ਕਰਿਆਨਾ ਦੁਕਾਨ ਨੂੰ ਲੱਗੀ ਭਿਆਨਕ ਅੱਗ, ਸਾਮਾਨ ਸੜ ਕੇ ਹੋਇਆ ਸੁਆਹ
Friday, Sep 22, 2023 - 06:17 PM (IST)

ਮੋਗਾ (ਆਜ਼ਾਦ) : ਬੀਤੀ ਦੇਰ ਰਾਤ ਮੇਨ ਬਾਜ਼ਾਰ ਮੋਗਾ ਵਿਚ ਸਥਿਤ ਕਰਿਆਨਾ ਸਟੋਰ ’ਤੇ ਭਿਆਨਕ ਅੱਗ ਲੱਗਣ ਨਾਲ ਸਾਰੀ ਦੁਕਾਨ ਸੜ ਕੇ ਰਾਖ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਅੱਗ ਲਗਾਉਣ ਦੀ ਜਾਣਕਾਰੀ ਮਿਲਣ ’ਤੇ ਨਗਰ ਨਿਗਮ ਮੋਗਾ ਦੇ ਮੇਅਰ ਅਤੇ ਪੁਲਸ ਮੁਲਾਜ਼ਮਾਂ ਤੋਂ ਇਲਾਵਾ ਫਾਇਰ ਬ੍ਰਿਗੇਡ ਮੋਗਾ ਦੇ ਮੁਲਾਜ਼ਮ ਉਥੇ ਪੁੱਜੇ ਅਤੇ ਢਾਈ ਘੰਟਿਆਂ ਦੀ ਸਖਤ ਮਿਹਨਤ ਦੇ ਬਾਅਦ ਉਨ੍ਹਾਂ ਅੱਗ ’ਤੇ ਕਾਬੂ ਪਾਇਆ ਗਿਆ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਨਗਰ ਨਿਗਮ ਮੋਗਾ ਦੇ ਫਾਇਰ ਅਧਿਕਾਰੀ ਵਰਿੰਦਰ ਕੁਮਾਰ ਨੇ ਕਿਹਾ ਕਿ ਅੱਗ ਇੰਨੀ ਭਿਆਨਕ ਸੀ ਕਿ ਚਾਰ ਗੱਡੀਆਂ ਪਾਣੀ ਦੀਆਂ ਭਰ ਕੇ ਲੈ ਕੇ ਜਾਣੀਆਂ ਪਈਆਂ ਅਤੇ ਅੱਗ ਬਝਾਉਣ ਵਿਚ ਫਾਇਰ ਮੁਲਾਜ਼ਮਾਂ ਜਗਤਾਰ ਸਿੰਘ, ਗੁਰਪ੍ਰੀਤ ਸਿੰਘ, ਸੁਖਪ੍ਰੀਤ ਸਿੰਘ, ਜਸਵਿੰਦਰ ਸਿੰਘ ਅਤੇ ਸੁਨੀਲ ਕੁਮਾਰ ਦੇ ਇਲਾਵਾ ਹੋਰ ਮੁਲਾਜ਼ਮ ਵੀ ਉਥੇ ਪੁੱਜੇ।
ਉਨ੍ਹਾਂ ਕਿਹਾ ਕਿ ਨਗਰ ਨਿਗਮ ਮੋਗਾ ਦੇ ਮੇਅਰ ਬਲਜੀਤ ਸਿੰਘ ਚਾਨੀ ਵੀ ਨਿਗਰਾਨੀ ਲਈ ਉਥੇ ਮੌਜੂਦ ਸਨ ਅਤੇ ਉਨ੍ਹਾਂ ਦੇ ਨਾਲ ਸਾਬਕਾ ਕੌਂਸਲਰ ਕ੍ਰਿਸ਼ਨ ਸੂਦ ਅਤੇ ਹੋਰ ਲੋਕ ਵੀ ਹਾਜ਼ਰ ਸਨ, ਜਿਨ੍ਹਾਂ ਨੇ ਲੋਕਾਂ ਨੂੰ ਚੌਕਸ ਕੀਤਾ ਕਿ ਉਹ ਦੁਕਾਨਦਾਰ ਦੀ ਹਰਸੰਭਵ ਮਦਦ ਕਰਨ ਦਾ ਯਤਨ ਕਰੇ, ਕਿਉਂਕਿ ਅੱਗ ਨਾਲ ਦੁਕਾਨ ਦੇ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਰਾਖ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਵੀ ਆਪਣੀ ਸੰਸਥਾ ਵੱਲੋਂ ਹਰ ਸੰਭਵ ਸਹਾਇਤਾ ਕਰਨ ਦਾ ਯਤਨ ਕਰਾਂਗੇ।
ਉਨ੍ਹਾਂ ਨੂੰ ਅੱਗ ਲੱਗਣ ਦੇ ਕਾਰਣਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਸ਼ੱਕ ਕੀਤਾ ਜਾ ਰਿਹਾ ਹੈ ਕਿ ਬਿਜਲੀ ਦੇ ਸ਼ਾਰਟ ਸਰਕਟ ਨਾਲ ਅੱਗ ਲੱਗੀ ਹੈ। ਜੇਕਰ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਅੱਗ ’ਤੇ ਕਾਬੂ ਨਾ ਪਾਉਂਦੇ ਤਾਂ ਆਸ-ਪਾਸ ਦੀਆਂ ਦੁਕਾਨਾਂ ਦੇ ਵੀ ਲਪੇਟ ਵਿਚ ਆ ਜਾਣ ਦੀ ਸੰਭਾਵਨਾ ਸੀ। ਦੁਕਾਨ ਮਾਲਕ ਮਿੱਤਲ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਦੁਕਾਨ ਵਿਚ ਪਿਆ ਫਰਨੀਚਰ, ਫਰਿੱਜ ਅਤੇ ਹੋਰ ਸਾਰਾ ਸਾਮਾਨ ਸੜ ਕੇ ਰਾਖ਼ ਹੋ ਗਿਆ ਹੈ।