ਅਰਾਵਲੀ ਦੀਆਂ ਪਹਾੜੀਆਂ ਦੀ ਪਰਿਭਾਸ਼ਾ ਤੈਅ ਕਰਨ ਲਈ ਬਣਾਈ ਗਈ ਕਮੇਟੀ ਦੇ ਨਾਵਾਂ ਨੂੰ ਕੇਂਦਰ ਨੇ ਦਿੱਤੀ ਮਨਜ਼ੂਰੀ

Sunday, Mar 15, 2026 - 05:13 PM (IST)

ਅਰਾਵਲੀ ਦੀਆਂ ਪਹਾੜੀਆਂ ਦੀ ਪਰਿਭਾਸ਼ਾ ਤੈਅ ਕਰਨ ਲਈ ਬਣਾਈ ਗਈ ਕਮੇਟੀ ਦੇ ਨਾਵਾਂ ਨੂੰ ਕੇਂਦਰ ਨੇ ਦਿੱਤੀ ਮਨਜ਼ੂਰੀ

ਨਵੀਂ ਦਿੱਲੀ- ਕੇਂਦਰੀ ਵਾਤਾਵਰਣ ਮੰਤਰਾਲਾ ਨੇ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਉਸ ਨੂੰ ਕੇਂਦਰੀ ਉੱਚ ਅਧਿਕਾਰ ਪ੍ਰਾਪਤ ਕਮੇਟੀ ਵਲੋਂ ਪ੍ਰਸਤਾਵਿਤ 10 ਮੈਂਬਰੀ ਉੱਚ ਪੱਧਰੀ ਮਾਹਿਰ ਕਮੇਟੀ 'ਤੇ ਕੋਈ ਇਤਰਾਜ਼ ਨਹੀਂ ਹੈ, ਜਿਸ ਨੂੰ ਅਰਾਵਲੀ ਦੀਆਂ ਪਹਾੜੀਆਂ ਅਤੇ ਪਰਬਤਮਾਲਾ ਦੀ ਇਕ ਸਮਾਨ ਪਰਿਭਾਸ਼ਾ ਤੈਅ ਕਰਨ ਦਾ ਕੰਮ ਸੌਂਪਿਆ ਗਿਆ ਹੈ। ਸੁਪਰੀਮ ਕੋਰਟ 'ਚ ਦਾਖ਼ਲ ਇਕ ਹਲਫਨਾਮੇ 'ਚ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਨੇ ਉੱਚ ਪੱਧਰੀ ਮਾਹਿਰ ਕਮੇਟੀ ਲਈ ਸੁਝਾਏ ਗਏ ਨਾਵਾਂ ਦਾ ਸਮਰਥਨ ਕੀਤਾ ਹੈ। ਇਸ ਕਮੇਟੀ 'ਚ ਭਾਰਤੀ ਜੰਗਲਾਤ ਸਰਵੇਖਣ (ਐੱਫਐੱਸਆਈ), ਭਾਰਤੀ ਭੂ ਵਿਗਿਆਨਕ ਸਰਵੇਖਣ (ਜੀਐੱਸਆਈ) ਅਤੇ ਭਾਰਤੀ ਸਰਵੇਖਣ ਵਿਭਾਗ ਨਾਲ ਜੁੜੇ ਮੌਜੂਦਾ ਅਤੇ ਸੇਵਾਮੁਕਤ ਨੌਕਰਸ਼ਾਹਾਂ ਦੇ ਨਾਲ-ਨਾਲ ਸਿੱਖਿਆ ਸ਼ਾਸਤਰੀ ਵੀ ਸ਼ਾਮਲ ਹਨ।

