ਬੇਸਹਾਰਾ ਪਸ਼ੂਆਂ ਦਾ ਕਹਿਰ, ਦੋ ਬੱਚਿਆਂ ਦੇ ਪਿਤਾ ਦੀ ਲਈ ਜਾਨ
06/05/2023 6:29:09 PM

ਮੋਗਾ (ਆਜ਼ਾਦ) : ਸੜਕਾਂ ’ਤੇ ਘੁੰਮਦੇ ਬੇਸਹਾਰਾ ਪਸ਼ੂ ਮਨੁੱਖੀ ਜ਼ਿੰਦਗੀਆਂ ਨਿਗਲ ਰਹੇ ਹਨ। ਭਾਵੇਂ ਕਈ ਦਫ਼ਾ ਇਨ੍ਹਾਂ ਪਸ਼ੂਆਂ ਦੀ ਸਾਂਭ-ਸੰਭਾਲ ਦਾ ਮਾਮਲਾ ਕਈ ਵਾਰ ਉੱਠਿਆ ਹੈ ਪ੍ਰੰਤੂ ਫ਼ਿਰ ਵੀ ਸਮੱਸਿਆ ਦਿਨੋਂ-ਦਿਨ ਗੰਭੀਰ ਬਣ ਰਹੀ ਹੈ। ਜ਼ਿਲ੍ਹੇ ਦੇ ਪਿੰਡ ਚਨੂੰਵਾਲਾ ਨਿਵਾਸੀ ਰਾਮ ਸਿੰਘ (35) ਦੀ ਬੇਸਹਾਰਾ ਪਸ਼ੂਆਂ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਗੁਰਨਾਇਬ ਸਿੰਘ ਨੇ ਦੱਸਿਆ ਕਿ ਰਾਮ ਸਿੰਘ ਬਾਘਾਪੁਰਾਣਾ ਵਿਖੇ ਪ੍ਰਾਈਵੇਟ ਸਰਵਿਸ ਕਰਦਾ ਸੀ, ਜਦੋਂ ਉਹ ਆਪਣੀ ਪਤਨੀ ਸਬਦੀਪ ਕੌਰ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਘਰ ਦਾ ਸਾਮਾਨ ਲੈ ਕੇ ਵਾਪਸ ਆਪਣੇ ਪਿੰਡ ਜਾ ਰਿਹਾ ਸੀ ਤਾ ਜਦੋਂ ਉਹ ਪਿੰਡ ਚਨੂੰਵਾਲਾ ਨੇੜੇ ਪਹੁੰਚਿਆ ਤਾਂ ਬੇਸਹਾਰਾ ਪਸ਼ੂ ਦੀ ਲਪੇਟ ਵਿਚ ਆ ਕੇ ਮੋਟਰਸਾਈਕਲ ਤੋਂ ਡਿੱਗ ਪਿਆ, ਜਿਸ ਨਾਲ ਸਿਰ ’ਤੇ ਗੰਭੀਰ ਸੱਟ ਲੱਗੀ।
ਉਨ੍ਹਾਂ ਕਿਹਾ ਕਿ ਪੀੜਤ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਲਿਜਾਇਆ ਗਿਆ, ਜਿੱਥੇ ਉਸਨੇ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੋ ਬੱਚਿਆ ਦਾ ਪਿਤਾ ਸੀ। ਪੁਲਸ ਨੇ ਮ੍ਰਿਤਕ ਦੀ ਪਤਨੀ ਸਬਦੀਪ ਕੌਰ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕੀਤੀ ਹੈ।