‘ਕਾਨੂੰਨੀ ਪੇਸ਼ਾ ਗੁੰਡਾਗਰਦੀ ਨਾਲ ਕਲੰਕਿਤ ਹੋਇਆ’ : ਸੁਪਰੀਮ ਕੋਰਟ

Wednesday, Mar 18, 2026 - 11:22 PM (IST)

‘ਕਾਨੂੰਨੀ ਪੇਸ਼ਾ ਗੁੰਡਾਗਰਦੀ ਨਾਲ ਕਲੰਕਿਤ ਹੋਇਆ’ : ਸੁਪਰੀਮ ਕੋਰਟ

ਨਵੀਂ ਦਿੱਲੀ, (ਭਾਸ਼ਾ)- ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਟੋਲ ਪਲਾਜ਼ਾ ’ਚ ਭੰਨਤੋੜ ਕਰਨ ਅਤੇ ਟੋਲ ਕਰਮਚਾਰੀਆਂ ਵੱਲੋਂ ਪੇਸ਼ ਹੋਏ ਇਕ ਸਾਥੀ ਵਕੀਲ ਦੇ ਦਫ਼ਤਰ ’ਚ ਹੰਗਾਮਾ ਕਰਨ ਲਈ ਸਖਤ ਝਾੜ ਪਾਉਂਦੇ ਹੋਏ ਕਿਹਾ ਹੈ ਕਿ ਇਸ ਤਰ੍ਹਾਂ ਦੇ ‘ਗੁੰਡਾਗਰਦੀ ਦੇ ਕੰਮਾਂ ਨਾਲ ਕਾਨੂੰਨੀ ਪੇਸ਼ਾ ਕਲੰਕਿਤ ਹੋਇਆ ਹੈ।’

14 ਜਨਵਰੀ ਨੂੰ, ਹੈਦਰਗੜ੍ਹ ਤਹਿਸੀਲ ਦੇ ਟੋਲ ਪਲਾਜ਼ਾ ’ਤੇ ਇਕ ਕਾਰ ਦੇ ਲੰਘਣ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਪ੍ਰਤਾਪਗੜ੍ਹ ਨਿਵਾਸੀ ਐਡਵੋਕੇਟ ਰਤਨੇਸ਼ ਸ਼ੁਕਲਾ ’ਤੇ ਕਥਿਤ ਤੌਰ ’ਤੇ 5 ਲੋਕਾਂ ਨੇ ਹਮਲਾ ਕੀਤਾ ਸੀ। ਇਸ ਘਟਨਾ ਤੋਂ ਬਾਅਦ ਵਿਰੋਧ ’ਚ ਵੱਡੀ ਗਿਣਤੀ ’ਚ ਐਡਵੋਕੇਟ ਰਾਸ਼ਟਰੀ ਰਾਜਮਾਰਗ-731 ਦੇ ਲਖਨਊ-ਸੁਲਤਾਨਪੁਰ ਖੰਡ ’ਤੇ ਸਥਿਤ ਟੋਲ ਪਲਾਜ਼ਾ ’ਤੇ ਜਮ੍ਹਾ ਹੋ ਗਏ ਅਤੇ ਜ਼ਬਰਦਸਤੀ ਸੰਚਾਲਨ ਠੱਪ ਕਰ ਦਿੱਤਾ। ਬਾਅਦ ’ਚ, ਸਥਾਨਕ ਬਾਰ ਐਸੋਸੀਏਸ਼ਨ ਦੇ ਅੰਦਰ ਇਕ ਮਤਾ ਪਾਸ ਕੀਤਾ ਗਿਆ ਅਤੇ ਪ੍ਰਸਾਰਿਤ ਕੀਤਾ ਗਿਆ ਕਿ ਕੋਈ ਵੀ ਵਕੀਲ ਦੋਸ਼ੀ ਵਿਅਕਤੀਆਂ ਵੱਲੋਂ ਪੇਸ਼ ਨਹੀਂ ਹੋਵੇਗਾ।

ਮਤਾ ਪਾਸ ਹੋਣ ਦੇ ਬਾਵਜੂਦ, ਐਡਵੋਕੇਟ ਮਨੋਜ ਸ਼ੁਕਲਾ ਨੇ ਦੋਸ਼ੀ ਵੱਲੋਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਅਤੇ ਉਸ ਤੋਂ ਬਾਅਦ, ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਰੁੱਖਾ ਵਿਵਹਾਰ ਕੀਤਾ ਅਤੇ ਉਕਤ ਐਡਵੋਕੇਟ ਦੇ ਦਫ਼ਤਰ ਦੇ ਫਰਨੀਚਰ ਨੂੰ ਅੱਗ ਲਾ ਦਿੱਤੀ ਗਈ। ਇਸ ਤੋਂ ਬਾਅਦ ਮੁਲਜ਼ਮਾਂ ਨੇ ਸੁਪਰੀਮ ਕੋਰਟ ’ਚ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ, ਕਿਉਂਕਿ ਹੇਠਲੀ ਅਦਾਲਤ ’ਚ ਉਨ੍ਹਾਂ ਦੀ ਪ੍ਰਤੀਨਿਧਤਾ ਕਰਨ ਲਈ ਕੋਈ ਵਕੀਲ ਤਿਆਰ ਨਹੀਂ ਸੀ ਅਤੇ ਉਨ੍ਹਾਂ ਨੇ ਮੁਕੱਦਮੇ ਨੂੰ ਤਬਦੀਲ ਕਰਨ ਦੀ ਵੀ ਅਪੀਲ ਕੀਤੀ। ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਨੇ ਬਾਰਾਬੰਕੀ ਬਾਰ ਦੇ ਮੈਂਬਰਾਂ ਦੀ ਭੂਮਿਕਾ ਦੀ ਨਿੰਦਾ ਕੀਤੀ, ਜਿਨ੍ਹਾਂ ਨੇ ਪਟੀਸ਼ਨਰ ਵੱਲੋਂ ਜ਼ਮਾਨਤ ਪਟੀਸ਼ਨ ਦਾਇਰ ਕਰਨ ਵਾਲੇ ਵਕੀਲ ਦੇ ਦਫ਼ਤਰ ’ਚ ਭੰਨਤੋੜ ਆਦਿ ਕਰ ਕੇ ‘ਗੁੰਡਾਗਰਦੀ’ ਕੀਤੀ।

ਬੈਂਚ ਨੇ ਕਿਹਾ ਕਿ ਦੱਸੇ ਗਏ ਤੱਥ ਬੇਹੱਦ ਦਰਦਨਾਕ ਸਥਿਤੀ ਨੂੰ ਉਜਾਗਰ ਕਰਦੇ ਹਨ। ਕਾਨੂੰਨੀ ਪੇਸ਼ਾ, ਜਿਸ ਨੂੰ ਕਦੇ ਇਕ ਸਤਿਕਾਰਤ ਪੇਸ਼ਾ ਮੰਨਿਆ ਜਾਂਦਾ ਸੀ, 14 ਜਨਵਰੀ 2026 ਨੂੰ ਟੋਲ ਪਲਾਜ਼ਾ ’ਤੇ ਹੋਈ ਝੜਪ ਦੇ ਨਤੀਜੇ ਵਜੋਂ ਹੋਈ ਗੁੰਡਾਗਰਦੀ ਦੀਆਂ ਘਟਨਾਵਾਂ ਨਾਲ ਸਪਸ਼ਟ ਤੌਰ ’ਤੇ ਕਲੰਕਿਤ ਹੋ ਗਿਆ ਹੈ।


author

Rakesh

Content Editor

Related News