹੀ ਸਮੇਂ ਬਾਅਦ ‘ਐਕਸ’ ’ਤੇ ਇਕ ਪੋਸਟ ’ਚ ਦੱਸਿਆ ਕਿ ਸੰਘਣੀ ਧੁੰਦ ਕਾਰਨ ਉਡਾਣ ਸੰਚਾਲਨ ਅਜੇ ਵੀ ਪ੍ਰਭਾਵਿਤ ਹੈ। 

ਡੀ. ਆਈ. ਏ. ਐੱਲ. ਨੇ ਕਿਹਾ, “ਸਾਡੇ ਅਧਿਕਾਰੀ ਯਾਤਰੀਆਂ ਦੀ ਸਹਾਇਤਾ ਕਰਨ ਅਤੇ ਸਾਰੇ ਟਰਮੀਨਲਾਂ ’ਤੇ ਜ਼ਰੂਰੀ ਸਹਾਇਤਾ ਮੁਹੱਈਆ ਕਰਨ ਲਈ ਸਾਰੇ ਹਿਤਧਾਰਕਾਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ।”  

ਉਨ੍ਹਾਂ ਦੱਸਿਆ ਕਿ 250 ਤੋਂ ਵੱਧ ਉਡਾਣਾਂ ’ਚ ਦੇਰੀ ਹੋਈ। ਇੰਡੀਗੋ, ਜਿਸ ਨੂੰ  ਪਿਛਲੇ ਇਕ ਹਫ਼ਤੇ ਤੋਂ ਉਡਾਣ ਸੰਚਾਲਨ ’ਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ, ਨੇ ਵੀ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ।  ਇੰਡੀਗੋ ਨੇ ਇਕ ਬਿਆਨ ’ਚ ਕਿਹਾ, “ਸੰਘਣੀ  ਧੁੰਦ ਕਾਰਨ ਘੱਟ ਵਿਜ਼ੀਬਿਲਟੀ (ਹੇਠਲੇ ਪੱਧਰ ਤੋਂ ਵੀ ਹੇਠਾਂ) ਨੇ ਦਿੱਲੀ ਅਤੇ ਉੱਤਰੀ ਭਾਰਤ ਦੇ ਹੋਰ ਹਵਾਈ ਅੱਡਿਆਂ ’ਤੇ ਸੰਚਾਲਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਜੋ ਮਜਬੂਰੀ ਵੱਸ ਸਾਡੇ ਕੰਟਰੋਲ ਤੋਂ ਬਾਹਰ ਹੈ।”

ਏਅਰਲਾਈਨ ਨੇ ਇਕ ਬਿਆਨ ’ਚ ਕਿਹਾ ਕਿ ਮੌਸਮ ਦੀ ਮੌਜੂਦਾ ਸਥਿਤੀ ਅਨੁਸਾਰ ਸੰਚਾਲਨ ’ਚ ਬਦਲਾਅ ਕੀਤੇ ਜਾਣ  ਕਾਰਨ ਕੁਝ ਉਡਾਣਾਂ ’ਚ ਦੇਰੀ ਹੋ ਸਕਦੀ ਹੈ, ਜਦੋਂ ਕਿ ਸੁਰੱਖਿਆ ਨੂੰ ਤਰਜੀਹ ਦੇਣ ਅਤੇ ਹਵਾਈ ਅੱਡੇ ’ਤੇ ਲੰਮੇਂ ਸਮੇਂ ਤੱਕ ਉਡੀਕ ਨੂੰ ਘੱਟ ਕਰਨ ਲਈ  ਕੁਝ ਹੋਰ  ਉਡਾਣਾਂ ਨੂੰ ਸਾਵਧਾਨੀ ਵਜੋਂ ਰੱਦ ਕੀਤਾ ਜਾ ਸਕਦਾ ਹੈ।  

ਇੰਡੀਗੋ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਉਸ ਦੀਆਂ ਕਿੰਨੀਆਂ ਉਡਾਣਾਂ ਰੱਦ ਹੋਈਆਂ ਅਤੇ ਕਿੰਨੀਆਂ ’ਚ ਦੇਰੀ ਹੋਈ। ਏਅਰਲਾਈਨ ਨੇ  ਕਿਹਾ ਕਿ ਉਸ ਦੀ ਟੀਮ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੀ ਹੈ ਅਤੇ ਦਿੱਲੀ ਹਵਾਈ ਅੱਡੇ ਦੇ ਨਾਲ ਤਾਲਮੇਲ ਕਰ ਰਹੀ ਹੈ। 


author

Inder Prajapati

Content Editor

Related News