ਨਸ਼ੇ ਵਾਲੀਆਂ ਗੋਲੀਆਂ ਅਤੇ ਨਾਜਾਇਜ਼ ਸ਼ਰਾਬ ਬਰਾਮਦ, ਔਰਤ ਸਮੇਤ 2 ਕਾਬੂ

Tuesday, Jun 06, 2023 - 05:41 PM (IST)

ਨਸ਼ੇ ਵਾਲੀਆਂ ਗੋਲੀਆਂ ਅਤੇ ਨਾਜਾਇਜ਼ ਸ਼ਰਾਬ ਬਰਾਮਦ, ਔਰਤ ਸਮੇਤ 2 ਕਾਬੂ

ਮੋਗਾ (ਆਜ਼ਾਦ) : ਨਸ਼ੇ ਵਾਲੇ ਪਦਾਰਥਾਂ ਖ਼ਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਮੋਗਾ ਪੁਲਸ ਨੇ ਇਕ ਔਰਤ ਸਮੇਤ ਦੋ ਨੂੰ ਕਾਬੂ ਕਰ ਕੇ ਨਸ਼ੇ ਵਾਲੀਆਂ ਗੋਲੀਆਂ ਅਤੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਥਾਣਾ ਧਰਮਕੋਟ ਦੇ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਜਦ ਥਾਣੇਦਾਰ ਬਲਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਨੂਰਪੁਰ ਰੋਡ ਧਰਮਕੋਟ ’ਤੇ ਜਾ ਰਹੇ ਸੀ ਤਾਂ ਮਹਿਲਾ ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਦਲਜੀਤ ਕੌਰ ਉਰਫ ਗੋਗੀ ਨਿਵਾਸੀ ਪਿੰਡ ਨੂਰਪੁਰ ਹਕੀਮਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਦੇ ਕੋਲੋਂ ਨਸ਼ੇ ਦੇ ਤੌਰ ’ਤੇ ਵਰਤੀਆਂ ਜਾਣ ਵਾਲੀਆਂ 60 ਗੋਲੀਆਂ ਬਰਾਮਦ ਕੀਤੀਆਂ। ਕਥਿਤ ਦੋਸ਼ੀ ਔਰਤ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਸ ਨੂੰ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਇਸੇ ਤਰ੍ਹਾਂ ਥਾਣਾ ਬਾਘਾ ਪੁਰਾਣਾ ਦੇ ਸਹਾਇਕ ਥਾਣੇਦਾਰ ਸਿਕੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਗੁਪਤ ਸੂਚਨਾਂ ਦੇ ਆਧਾਰ ’ਤੇ ਗੁਰਦੋਰ ਸਿੰਘ ਉਰਫ ਗੋਰਾ ਨਿਵਾਸੀ ਪਿੰਡ ਮਾਹਲਾ ਕਲਾਂ ਨੂੰ ਕਾਬੂ ਕਰ ਕੇ ਸਵਾ 8 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਕਥਿਤ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।


author

Gurminder Singh

Content Editor

Related News