ਬੀਬੀਆਂ ਨੂੰ ਮੁਫ਼ਤ ਬੱਸ ਸਫ਼ਰ ਬਣਿਆ ਮਜ਼ਾਕ, ਸਰਕਾਰੀ ਬੱਸਾਂ ਲੋਕਾਂ ਨੂੰ ਇੰਝ ਕਰ ਰਹੀਆਂ ਨੇ ਖੱਜਲ ਖੁਆਰ

Friday, May 21, 2021 - 07:15 PM (IST)

ਬਾਘਾ ਪੁਰਾਣਾ (ਚਟਾਨੀ) : ਬੀਬੀਆਂ ਨੂੰ ਸਰਕਾਰੀ ਬੱਸਾਂ ਵਿਚ ਮੁਫ਼ਤ ਸਫਰ ਦੀ ਸਹੂਲਤ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਸਰਕਾਰੀ ਬੱਸਾਂ ਵਾਲੇ ਬੱਸ ਅੱਡਿਆਂ ’ਤੇ ਖੜੀਆਂ ਬੀਬੀਆਂ ਨੂੰ ਵੇਖ ਕੇ ਬੱਸਾਂ ਅੱਡੇ ਤੋਂ ਅਗਾਂਹ ਪਿਛਾਂਹ ਖੜ੍ਹਾ ਕੇ ਸਵਾਰੀਆਂ ਉਤਾਰ ਦਿੰਦੇ ਹਨ ਅਤੇ ਬੀਬੀਆਂ ਵਿਚਾਰੀਆਂ ਝਾਕਦੀਆਂ ਰਹਿ ਜਾਂਦੀਆਂ ਹਨ, ਜਿਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਸਰਕਾਰੀ ਬੱਸਾਂ ਦਾ ਅਮਲਾ ਫੈਲਾ ਪ੍ਰਾਈਵੇਟ ਬੱਸਾਂ ਵਾਲਿਆਂ ਤੋਂ ਪੈਸੇ ਲੇ ਕੇ ਸਵਾਰੀਆਂ ਉਨ੍ਹਾਂ ਦੀਆਂ ਬੱਸਾਂ ਲਈ ਛੱਡ ਰਿਹਾ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਪਨਬਸ ਚੰਡੀਗੜ੍ਹ ਦੀ ਅਬੋਹਰ ਤੋਂ ਚੰਡੀਗੜ੍ਹ ਜਾਣ ਵਾਲੀ ਬੱਸ ਨੇ ਸਵਾਰੀਆਂ ਨੂੰ ਪਿੱਛੇ ਉਤਾਰ ਕੇ ਬੱਸ ਸਟੈਂਡ ਤੋਂ ਲੰਘਾਉਣ ਦੀ ਕੋਸ਼ਿਸ਼ ਕੀਤੀ ਪਰ ਉਥੇ ਖੜ੍ਹੀਆਂ ਬੀਬੀਆਂ ਅਤੇ ਮਰਦ ਸਵਾਰੀਆਂ ਨੇ ਬੱਸ ਅੱਗੇ ਹੋ ਕੇ ਰੋਕ ਲਈ। ਇਹ ਵੇਖਦਿਆਂ ਬੱਸ ਅੱਡੇ 'ਤੇ ਖੜ੍ਹੇ ਪ੍ਰਾਈਵੇਟ ਬੱਸਾਂ ਦੇ ਕਰਿੰਦੇ ਆ ਗਏ ਅਤੇ ਸਵਾਰੀਆਂ ਨਾਲ ਉਲਝਣ ਲੱਗ ਪਏ। ਜਿਸ ਕਰ ਕੇ ਮਾਹੌਲ ਤਣਾਅ ਪੂਰਨ ਹੋਣ ਕਰ ਕੇ ਸਰਕਾਰੀ ਬੱਸ ਵਾਲੇ ਨੂੰ ਬੀਬੀਆਂ ਨੂੰ ਚੜ੍ਹਾਉਣਾ ਪਿਆ। ਸਰਕਾਰੀ ਅਧਿਕਾਰੀਆਂ ਤੋਂ ਆਮ ਲੋਕਾਂ ਨੇ ਮੰਗ ਕੀਤੀ ਕਿ ਇਸ ਤਰ੍ਹਾਂ ਦੇ ਅਮਲੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਜੋ ਬੀਬੀਆਂ ਨੂੰ ਚੜ੍ਹਾਉਣ ਤੋਂ ਇਨਕਾਰ ਕਰਦੇ ਹਨ।

ਲੋਕਾਂ ਨੇ ਮੰਗ ਕੀਤੀ ਕਿ ਸਾਰੇ ਬੱਸ ਅੱਡਿਆਂ ’ਤੇ ਮੋਟੇ ਅੱਖਰਾਂ ਵਿਚ ਸਰਕਾਰੀ ਬੱਸਾਂ ਦੀ ਸਮਾਂ ਸਾਰਨੀ ਲਗਾਈ ਜਾਵੇ ਤਾਂ ਕਿ ਸਵਾਰੀਆਂ ਸਮੇਂ ਸਿਰ ਸਰਕਾਰੀ ਬੱਸਾਂ ’ਤੇ ਚੜ੍ਹ ਸਕਣ।ਸਵਾਰੀਆਂ ਨੂੰ ਇਹ ਵੀ ਉਜਰ ਹੈ ਕਿ ਉਂਝ ਤਾਂ ਸਰਕਾਰੀ ਬੱਸਾਂ ਵਾਲੇ ਕੋਰੋਨਾ ਕਾਰਣ 50 ਫ਼ੀਸਦੀ ਤੋਂ ਵੱਧ ਸਵਾਰੀਆਂ ਬਿਠਾਉਂਦੇ ਨਹੀਂ ਪਰ ਆਪ ਕੰਡਕਟਰ ਬਿਨਾਂ ਮਾਸਕ ਹੀ ਟਿਕਟਾਂ ਕੱਟੀ ਜਾਂਦੇ ਹੁੰਦੇ ਹਨ, ਇਨ੍ਹਾਂ ਦੀ ਜਾਂਚ ਕਰਨ ਕੋਈ ਨਹੀਂ ਆਉਂਦਾ।
 


Harnek Seechewal

Content Editor

Related News