US ਤੋਂ ਡਿਪੋਰਟ ਕੀਤੇ ਨੌਜਵਾਨਾਂ ਮਗਰੋਂ ਕਸੂਤੇ ਫਸੇ ਪੰਜਾਬ 'ਚ ਟ੍ਰੈਵਲ ਏਜੰਟ, ਸਰਕਾਰ ਨੇ ਕਰ 'ਤੀ ਵੱਡੀ ਕਾਰਵਾਈ

Thursday, Feb 20, 2025 - 12:41 PM (IST)

US ਤੋਂ ਡਿਪੋਰਟ ਕੀਤੇ ਨੌਜਵਾਨਾਂ ਮਗਰੋਂ ਕਸੂਤੇ ਫਸੇ ਪੰਜਾਬ 'ਚ ਟ੍ਰੈਵਲ ਏਜੰਟ, ਸਰਕਾਰ ਨੇ ਕਰ 'ਤੀ ਵੱਡੀ ਕਾਰਵਾਈ

ਚੰਡੀਗੜ੍ਹ/ਜਲੰਧਰ (ਅੰਕੁਰ, ਧਵਨ)-ਪੰਜਾਬ ਪੁਲਸ ਦੀ ਵਿਸ਼ੇਸ਼ ਜਾਂਚ ਟੀਮ ਨੇ ਟ੍ਰੈਵਲ ਏਜੰਟਾਂ ਵਿਰੁੱਧ 5 ਨਵੀਆਂ ਐੱਫ. ਆਈ. ਆਰਜ਼ ਦਰਜ ਕਰਦਿਆਂ ਦੋ ਨੂੰ ਗ੍ਰਿਫ਼ਤਾਰ ਕੀਤਾ ਹੈ। ਏ. ਡੀ. ਜੀ.ਪੀ. ਐੱਨ. ਆਰ. ਆਈ. ਮਾਮਲੇ ਪ੍ਰਵੀਨ ਸਿਨਹਾ ਦੀ ਅਗਵਾਈ ਵਾਲੀ ਪੰਜਾਬ ਪੁਲਸ ਦੀ ਵਿਸ਼ੇਸ਼ ਜਾਂਚ ਟੀਮ ਨੇ ਟ੍ਰੈਵਲ ਏਜੰਟਾਂ ਵਿਰੁੱਧ ਪੰਜ ਨਵੀਆਂ ਐੱਫ਼. ਆਈ. ਆਰਜ਼ ਦਰਜ ਕੀਤੀਆਂ ਹਨ ਅਤੇ ਦੋ ਹੋਰ ਧੋਖੇਬਾਜ਼ ਟਰੈਵਲ ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਹੁਣ ਤੱਕ ਕੁੱਲ੍ਹ ਐੱਫ਼. ਆਈ. ਆਰਜ਼ ਦੀ ਗਿਣਤੀ 15 ਹੋ ਗਈ ਹੈ ਜਦਕਿ ਗ੍ਰਿਫ਼ਤਾਰੀਆਂ ਦੀ ਗਿਣਤੀ 3 ਹੋ ਗਈ ਹੈ। ਇਹ ਐੱਫ਼. ਆਈ. ਆਰਜ਼ ਉਨ੍ਹਾਂ ਏਜੰਟਾਂ ਵਿਰੁੱਧ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਨੇ ਕਥਿਤ ਤੌਰ ’ਤੇ ਪੀੜਤਾਂ ਨੂੰ ਅਮਰੀਕਾ ’ਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਦੇ ਝੂਠੇ ਵਾਅਦੇ ਕਰਕੇ ਧੋਖਾ ਦਿੱਤਾ ਸੀ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਦੀ ਵਤਨ ਵਾਪਸੀ ਹੋਈ ਹੈ। ਤਾਜ਼ਾ ਐੱਫ਼. ਆਈ. ਆਰਜ਼ 17 ਅਤੇ 18 ਫਰਵਰੀ ਨੂੰ ਤਰਨਤਾਰਨ, ਐੱਸ. ਏ. ਐੱਸ. ਨਗਰ, ਮੋਗਾ ਅਤੇ ਸੰਗਰੂਰ ਜ਼ਿਲ੍ਹਿਆਂ ’ਚ ਦਰਜ ਕੀਤੀਆਂ ਗਈਆਂ ।

