''ਮਣੀਪੁਰ ਨੂੰ ਅਫਗਾਨਿਸਤਾਨ ਵਰਗਾ ਕਿਉਂ ਬਣਨ ਦਿੱਤਾ ਜਾ ਰਿਹੈ?''
Monday, Sep 23, 2024 - 10:43 AM (IST)
ਨਵੀਂ ਦਿੱਲੀ- ਮਣੀਪੁਰ ’ਚ ਚੱਲ ਰਹੇ ਸੰਕਟ ਦਰਮਿਆਨ ਕਾਂਗਰਸ ਦੇ ਇਕ ਸੰਸਦ ਮੈਂਬਰ ਏ. ਬਿਮਲ ਅਕੋਇਜਾਮ ਨੇ ਕੇਂਦਰ ਦੀ ‘ਢਿੱਲਮੱਠ’ ’ਤੇ ਤਿੱਖੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਜੇ ਕਿਤੇ ਉੱਤਰ ਪ੍ਰਦੇਸ਼ ਤੇ ਬਿਹਾਰ ’ਚ ਅਜਿਹੀ ਸਥਿਤੀ ਪੈਦਾ ਹੁੰਦੀ ਤਾਂ ਹੁਣ ਤਕ ਕਈ ਕਦਮ ਚੁੱਕੇ ਜਾਣੇ ਸਨ। ਉਨ੍ਹਾਂ ਇਕ ਇੰਟਰਵਿਊ ਦੌਰਾਨ ਮਣੀਪੁਰ ’ਚ ਸਥਿਤੀ ਨਾਲ ਨਜਿੱਠਣ ਲਈ ਕੇਂਦਰ ਦੀ ‘ਢਿੱਲਮੱਠ’ ਵਾਲੀ ਨੀਤੀ ਦੀ ਸਖ਼ਤ ਨਿੰਦਾ ਕੀਤੀ ਤੇ ਪੁੱਛਿਆ ਕਿ ਭਾਰਤ ਸਰਕਾਰ ਇਸ ਉੱਤਰੀ-ਪੂਰਬੀ ਸੂਬੇ ਨੂੰ ਅਫਗਾਨਿਸਤਾਨ ਵਰਗਾ ਕਿਉਂ ਬਣਨ ਦੇ ਰਹੀ ਹੈ?
ਉਨ੍ਹਾਂ ਅਫਗਾਨਿਸਤਾਨ ਨੂੰ ‘ਬਨਾਨਾ ਰਿਪਬਲਿਕ’ ਦੱਸਿਆ। ‘ਬਨਾਨਾ ਰਿਪਬਲਿਕ’ ਇਕ ਕਮਜ਼ੋਰ ਸਰਕਾਰ ਵਾਲਾ ਗਰੀਬ ਦੇਸ਼ ਹੈ ਜੋ ਇਕ ਹੀ ਵਸਤੂ ਦੀ ਬਰਾਮਦ ਤੋਂ ਮਿਲਣ ਵਾਲੇ ਪੈਸਿਆਂ ’ਤੇ ਨਿਰਭਰ ਕਰਦਾ ਹੈ। ਅਕੋਇਜਾਮ ਨੇ ਕਿਹਾ ਕਿ ਮਣੀਪੁਰ ’ਚ 60,000 ਜਵਾਨਾਂ ਦੀ ਤਾਇਨਾਤੀ ਕਰ ਕੇ ਕੇਂਦਰ ਸਰਕਾਰ ਨੂੰ ਇਸ ਸੰਕਟ ਨੂੰ ਇੰਨੇ ਲੰਬੇ ਸਮੇਂ ਤੱਕ ਜਾਰੀ ਰਹਿਣ ਤੋਂ ਰੋਕਣਾ ਚਾਹੀਦਾ ਸੀ। ਜੇ ਮਣੀਪੁਰ ਵਾਲੇ ਹਾਲਾਤ ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ ਜਾਂ ਮੱਧ ਪ੍ਰਦੇਸ਼ ’ਚ ਹੁੰਦੇ ਤਾਂ ਕੀ ਇਸ ਨੂੰ ਇੰਨੇ ਲੰਬੇ ਸਮੇਂ ਤੱਕ ਜਾਰੀ ਰਹਿਣ ਦਿੱਤਾ ਜਾਣਾ ਸੀ? ਬਹੁਤੇ ਲੋਕ ਕਹਿਣਗੇ ਨਹੀਂ।
ਮਣੀਪੁਰ ’ਚ ਬਹੁਗਿਣਤੀ ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਮੰਗ ਦੇ ਵਿਰੋਧ ’ਚ 3 ਮਈ, 2022 ਨੂੰ ਪਹਾੜੀ ਜ਼ਿਲ੍ਹਿਆਂ ’ਚ ਇਕ ਕਬਾਇਲੀ ਏਕਤਾ ਮਾਰਚ ਕੱਢਿਆ ਗਿਆ ਸੀ, ਜਿਸ ਤੋਂ ਬਾਅਦ ਸੂਬੇ ’ਚ ਹਿੰਸਾ ਭੜਕ ਗਈ ਸੀ। ਇਸ ਹਿੰਸਾ ’ਚ ਹੁਣ ਤਕ 220 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚ ਕੁਕੀ ਅਤੇ ਮੈਤੇਈ ਭਾਈਚਾਰਿਆਂ ਦੇ ਮੈਂਬਰਾਂ ਦੇ ਨਾਲ-ਨਾਲ ਸੁਰੱਖਿਆ ਮੁਲਾਜ਼ਮ ਵੀ ਸ਼ਾਮਲ ਹਨ।