ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਟਰੈਵਲ ਏਜੰਟ ਨੇ ਠੱਗੇ 14 ਲੱਖ 90 ਹਜ਼ਾਰ

03/10/2024 6:12:41 PM

ਮੋਗਾ (ਆਜ਼ਾਦ) : ਸ਼ਹੀਦ ਭਗਤ ਸਿੰਘ ਮਾਰਕੀਟ ਵਿਚ ਸਥਿਤ ਐਡੀਸ਼ਨ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸ ਦੇ ਸੰਚਾਲਕ ਲਖਵਿੰਦਰ ਸਿੰਘ ਸੰਧੂ ਵੱਲੋਂ ਜੋਧ ਸਿੰਘ ਨਿਵਾਸੀ ਪਿੰਡ ਦੰਮੋਵਾਲ ਮਕੇਰੀਆ ਹੁਸ਼ਿਆਰਪੁਰ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 19 ਲੱਖ 90 ਹਜ਼ਾਰ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਕਥਿਤ ਮੁਲਜ਼ਮ ਟਰੈਵਲ ਏਜੰਟ ਖ਼ਿਲਾਫ਼ ਥਾਣਾ ਸਿਟੀ ਮੋਗਾ ਵਿਚ ਧੋਖਾਦੇਹੀ ਦਾ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਜੋਧ ਸਿੰਘ ਨੇ ਕਿਹਾ ਕਿ ਉਨ੍ਹਾਂ ਫਰਵਰੀ 2021 ਵਿਚ ਕਥਿਤ ਟਰੈਵਲ ਏਜੰਟ ਨਾਲ ਕੈਨੇਡਾ ਜਾਣ ਦੀ ਗੱਲ ਕੀਤੀ ਸੀ ਤਾਂ ਉਸ ਨੇ ਕਿਹਾ ਕਿ 23 ਲੱਖ ਰੁਪਏ ਖਰਚਾ ਆਵੇਗਾ, ਉਹ ਤੁਹਾਨੂੰ ਕੈਨੇਡਾ ਭੇਜ ਕੇ ਕੰਮ ’ਤੇ ਵੀ ਲਵਾਏਗਾ, ਜਿਸ ’ਤੇ ਅਸੀਂ ਉਸ ਦੇ ਝਾਂਸੇ ਵਿਚ ਆ ਗਏ ਅਤੇ ਫਰਵਰੀ 2021 ਵਿਚ ਅਸੀਂ ਉਸ ਨੂੰ ਆਪਣਾ ਪਾਸਪੋਰਟ ਅਤੇ ਹੋਰ ਦਸਤਾਵੇਜ਼ ਦੇ ਦਿੱਤੇ ਅਤੇ ਇਸ ਦੇ ਕਹਿਣ ’ਤੇ ਵੱਖ-ਵੱਖ ਬੈਂਕ ਖਾਤਿਆਂ ਵਿਚ 19 ਲੱਖ 90 ਹਜ਼ਾਰ ਰੁਪਏ ਪਾ ਦਿੱਤੇ।

ਬਾਅਦ ਵਿਚ ਉਕਤ ਟਰੈਵਲ ਏਜੰਟ ਨੇ ਕਿਹਾ ਕਿ ਮੈਂ ਤੁਹਾਨੂੰ ਪਹਿਲਾਂ ਦੁਬਈ ਭੇਜਾਂਗਾ, ਜਿਥੇ ਮੇਰਾ ਆਪਣਾ ਬੰਦਾ ਹੈ ਉਸ ਕੋਲ ਤੁਹਾਨੂੰ 3 ਤੋਂ 6 ਮਹੀਨੇ ਰਹਿਣਾ ਪਵੇਗਾ। ਉਸ ਨੇ ਮੈਂਨੂੰ ਦੁਬਈ ਭੇਜ ਦਿੱਤਾ, ਜਿੱਥੇ ਇਸ ਦੇ ਸੱਜਣ ਸ਼ਾਹੀਦ ਇਮਰਾਨ ਟਰੈਵਲ ਏਜੰਟ ਨਾਲ ਸਾਡੀ ਗੱਲ ਹੋਈ ਅਤੇ ਉਹ ਸਾਨੂੰ ਘਰ ਲੈ ਗਿਆ, ਜਿੱਥੇ ਪਹਿਲਾਂ ਹੀ ਹਰਿਆਣੇ ਦੇ ਕਰੀਬ 22 ਲੜਕੇ ਅਤੇ ਦੋ ਫੈਮਿਲੀਆਂ ਮੌਜੂਦ ਸਨ। ਸਾਨੂੰ ਉਕਤ ਪਾਕਿਸਤਾਨੀ ਏਜੰਟ ਬਾਰੇ ਦੱਸਿਆ ਗਿਆ ਕਿ ਇਹ ਬੰਦਾ ਬਹੁਤ ਗਲਤ ਹੈ। ਅਸੀਂ ਫਸੇ ਹਾਂ ਤੁਸੀਂ ਇਸ ਨੂੰ ਕੋਈ ਪੈਸਾ ਨਾ ਦੇਣਾ ਪਰ ਅਸੀਂ ਆਪਣੇ ਟਰੈਵਲ ਏਜੰਟ ਦੇ ਕਹਿਣ ’ਤੇ ਇਸ ਨੂੰ 3 ਲੱਖ ਰੁਪਏ ਵਾਲਾ ਕਾਰਡ ਦੇ ਦਿੱਤਾ। ਇਸ ਉਪਰੰਤ ਸਾਨੂੰ ਉਸ ਨੇ ਟਾਰਚਰ ਕਰਨਾ ਸ਼ੁਰੂ ਕਰ ਦਿੱਤਾ। ਮੇਰੇ ਦੁਬਈ ਵੀਜ਼ੇ ਦੀ ਮੁਨਿਆਦ ਖਤਮ ਹੋ ਗਈ ਸੀ। ਮੈਂ ਕਿਸੇ ਤਰ੍ਹਾਂ ਇੰਡੀਆ ਪੁੱਜ ਗਿਆ ਅਤੇ ਮੈਂ ਲਖਵਿੰਦਰ ਸਿੰਘ ਸੰਧੂ ਨੂੰ ਫੋਨ ਕੀਤਾ ਤਾਂ ਉਹ ਆਪਣੇ ਦੋ ਸਾਥੀਆਂ ਨਾਲ ਦਿੱਲੀ ਆ ਗਿਆ, ਜਿਸ ਨੇ ਕਿਹਾ ਕਿ ਉਹ ਤੁਹਾਨੂੰ ਈਰਾਨ ਦੇ ਰਸਤੇ ਭੇਜ ਦੇਵੇਗਾ, ਜਿਸ ਦੇ ਕਹਿਣ ’ਤੇ ਅਸੀਂ ਯਕੀਨ ਕਰ ਲਿਆ।