ਇਹ ਵੀ ਪੜ੍ਹੋ :  ਪੰਜਾਬ 'ਚ NRIs ਨੂੰ ਲੈ ਕੇ ਅਹਿਮ ਖ਼ਬਰ, ਮੰਤਰੀ ਧਾਲੀਵਾਲ ਨੇ ਜਾਰੀ ਕੀਤੇ ਸਖ਼ਤ ਹੁਕਮ

ਦਰਜ ਹੋਈਆਂ ਐੱਫ਼. ਆਈ. ਆਰ. ’ਚ 17 ਫਰਵਰੀ ਨੂੰ ਐੱਫ਼. ਆਈ. ਆਰ. ਨੰਬਰ 25 ਸ਼ਾਮਲ ਹੈ ,ਜੋ ਤਰਨਤਾਰਨ ਦੇ ਪੁਲਸ ਸਟੇਸ਼ਨ ਪੱਟੀ ’ਚ ਚੰਡੀਗੜ੍ਹ ਤੇ ਯਮੁਨਾ ਨਗਰ ਤੋਂ ਕੰਮ ਕਰਨ ਵਾਲੇ ਇਕ ਏਜੰਟ, ਜਿਸ ਨੇ ਕਾਨੂੰਨੀ ਇਮੀਗ੍ਰੇਸ਼ਨ ਦੇ ਬਹਾਨੇ ਇਕ ਪੀੜਤ ਤੋਂ ਧੋਖਾਧੜੀ ਨਾਲ 44 ਲੱਖ ਰੁਪਏ ਵਸੂਲੇ ਸਨ ਪਰ ਉਸ ਨੂੰ ਨਿਕਾਰਾਗੁਆ ਅਤੇ ਮੈਕਸੀਕੋ ਰਾਹੀਂ ਅਮਰੀਕਾ ਭੇਜਿਆ, ਵਿਰੁੱਧ ਦਰਜ ਕੀਤੀ ਗਈ ਹੈ। ਐੱਫ਼. ਆਈ. ਆਰ. ਨੰ. 19 ਮਿਤੀ 17 ਫਰਵਰੀ ਐੱਸ. ਏ. ਐੱਸ. ਨਗਰ ਦੇ ਪੁਲਸ ਸਟੇਸ਼ਨ ਮਾਜਰੀ ਵਿਖੇ ਏਜੰਟ ਮੁਕੁਲ ਅਤੇ ਗੁਰਜਿੰਦਰ ਅੰਟਾਲ ਵਿਰੁੱਧ ਦਰਜ ਕੀਤੀ ਗਈ, ਜਿਨ੍ਹਾਂ ਨੇ ਇਕ ਪੀੜਤ ਨੂੰ ਗੁੰਮਰਾਹ ਕਰਕੇ 45 ਲੱਖ ਰੁਪਏ ਵਸੂਲੇ ਅਤੇ ਉਸ ਨੂੰ ਕੋਲੰਬੀਆ ਅਤੇ ਮੈਕਸੀਕੋ ਰਾਹੀਂ ਭੇਜਿਆ।

