ਰਾਜਸਥਾਨ: ਪੁਲਸ ਨੇ ਪ੍ਰਾਈਵੇਟ ਬੱਸ ’ਚੋਂ 1,321 ਕਿਲੋ ਚਾਂਦੀ ਅਤੇ 56 ਲੱਖ ਰੁਪਏ ਨਕਦੀ ਕੀਤੀ ਬਰਾਮਦ

Monday, May 09, 2022 - 05:30 PM (IST)

ਰਾਜਸਥਾਨ: ਪੁਲਸ ਨੇ ਪ੍ਰਾਈਵੇਟ ਬੱਸ ’ਚੋਂ 1,321 ਕਿਲੋ ਚਾਂਦੀ ਅਤੇ 56 ਲੱਖ ਰੁਪਏ ਨਕਦੀ ਕੀਤੀ ਬਰਾਮਦ

ਜੈਪੁਰ– ਰਾਜਸਥਾਨ ਦੇ ਡੂੰਗਰਪੁਰ ਜ਼ਿਲ੍ਹੇ ਦੇ ਬਿਛੀਵਾੜਾ ਥਾਣਾ ਖੇਤਰ ’ਚ ਪੁਲਸ ਟੀਮ ਨੇ ਐਤਵਾਰ ਦੇਰ ਰਾਤ ਇਕ ਪ੍ਰਾਈਵੇਟ ਬੱਸ ’ਚੋਂ 1,321 ਕਿਲੋਗ੍ਰਾਮ ਚਾਂਦੀ ਅਤੇ 56 ਲੱਖ ਰੁਪਏ ਨਕਦੀ ਬਰਾਮਦ ਕੀਤੀ ਹੈ। ਪੁਲਸ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਮੁਖਬਿਰ ਦੀ ਸੂਚਨਾ ’ਤੇ ਐਤਵਾਰ ਰਾਤ ਨੂੰ ਪੁਲਸ ਟੀਮ ਨੇ ਨਾਕਾਬੰਦੀ ਕਰ ਕੇ ਇਕ ਪ੍ਰਾਈਵੇਟ ਬੱਸ ਦੀ ਜਾਂਚ ਕੀਤੀ, ਜਿਸ ’ਚੋਂ  ਚਾਂਦੀ ਅਤੇ ਗਹਿਣੇ ਬਰਾਮਦ ਕੀਤੇ। ਪੁਲਸ ਸਬ-ਇੰਸਪੈਕਟਰ ਰਾਕੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਜਦੋਂ ਬੱਸ ਡਰਾਈਵਰ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ ਅਤੇ ਪਾਰਸਲ ਕੀਤੇ ਗਏ ਸਾਮਾਨ ਸਬੰਧੀ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ ਤਾਂ ਬੱਸ ਦੀ ਜਾਂਚ ਕੀਤੀ ਗਈ। ਜਾਂਚ ਮਗਰੋਂ ਪੁਲਸ ਟੀਮ ਨੇ 1,321 ਕਿਲੋਗ੍ਰਾਮ ਚਾਂਦੀ ਦੇ ਨਾਲ-ਨਾਲ 56 ਲੱਖ ਰੁਪਏ ਦੀ ਨਕਦੀ ਜ਼ਬਤ ਕਰ ਲਈ।

PunjabKesari

ਪੁਲਸ ਮੁਤਾਬਕ ਚਾਂਦੀ ਅਤੇ ਨਕਦੀ ਤੋਂ ਇਲਾਵਾ 173 ਕਿਲੋਗ੍ਰਾਮ ਮੋਤੀ, 210 ਗ੍ਰਾਮ ਸੋਨਾ ਅਤੇ ਹੋਰ ਗਹਿਣੇ ਵੀ ਬੱਸ ’ਚੋਂ ਬਰਾਮਦ ਕੀਤੇ ਗਏ। ਉਨ੍ਹਾਂ ਨੇ ਦੱਸਿਆ ਕਿ ਆਗਰਾ ਤੋਂ ਬੱਸ ’ਚ ਭੇਜੇ ਪਾਰਸਲ ਨੂੰ ਵੱਖ-ਵੱਖ ਥਾਵਾਂ ’ਤੇ ਭੇਜਿਆ ਜਾਣਾ ਸੀ। ਮਾਮਲੇ ’ਚ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਇਸ ਤਰ੍ਹਾਂ ਦੀ ਇਕ ਹੋਰ ਕਾਰਵਾਈ ’ਚ ਉਦੇਪੁਰ ਜ਼ਿਲ੍ਹੇ ’ਚ ਸ਼ੁੱਕਰਵਾਰ ਰਾਤ ਨੂੰ ਇਕ ਪ੍ਰਾਈਵੇਟ ਬੱਸ ’ਚੋਂ ਪੁਲਸ ਨੇ 8 ਕਰੋੜ ਰੁਪਏ ਦੀ ਕੀਮਤ ਦੀਆਂ 1200 ਕਿਲੋਗ੍ਰਾਮ ਤੋਂ ਵੱਧ ਦੀ ਚਾਂਦੀ ਦੀਆਂ ਇੱਟਾਂ ਅਤੇ ਗਹਿਣੇ ਬਰਾਮਦ ਕੀਤੇ ਸਨ।


author

Tanu

Content Editor

Related News