ਥਾਣਾ ਐੱਨ.ਆਰ.ਆਈ. ਪੁਲਸ ਦੀ ਵੱਡੀ ਕਾਰਵਾਈ, ਟਰੈਵਲ ਏਜੰਟ ਗ੍ਰਿਫ਼ਤਾਰ

Wednesday, Feb 12, 2025 - 06:12 PM (IST)

ਥਾਣਾ ਐੱਨ.ਆਰ.ਆਈ. ਪੁਲਸ ਦੀ ਵੱਡੀ ਕਾਰਵਾਈ, ਟਰੈਵਲ ਏਜੰਟ ਗ੍ਰਿਫ਼ਤਾਰ

ਗੁਰਦਾਸਪੁਰ (ਹਰਮਨ) : ਪੰਜਾਬ ਸਰਕਾਰ ਅਤੇ ਵਧੀਕ ਡਾਇਰੈਕਟਰ ਜਨਰਲ ਪੁਲਸ, ਐੱਨ.ਆਰ.ਆਈ. ਵਿੰਗ, ਐੱਸ.ਏ.ਐੱਸ. ਨਗਰ ਵੱਲੋਂ ਗੈਰ ਕਾਨੂੰਨੀ ਟ੍ਰੈਵਲ ਏਜੰਟਾਂ ਨੂੰ ਸ਼ਿਕੰਜਾ ਪਾਉਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਗੈਰ-ਕਾਨੂੰਨੀ ਟਰੈਵਲ ਏਜੰਟ ਜੋ ਭੋਲੇ-ਭਾਲੇ ਲੋਕਾਂ ਨੂੰ ਬਾਹਰਲੇ ਮੁਲਕ ਵਿਚ ਭੇਜਣ ਦਾ ਝਾਂਸਾ ਦੇ ਕੇ ਦੇ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਆਪਣੇ ਜਾਲ ਵਿਚ ਫਸਾ ਲੈਂਦੇ ਹਨ, ਇਸ ਮੁਹਿੰਮ ਤਹਿਤ ਅਜਿਹੇ ਟਰੈਵਲ ਏਜੰਟਾਂ ਖ਼ਿਲਾਫ ਮੁਕੱਦਮੇ ਦਰਜ ਕਰਨ ਦੀ ਮੁਹਿੰਮ ਚੱਲ ਰਹੀ ਹੈ। ਇਸ ਸੰਬੰਧੀ ਕਾਫੀ ਗੈਰ ਕਾਨੂੰਨੀ ਟ੍ਰੈਵਲ ਏਜੰਟਾਂ ਖ਼ਿਲਾਫ ਮੁਕੱਦਮੇ ਦਰਜ ਕੀਤੇ ਗਏ ਹਨ। 

ਇਸ ਦੇ ਚੱਲਦੇ ਜਗਜੀਤ ਸਿੰਘ ਵਾਲੀਆ, ਸਹਾਇਕ ਇੰਸਪੈਕਟਰ ਜਨਰਲ ਪੁਲਸ, ਐੱਨ.ਆਰ.ਆਈ. ਵਿੰਗ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ 'ਤੇ ਅੱਜ ਥਾਣਾ ਐੱਨ.ਆਰ.ਆਈ. ਗੁਰਦਾਸਪੁਰ ਦੇ ਮੁੱਖ ਅਫਸਰ ਇੰਸਪੈਕਟਰ ਹਰਪ੍ਰੀਤ ਸਿੰਘ ਦੀ ਟੀਮ ਵੱਲੋਂ ਮੁਕੱਦਮਾ ਨੰਬਰ 34 ਮਿਤੀ 06-10-2024 ਜ਼ੁਰਮ 406, 420, 465, 468, 471, 34 ਆਈਪੀਸੀ ਅਤੇ 24 ਇਮੀਗ੍ਰੇਸ਼ਨ ਐਕਟ 1983 ਥਾਣਾ ਐੱਨ.ਆਰ.ਆਈ. ਗੁਰਦਾਸਪੁਰ ਵਿਖੇ ਟ੍ਰੈਵਲ ਏਜੰਟਾਂ ਵਿਚੋਂ ਇਕ ਟ੍ਰੈਵਲ ਏਜੰਟ, ਸੂਰਜ ਸਠਿਆਲੀ ਪੁੱਤਰ ਮਨੋਹਰ ਲਾਲ ਵਾਸੀ ਸਠਿਆਲੀ ਜ਼ਿਲ੍ਹਾ ਗੁਰਦਾਸਪੁਰ ਨੂੰ ਖੁਫ਼ੀਆ ਸੋਰਸ ਲਗਾ ਕੇ  ਗ੍ਰਿਫਤਾਰ ਕੀਤਾ ਗਿਆ ਹੈ। ਇਸ ਟ੍ਰੈਵਲ ਏਜੰਟ ਵੱਲੋਂ ਕ੍ਰਿਪਾ ਓਵਰਸੀਜ਼ ਦੇ ਨਾਮ ਦਾ ਗੈਰਕਾਨੂੰਨੀ ਢੰਗ ਨਾਲ ਦਫ਼ਤਰ ਧਾਰੀਵਾਲ ਵਿਖੇ ਖੋਲਿਆ ਸੀ ਅਤੇ ਵਿਦੇਸ਼ ਰਸ਼ੀਆ ਦੇ ਜਾਅਲੀ ਵੀਜ਼ੇ ਲਗਾਉਣ ਦਾ ਝਾਂਸਾ ਦੇ ਕੇ ਭੋਲੇ-ਭਾਲੇ ਲੋਕਾਂ ਨਾਲ ਠੱਗੀ ਮਾਰਦਾ ਸੀ। ਉਨ੍ਹਾਂ ਦੱਸਿਆ ਕਿ ਮੁਕੱਦਮੇ ਵਿਚ ਅਗਲੀ ਤਫਤੀਸ਼ ਕੀਤੀ ਜਾ ਰਹੀ ਹੈ।


author

Gurminder Singh

Content Editor

Related News