ਇਹ ਵੀ ਪੜ੍ਹੋ :  ਬੰਦ ਹੋ ਗਿਆ ਜਲੰਧਰ ਦਾ ਇਹ ਵੱਡਾ ਹਾਈਵੇਅ, ਗੱਡੀਆਂ 'ਚ ਫਸੇ ਰਹੇ ਲੋਕ, ਜਾਣੋ ਕੀ ਰਿਹਾ ਕਾਰਨ
ਇਸੇ ਤਰ੍ਹਾਂ ਐੱਫ਼. ਆਈ. ਆਰ. ਨੰਬਰ 30 ਮਿਤੀ 18/2/2025 ਨੂੰ ਮੋਗਾ ਦੇ ਪੁਲਸ ਸਟੇਸ਼ਨ ਧਰਮਕੋਟ ਵਿਖੇ ਦਰਜ ਕੀਤੀ ਗਈ, ਜਿਸ ਵਿਚ ਮੁਲਜ਼ਮਾਂ ਦੀ ਪਛਾਣ ਸੁਖਵਿੰਦਰ ਸਿੰਘ, ਤਲਵਿੰਦਰ ਸਿੰਘ, ਪ੍ਰੀਤਮ ਕੌਰ ਅਤੇ ਗੁਰਪ੍ਰੀਤ ਸਿੰਘ ਵਜੋਂ ਹੋਈ, ਜਿਨ੍ਹਾਂ ਵਿਚ ਏਕਮ ਟ੍ਰੈਵਲਜ਼ ਚੰਡੀਗੜ੍ਹ ਦੇ ਮੈਂਬਰ ਵੀ ਸ਼ਾਮਲ ਹਨ, ਜਿਨ੍ਹਾਂ ਨੇ ਇਕ ਪੀੜਤ ਨੂੰ ਝੂਠੇ ਵਰਕ ਪਰਮਿਟ ਅਤੇ ਸਿੱਧੀ ਯੂ. ਐੱਸ. ਏ. ਫਲਾਈਟ ਦਾ ਲਾਲਚ ਦੇ ਕੇ 45 ਲੱਖ ਰੁਪਏ ਦੀ ਰਕਮ ਵਸੂਲੀ ਸੀ ਪਰ ਉਸ ਨੂੰ ਸਪੇਨ ਅਤੇ ਅਲ ਸੈਲਵਾਡੋਰ ਰਾਹੀਂ ਅਮਰੀਕਾ ਭੇਜਿਆ। ਬਾਕੀ 2 ਐੱਫ਼. ਆਈ. ਆਰਜ਼ ’ਚ ਐੱਫ਼. ਆਈ. ਆਰ. ਨੰ. 15 ਮਿਤੀ 18/2/2025 ਨੂੰ ਸੰਗਰੂਰ ਦੇ ਪੁਲਸ ਥਾਣਾ ਖਨੌਰੀ ਵਿਖੇ ਹਰਿਆਣਾ ਦੇ ਅੰਗਰੇਜ਼ ਸਿੰਘ ਅਤੇ ਜਗਜੀਤ ਸਿੰਘ ਦੁਆਰਾ ਚਲਾਈ ਜਾ ਰਹੀ ਵੀਜ਼ਾ ਅਤੇ ਟ੍ਰੈਵਲ ਕੰਪਨੀ ਵਿਰੁੱਧ ਦਰਜ ਕੀਤੀ ਗਈ ਹੈ। ਐੱਫ਼. ਆਈ. ਆਰ. ਨੰਬਰ 95 ਮਿਤੀ 18 ਫਰਵਰੀ ਨੂੰ ਪੁਲਸ ਸਟੇਸ਼ਨ ਗੋਇੰਦਵਾਲ ਸਾਹਿਬ ਵਿਖੇ ਏਜੰਟ ਗੋਲਡੀ ਵਿਰੁੱਧ ਦਰਜ ਕੀਤੀ ਗਈ ਹੈ, ਜੋਕਿ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਕੰਮ ਕਰ ਰਿਹਾ ਸੀ। ਉਸ ਨੇ ਪੀੜਤ ਨੂੰ ਅਮਰੀਕਾ ’ਚ ਕਾਨੂੰਨੀ ਦਾਖ਼ਲਾ ਦਿਵਾਉਣ ਲਈ 45 ਲੱਖ ਵਸੂਲੇ ਸਨ। ਅੰਗਰੇਜ਼ ਸਿੰਘ ਤੇ ਜਗਜੀਤ ਸਿੰਘ ਵਜੋਂ ਪਛਾਣੇ ਗਏ ਦੋ ਟ੍ਰੈਵਲ ਏਜੰਟਾਂ ਨੂੰ ਸੰਗਰੂਰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ: ਪੰਜਾਬ 'ਚ ਚੱਲ ਰਹੀਆਂ ਫੈਕਟਰੀਆਂ 'ਚ ਪਾਵਰਕਾਮ ਨੇ ਵੱਡੀ ਕਾਰਵਾਈ ਦੀ ਖਿੱਚੀ ਤਿਆਰੀ


author

shivani attri

Content Editor

Related News