ਉਸ ਨੇ ਮੈਂਨੂੰ ਇਸ ਦੇ ਬਾਅਦ ਈਰਾਨ ਮੈਂਨੂੰ ਭੇਜ ਦਿੱਤਾ, ਜਿੱਥੇ ਸਾਨੂੰ ਕੋਈ ਕੰਮ ਨਾ ਮਿਲਿਆ ਅਤੇ ਮੇਰਾ ਵੀਜ਼ਾ ਵੀ ਖ਼ਤਮ ਹੋ ਗਿਆ ਅਤੇ ਹੋਟਲ ਵਾਲਿਆਂ ਨੇ ਵੀ ਮੈਂਨੂੰ ਕੱਢ ਦਿੱਤਾ, ਜਿਸ ’ਤੇ ਮੈਂ ਬਹੁਤ ਹੀ ਮੁਸ਼ਕਿਲ ਨਾਲ 1 ਸਤੰਬਰ 2022 ਨੂੰ ਇੰਡੀਆ ਵਾਪਸ ਪੁੱਜ ਗਿਆ ਅਤੇ ਇਸ ਨਾਲ ਗੱਲ ਕੀਤੀ ਤਾਂ ਇਹ ਪਹਿਲਾਂ ਤਾਂ ਟਾਲ ਮਟੋਲ ਕਰਦਾ ਰਿਹਾ, ਜਦੋਂ ਅਸੀਂ ਪੰਚਾਇਤੀ ਤੌਰ ’ਤੇ ਇਸ ਕੋਲ ਪੁੱਜੇ ਤਾਂ ਇਸ ਨੇ ਸਾਨੂੰ 15 ਦਿਨਾਂ ਦੇ ਅੰਦਰ ਤੁਹਾਡੇ ਪੈਸੇ ਦੇ ਦੇਵਾਂਗਾ ਅਤੇ ਉਸ ਨੇ ਸਾਨੂੰ ਦੋ ਚੈੱਕ ਇਕ 5 ਲੱਖ ਅਤੇ ਇਕ 3 ਲੱਖ ਰੁਪਏ ਦਾ ਦੇ ਦਿੱਤਾ ਜੋ ਬੈਂਕ ਵਿਚੋਂ ਪਾਸ ਨਾ ਹੋ ਸਕਿਆ। ਸ਼ਿਕਾਇਤਕਰਤਾ ਨੇ ਕਿਹਾ ਕਿ ਮੇਰੇ ਪਿਤਾ ਜੋ ਸਾਬਕਾ ਫੌਜੀ ਹਨ। ਉਨ੍ਹਾਂ ਨੇ ਬਹੁਤ ਹੀ ਮੁਸ਼ਕਿਲ ਨਾਲ ਵਿਆਜ਼ ’ਤੇ ਪੈਸੇ ਲੈ ਕੇ ਟਰੈਵਲ ਏਜੰਟ ਨੂੰ ਦਿੱਤੇ ਅਤੇ ਉਹ ਹੁਣ ਸਾਨੂੰ ਧਮਕੀਆਂ ਦੇ ਰਿਹਾ ਹੈ ਅਤੇ ਪੈਸੇ ਵਾਪਸ ਨਹੀਂ ਕੀਤੀ ਅਤੇ ਸਾਡੇ ਨਾਲ ਧੋਖਾਦੇਹੀ ਕੀਤੀ ਹੈ।

ਜ਼ਿਲ੍ਹਾ ਪੁਲਸ ਮੁਖੀ ਮੋਗਾ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਂਚ ਐੱਸ. ਪੀ. ਆਈ. ਮੋਗਾ ਨੂੰ ਕਰਨ ਦਾ ਆਦੇਸ਼ ਦਿੱਤਾ, ਜਿਸ ਨੇ ਜਾਂਚ ਸਮੇਂ ਦੋਹਾਂ ਧਿਰਾਂ ਨੂੰ ਆਪਣੇ ਬਿਆਨ ਦਰਜ ਕਰਵਾਉਣ ਲਈ ਸੱਦਿਆ। ਜਾਂਚ ਉਪਰੰਤ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਕਥਿਤ ਮੁਲਜ਼ਮ ਟਰੈਵਲ ਏਜੰਟ ਖ਼ਿਲਾਫ਼ ਥਾਣਾ ਸਿਟੀ ਮੋਗਾ ਵਿਚ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਵਲੋਂ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਕਥਿਤ ਮੁਲਜ਼ਮ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਦੇ ਜਲਦੀ ਕਾਬੂ ਆ ਜਾਣ ਦੀ ਸੰਭਾਵਨਾ ਹੈ।


Gurminder Singh

Content Editor

Related News