ਹਲਫਨਾਮੇ 'ਚ ਕਿਹਾ ਗਿਆ ਹੈ,''ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਸਤਿਕਾਰ ਨਾਲ ਬੇਨਤੀ ਕਰਦਾ ਹੈ ਕਿ ਪ੍ਰਸਤਾਵਿਤ ਉੱਚ ਪੱਧਰੀ ਕਮੇਟੀ ਦੇ ਗਠਨ ਲਈ ਸੁਝਾਏ ਗਏ ਉਪਰੋਕਤ ਨਾਵਾਂ 'ਤੇ ਜੇਕਰ ਇਹ ਅਦਾਲਤ ਵਿਚਾਰ ਕਰਦਾ ਹੈ ਤਾਂ ਉਸ ਨੂੰ ਕੋਈ ਇਤਰਾਜ਼ ਨਹੀਂ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਫਿਲਹਾਲ ਮੰਤਰਾਲਾ ਕੋਲ ਉਕਤ ਕਮੇਟੀ 'ਚ ਸ਼ਾਮਲ ਕਰਨ ਲਈ ਕੋਈ ਵਾਧੂ ਨਾ ਨਹੀਂ ਹੈ।'' ਪ੍ਰਸਤਾਵਿਤ ਕਮੇਟੀ ਦੀ ਪ੍ਰਧਾਨਗੀ ਭਾਰਤੀ ਜੰਗਲਾਤ ਖੋਜ ਅਤੇ ਸਿੱਖਿਆ ਪ੍ਰੀਸ਼ਦ ਦੀ ਮੌਜੂਦਾ ਡਾਇਰੈਕਟਰ ਕੰਚਨ ਦੇਵੀ ਕਰੇਗੀ। ਹੋਰ ਮੈਂਬਰਾਂ 'ਚ ਐੱਫਐੱਸਆਈ ਦੇ ਸਾਬਕਾ ਡਾਇਰੈਕਟਰ ਜਨਰਲ ਸੁਭਾਸ਼ ਆਸ਼ੂਤੋਸ਼, ਜੀਐੱਸਆਈ ਦੇ ਸਾਬਕਾ ਡਾਇਰੈਕਟਰ ਰਾਜੇਂਦਰ ਕੁਮਾਰ ਸ਼ਰਮਾ, ਜਲਵਾਯੂ ਅਤੇ ਊਰਜਾ ਨੀਤੀ ਮਾਹਿਰ ਤੇਜਲ ਕਾਨਿਟਕਰ, ਸੀਨੀਅਰ ਸਿੱਖਿਆ ਸ਼ਾਸਤਰੀ ਅਤੇ ਜੀਵਨ ਵਿਗਿਆਨ ਸੋਧਕਰਤਾ ਜਯਾ ਪ੍ਰਕਾਸ਼ ਯਾਦਵ, ਸੀਨੀਅਰ ਭੂਗੋਲ ਵਿਗਿਆਨੀ ਅਤੇ ਵਿਦਵਾਨ ਤੇਜਬੀਰ ਸਿੰਘ ਰਾਣਾ, ਭਾਰਤ ਦੇ ਸਾਬਕਾ ਐਡੀਸ਼ਨਲ ਸਰਵੇਅਰ ਜਨਰਲ ਐੱਸ.ਵੀ. ਸਿੰਘ, ਗੁਜਰਾਤ ਦੇ ਸਾਬਕਾ ਪ੍ਰਧਾਨ ਮੁੱਖ ਜੰਗਲਾਤ ਕੰਜ਼ਰਵੇਟਰ ਸੀ.ਐੱਨ. ਪਾਂਡੇ ਅਤੇ ਨਾਗਾਲੈਂਡ ਦੇ ਸਾਬਕਾ ਪੀਸੀਸੀਐੱਫ ਧਰਮੇਂਦਰ ਪ੍ਰਕਾਸ਼ ਸ਼ਾਮਲ ਹਨ। ਸੁਪਰੀਮ ਕੋਰਟ ਨੇ 29 ਦਸੰਬਰ ਨੂੰ ਅਰਾਵਲੀ ਪਹਾੜੀਆਂ ਦੀ ਨਵੀਂ ਪਰਿਭਾਸ਼ਾ 'ਤੇ ਵਿਵਾਦ ਦਾ ਨੋਟਿਸ ਲੈਂਦੇ ਹੋਏ 20 ਨਵੰਬਰ ਦੇ ਆਪਣੇ ਆਦੇਸ਼ 'ਤੇ ਰੋਕ ਲਗਾ ਦਿੱਤੀ, ਜਿਸ 'ਚ ਇਨ੍ਹਾਂ ਪਹਾੜੀਆਂ ਅਤੇ ਸ਼੍ਰੇਣੀਆਂ ਦੀ ਇਕ ਸਮਾਨ ਪਰਿਭਾਸ਼ਾ ਨੂੰ ਸਵੀਕਾਰ ਕੀਤਾ ਗਿਆ ਸੀ। ਅਦਾਲਤ ਨੇ ਸਾਰੀਆਂ ਮਾਈਨਿੰਗ ਗਤੀਵਿਧੀਆਂ 'ਤੇ ਵੀ ਪਾਬੰਦੀ ਲਗਾ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News