ਵੈਨੇਜ਼ੁਏਲਾ 'ਤੇ ਹੋਏ ਅਮਰੀਕੀ ਹਮਲੇ ਬਾਰੇ ਭਾਰਤ ਨੇ ਦਿੱਤਾ ਪਹਿਲਾ ਬਿਆਨ
Sunday, Jan 04, 2026 - 02:23 PM (IST)
ਨੈਸ਼ਨਲ ਡੈਸਕ- ਸ਼ਨੀਵਾਰ ਨੂੰ ਵੈਨੇਜ਼ੁਏਲਾ 'ਤੇ ਹੋਏ ਅਮਰੀਕੀ ਹਮਲੇ ਦਾ ਮੁੱਦਾ ਪੂਰੀ ਦੁਨੀਆ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਹਮਲੇ 'ਚ ਜਿੱਥੇ 40 ਵੈਨੇਜ਼ੁਏਲਾਈ ਨਾਗਰਿਕਾਂ ਦੀ ਮੌਤ ਹੋ ਗਈ, ਉੱਥੇ ਹੀ ਰਾਸ਼ਟਰਪਤੀ ਮਾਦੁਰੋ ਨੂੰ ਵੀ ਪਤਨੀ ਸਣੇ ਹਿਰਾਸਤ 'ਚ ਲੈ ਕੇ ਅਮਰੀਕਾ ਲਿਆਂਦਾ ਗਿਆ ਹੈ। ਅਮਰੀਕਾ ਦੀ ਇਸ ਕਾਰਵਾਈ ਦੀ ਵੈਨੇਜ਼ੁਏਲਾ ਦੇ ਕਈ ਨਾਗਰਿਕ ਸਮਰਥਨ ਕਰ ਰਹੇ ਹਨ, ਜਦਕਿ ਕਈ ਦੇਸ਼ ਇਸ ਨੂੰ ਗੈਰ-ਕਾਨੂੰਨੀ ਦੱਸ ਰਹੇ ਹਨ।
ਇਸੇ ਦੌਰਾਨ ਭਾਰਤ ਨੇ ਵੈਨੇਜ਼ੁਏਲਾ ਵਿੱਚ ਹੋਏ ਤਾਜ਼ਾ ਘਟਨਾਕ੍ਰਮ 'ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਵੈਨੇਜ਼ੁਏਲਾ ਦੀ ਬਦਲ ਰਹੀ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਭਾਰਤ ਨੇ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਯਕੀਨੀ ਬਣਾਉਣ ਲਈ ਸਬੰਧਤ ਪੱਖਾਂ ਨੂੰ ਸਾਰੇ ਮੁੱਦਿਆਂ ਨੂੰ ਸ਼ਾਂਤੀਪੂਰਨ ਢੰਗ ਨਾਲ ਅਤੇ ਗੱਲਬਾਤ ਰਾਹੀਂ ਹੱਲ ਕਰਨ ਦੀ ਅਪੀਲ ਕੀਤੀ ਹੈ। ਮੰਤਰਾਲੇ ਨੇ ਵੈਨੇਜ਼ੁਏਲਾ ਦੇ ਲੋਕਾਂ ਦੀ ਭਲਾਈ ਅਤੇ ਸੁਰੱਖਿਆ ਲਈ ਆਪਣੇ ਸਮਰਥਨ ਦੀ ਮੁੜ ਪੁਸ਼ਟੀ ਵੀ ਕੀਤੀ ਹੈ।

ਅਮਰੀਕਾ ਨੇ ਵੈਨੇਜ਼ੁਏਲਾ ਦੀ ਰਾਜਧਾਨੀ ਕਾਰਾਕਸ ਵਿੱਚ ਇਹ ਫੌਜੀ ਹਮਲਾ ਮਾਦੁਰੋ 'ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਲਗਾਤਾਰ ਲਗਾਏ ਜਾ ਰਹੇ ਦੋਸ਼ਾਂ ਤੋਂ ਬਾਅਦ ਕੀਤਾ ਹੈ, ਹਾਲਾਂਕਿ ਮਾਦੁਰੋ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਸੀ। ਅਮਰੀਕੀ ਫੌਜ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਨਿਊਯਾਰਕ ਲੈ ਗਈ ਹੈ, ਜਿਸ ਦੇ ਜਵਾਬ ਵਿੱਚ ਵੈਨੇਜ਼ੁਏਲਾ ਨੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।
ਇਸ ਦੌਰਾਨ ਕਾਰਾਕਸ ਵਿੱਚ ਭਾਰਤੀ ਦੂਤਾਵਾਸ ਉੱਥੇ ਰਹਿ ਰਹੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਲਗਾਤਾਰ ਸੰਪਰਕ ਵਿੱਚ ਹੈ। ਵਿਦੇਸ਼ ਮੰਤਰਾਲੇ ਨੇ ਭਰੋਸਾ ਦਿੱਤਾ ਹੈ ਕਿ ਉਹ ਭਾਰਤੀ ਨਾਗਰਿਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖਣਗੇ।
ਇਹ ਵੀ ਪੜ੍ਹੋ- ਅਮਰੀਕਾ ਦੀ ਏਅਰਸਟ੍ਰਾਈਕ ਮਗਰੋਂ ਉੱਤਰੀ ਕੋਰੀਆ ਨੇ ਵੀ ਛੱਡ'ਤੀਆਂ ਮਿਜ਼ਾਈਲਾਂ ! ਹਾਈ ਅਲਰਟ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
