ਰਾਹਤ ਭਰੀ ਖ਼ਬਰ : ਮੁੰਬਈ ਪੁਲਸ ਦੇ 1,233 ''ਕੋਰੋਨਾ ਯੋਧਿਆਂ'' ਨੇ ਕੋਵਿਡ-19 ਨੂੰ ਦਿੱਤੀ ਮਾਤ

06/13/2020 4:56:24 PM

ਮੁੰਬਈ (ਭਾਸ਼ਾ)— ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ ਮੁੱਖ ਨੇ ਸ਼ਨੀਵਾਰ ਭਾਵ ਅੱਜ ਕਿਹਾ ਕਿ ਕੋਰੋਨਾ ਵਾਇਰਸ ਯਾਨੀ ਕਿ ਕੋਵਿਡ-19 ਤੋਂ ਮੁੰਬਈ ਪੁਲਸ ਦੇ 1,233 ਮੁਲਾਜ਼ਮ ਸਿਹਤਯਾਬ ਹੋ ਚੁੱਕੇ ਹਨ ਅਤੇ ਇਨ੍ਹਾਂ 'ਚੋਂ 334 ਮੁੜ ਤੋਂ ਆਪਣੀ ਡਿਊਟੀ 'ਤੇ ਪਰਤ ਆਏ ਹਨ। ਦੇਸ਼ ਮੁੱਖ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਜਾਨ ਜ਼ੋਖਮ 'ਚ ਪਾਉਣ ਵਾਲੇ ਪੁਲਸ ਮੁਲਾਜ਼ਮਾਂ 'ਤੇ ਮਾਣ ਹੈ।

ਦੇਸ਼ ਮੁੱਖ ਨੇ ਟਵੀਟ ਕੀਤਾ ਕਿ ਮੁੰਬਈ ਪੁਲਸ ਦਸਤੇ ਦੇ ਕੁੱਲ 1,233 ਪੁਲਸ ਮੁਲਾਜ਼ਮਾਂ ਨੇ ਕੋਵਿਡ-19 ਨੂੰ ਸਫਲਤਾਪੂਰਵਕ ਹਰਾਇਆ ਹੈ। ਇਨ੍ਹਾਂ 'ਚੋਂ 334 ਆਪਣੀ ਡਿਊਟੀ 'ਤੇ ਪਰਤ ਆਏ ਹਨ। ਇਨ੍ਹਾਂ ਕੋਰੋਨਾ ਯੋਧਿਆਂ ਨੂੰ ਵਧਾਈ। ਮੈਨੂੰ ਮੁੰਬਈ ਪੁਲਸ 'ਤੇ ਮਾਣ ਹੈ, ਜੋ ਆਪਣੇ ਕਰਤੱਵਾਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਆਪਣੀ ਜਾਨ ਜ਼ੋਖਮ ਵਿਚ ਪਾਉਂਦੇ ਹਨ। 

ਦੱਸ ਦੇਈਏ ਕਿ ਕੋਵਿਡ-19 ਨਾਲ 12 ਜੂਨ ਤੱਕ ਮਹਾਰਾਸ਼ਟਰ ਦੇ 35 ਪੁਲਸ ਮੁਲਾਜ਼ਮਾਂ ਦੀ ਮੌਤ ਹੋਈ ਹੈ, ਜਿਨ੍ਹਾਂ 'ਚੋਂ ਮੁੰਬਈ ਦੇ 21 ਪੁਲਸ ਮੁਲਾਜ਼ਮ ਸ਼ਾਮਲ ਹਨ। ਮਹਾਰਾਸ਼ਟਰ ਇਸ ਮਹਾਮਾਰੀ ਤੋਂ ਦੇਸ਼ ਵਿਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਸੂਬੇ ਵਿਚ ਪਿਛਲੇ 24 ਘੰਟਿਆਂ ਵਿਚ 3,493 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ 127 ਲੋਕਾਂ ਦੀ ਮੌਤ ਹੋਈ ਹੈ, ਜਿਸ ਨਾਲ ਹੀ ਸੂਬੇ ਵਿਚ ਇਸ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ ਵੱਧ ਕੇ 1,01,141 ਅਤੇ ਇਸ ਜਾਨਲੇਵਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 3,717 ਹੋ ਗਈ ਹੈ।


Tanu

Content Editor

Related News