ਹੁਣ ਪੈਸਿਆਂ ਦੀ ਘਾਟ ਕਾਰਨ ਨਹੀਂ ਰੁਕੇਗਾ ਕਿਸੇ ਦਾ ਇਲਾਜ ! ਕੇਂਦਰ ਸਰਕਾਰ ਲਾਂਚ ਕਰਨ ਜਾ ਰਹੀ ਹੈ ਇਹ ਯੋਜਨਾ
Saturday, Jan 10, 2026 - 01:16 PM (IST)
ਨੈਸ਼ਨਲ ਡੈਸਕ- ਦੇਸ਼ 'ਚ ਹਰ ਸਾਲ ਸੜਕ ਹਾਦਸਿਆਂ ਕਾਰਨ ਹੁੰਦੀਆਂ ਮੌਤਾਂ ਦੇ ਅੰਕੜਿਆਂ ਨੂੰ ਘਟਾਉਣ ਲਈ ਕੇਂਦਰ ਸਰਕਾਰ ਨੇ ਇਕ ਕ੍ਰਾਂਤੀਕਾਰੀ ਕਦਮ ਚੁੱਕਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਪੂਰੇ ਦੇਸ਼ 'ਚ 'ਕੈਸ਼ਲੈੱਸ ਇਲਾਜ ਯੋਜਨਾ' ਲਾਗੂ ਕਰਨ ਜਾ ਰਹੇ ਹਨ, ਜਿਸ ਦਾ ਉਦੇਸ਼ ਪੈਸਿਆਂ ਦੀ ਕਮੀ ਕਾਰਨ ਕਿਸੇ ਵੀ ਹਾਦਸਾ ਪੀੜਤ ਦੀ ਜਾਨ ਜਾਣ ਤੋਂ ਰੋਕਣਾ ਹੈ।
ਹਾਦਸਿਆਂ ਦੀ ਭਿਆਨਕ ਤਸਵੀਰ
ਅੰਕੜਿਆਂ ਮੁਤਾਬਕ ਭਾਰਤ 'ਚ ਹਰ ਸਾਲ ਲਗਭਗ ਪੰਜ ਲੱਖ ਸੜਕ ਹਾਦਸੇ ਹੁੰਦੇ ਹਨ, ਜਿਨ੍ਹਾਂ 'ਚ ਤਕਰੀਬਨ 1.8 ਲੱਖ ਲੋਕ ਆਪਣੀ ਜਾਨ ਗੁਆ ਬੈਠਦੇ ਹਨ। ਮਾਹਰਾਂ ਦਾ ਮੰਨਣਾ ਹੈ ਕਿ ਇਨ੍ਹਾਂ 'ਚੋਂ ਜ਼ਿਆਦਾਤਰ ਮੌਤਾਂ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਹੁੰਦੀਆਂ ਹਨ, ਕਿਉਂਕਿ ਕਈ ਹਸਪਤਾਲ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਪੈਸਿਆਂ ਦੀ ਮੰਗ ਕਰਦੇ ਹਨ।
ਯੋਜਨਾ ਦੀਆਂ ਮੁੱਖ ਵਿਸ਼ੇਸ਼ਤਾਵਾਂ
1.5 ਲੱਖ ਤੱਕ ਦਾ ਮੁਫ਼ਤ ਇਲਾਜ: 'ਸੜਕ ਹਾਦਸਾ ਪੀੜਤਾਂ ਦੀ ਕੈਸ਼ਲੈੱਸ ਇਲਾਜ ਯੋਜਨਾ, 2025' ਤਹਿਤ ਹਰ ਪੀੜਤ ਨੂੰ ਹਾਦਸੇ ਦੀ ਤਰੀਕ ਤੋਂ ਵੱਧ ਤੋਂ ਵੱਧ 7 ਦਿਨਾਂ ਤੱਕ 1.5 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਇਆ ਜਾਵੇਗਾ।
ਹਰ ਥਾਂ ਲਾਗੂ: ਇਹ ਯੋਜਨਾ ਹਾਈਵੇਅ, ਸ਼ਹਿਰ ਦੀਆਂ ਸੜਕਾਂ ਜਾਂ ਪਿੰਡਾਂ ਦੇ ਰਸਤਿਆਂ 'ਤੇ ਹੋਣ ਵਾਲੇ ਹਰ ਤਰ੍ਹਾਂ ਦੇ ਮੋਟਰ ਵਾਹਨ ਹਾਦਸਿਆਂ 'ਤੇ ਲਾਗੂ ਹੋਵੇਗੀ।
ਪਹਿਲਾਂ ਇਲਾਜ, ਪੈਸੇ ਬਾਅਦ 'ਚ: ਹਸਪਤਾਲ 'ਚ ਭਰਤੀ ਹੋਣ ਸਮੇਂ ਪੀੜਤ ਜਾਂ ਉਸ ਦੇ ਪਰਿਵਾਰ ਨੂੰ ਪਹਿਲਾਂ ਪੈਸੇ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ।
ਲੋਕਾਂ ਦੀ ਝਿਜਕ ਹੋਵੇਗੀ ਖ਼ਤਮ: ਸਰਕਾਰ ਅਨੁਸਾਰ, ਇਸ ਯੋਜਨਾ ਨਾਲ ਐਂਬੂਲੈਂਸ ਸਟਾਫ਼, ਪੁਲਸ ਅਤੇ ਆਮ ਲੋਕ ਬਿਨਾਂ ਕਿਸੇ ਡਰ ਜਾਂ ਝਿਜਕ ਦੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾ ਸਕਣਗੇ।
ਚੰਡੀਗੜ੍ਹ ਤੋਂ ਹੋਈ ਸੀ ਸ਼ੁਰੂਆਤ
ਦੱਸਣਯੋਗ ਹੈ ਕਿ ਸੜਕ ਟਰਾਂਸਪੋਰਟ ਮੰਤਰਾਲੇ ਨੇ ਇਸ ਯੋਜਨਾ ਦਾ ਪਾਇਲਟ ਪ੍ਰਾਜੈਕਟ 14 ਮਾਰਚ 2024 ਨੂੰ ਚੰਡੀਗੜ੍ਹ 'ਚ ਸ਼ੁਰੂ ਕੀਤਾ ਸੀ, ਜਿਸ ਨੂੰ ਬਾਅਦ 'ਚ ਛੇ ਹੋਰ ਸੂਬਿਆਂ ਤੱਕ ਵਧਾਇਆ ਗਿਆ। ਹੁਣ ਤੱਕ ਇਸ ਯੋਜਨਾ ਤਹਿਤ 5,480 ਪੀੜਤਾਂ ਨੂੰ ਇਲਾਜ ਲਈ ਯੋਗ ਪਾਇਆ ਗਿਆ ਹੈ ਅਤੇ ਮੋਟਰ ਵਾਹਨ ਹਾਦਸਾ ਫੰਡ 'ਚੋਂ 73.88 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
