ਅਕਾਲੀ ਦਲ ਦੇ ਖੇਰੂੰ-ਖੇਰੂੰ ਹੋਣ ਦੇ ਦਿਨ ਨੇੜੇ ਆਉਣ ਲੱਗੇ : ਕਮਲਜੀਤ ਬਰਾੜ

09/17/2018 2:48:32 PM

ਬਾਘਾ ਪੁਰਾਣਾ, (ਰਾਕੇਸ਼)—ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੁੱਖ ਬੁਲਾਰੇ ਕਮਲਜੀਤ ਸਿੰਘ ਬਰਾੜ ਨੇ ਪਿੰਡ ਮਾੜੀ ਮੁਸਤਫਾ ਵਿਖੇ ਅਕਾਲੀ ਦਲ ਦੇ ਕੱਟੜ ਆਗੂ ਗੁਰਤੇਜ ਸਿੰਘ ਤੇਜਾ ਮਾੜੀ ਨੂੰ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਲ ਕਰਨ ਉਪੰਰਤ ਕਿਹਾ ਕਿ ਉਹ ਦਿਨ ਆ ਰਹੇ ਹਨ ਜਦੋਂ ਅਕਾਲੀ ਦਲ ਦਾ ਕਿਸੇ ਨੇ ਨਾਮ ਨਹੀਂ ਲੈਣਾਂ ਕਿਉਂਕਿ ਪਿਛਲੇ 10 ਸਾਲ ਦੇ ਸਮੇਂ ਦੌਰਾਨ ਜਿਸ ਤਰ੍ਹਾਂ ਇਨ੍ਹਾਂ ਨੇ ਸੱਤਾਂ ਦੇ ਨਸ਼ੇ 'ਚ ਲੋਕਾਂ ਦਾ ਬੂਰਾ ਹਾਲ ਕੀਤਾ ਹੈ, ਉਸ ਨੂੰ ਲੈ ਕੇ ਲੋਕ ਕਦੇ ਭੁੱਲ ਨਹੀਂ ਸਕਦੇ।

ਉਨ੍ਹਾਂ ਕਿਹਾ ਕਿ ਬਾਦਲਾਂ ਨੇ ਪੰਜਾਬ ਦੀ ਟਰਾਂਸਪੋਰਟ ਬਜਰੀ, ਰੇਤਾ, ਸ਼ਰਾਬ ਸਮੇਤ ਹਰ ਕਾਰੋਬਾਰ 'ਤੇ ਕਬਜ਼ਾ ਕਰ ਕੇ ਅੰਨ੍ਹੀ ਲੁੱਟ ਮਚਾਈ ਹੋਈ ਸੀ ਅਤੇ ਹਰ ਪੱਖੋਂ ਪੰਜਾਬ ਦੀ ਹਾਲਤ ਅਤੀ ਚਿੰਤਾਜਨਕ ਕਰ ਦਿੱਤੀ ਸੀ। ਇਸ ਮੌਕੇ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਤੇਜਾ ਮਾੜੀ ਤੇ ਸਮੱਰਥਕਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕਰਦਿਆਂ ਕਿਹਾ ਕਿ ਇਨ੍ਹਾਂ ਦਾ ਕਾਂਗਰਸ 'ਚ ਪੂਰਾ ਇੱਜਤ ਮਾਣ ਹੋਵੇਗਾ। ਕਮਲਜੀਤ ਬਰਾੜ ਨੇ ਕਿਹਾ ਕਿ ਅਕਾਲੀ ਸਰਕਾਰ ਇੰਨੇ ਹੇਠਲੇ ਪੱਧਰ 'ਤੇ ਉਤਰ ਆਈ ਸੀ ਕਿ ਜਿਹੜਾ ਵੀ ਬੰਦਾ ਇਨ੍ਹਾਂ ਖਿਲਾਫ ਬੋਲਦਾ ਸੀ ਤਾਂ ਉਸ ਨੂੰ ਜੇਲਾਂ ਦਿਖਾ ਦਿੱਤੀਆ ਜਾਂਦੀਆਂ ਸਨ। ਉਨ੍ਹਾਂ ਕਿਹਾ ਕਿ 10 ਸਾਲਾਂ 'ਚ ਜਿੰਨੀਆਂ ਵੀ ਚੋਣਾਂ ਹੋਈਆਂ ਹਨ ਉਨ੍ਹਾਂ ਸਾਰੀਆਂ 'ਤੇ ਅਕਾਲੀ ਦਲ ਨੇ ਧੱਕੇਸ਼ਾਹੀ ਤੇ ਗੁੰਡਾਗਰਦੀ ਨਾਲ ਕਬਜਾ ਬਣਾਈ ਰੱਖਿਆ ਇਥੋਂ ਤੱਕ ਇਨ੍ਹਾਂ ਦੀ ਇੰਨੀ ਦਹਿਸ਼ਤ ਪਾਈ ਜਾਂਦੀ ਸੀ ਕਿ ਕਿਸੇ ਹੋਰ ਪਾਰਟੀ ਦਾ ਵਰਕਰ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਨ ਦੀ ਹਿੰਮਤ ਨਹੀਂ ਸੀ ਕਰ ਸਕਦਾ।
ਸ. ਬਰਾੜ ਨੇ ਤੇਜਾ ਸਿੰਘ ਮਾੜੀ ਦਾ ਸਵਾਗਤ ਕਰਦਿਆਂ ਪਿੰਡਾਂ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਇਸ ਵਾਰ ਅਕਾਲੀ ਉਮੀਦਵਾਰਾਂ ਦੀਆਂ ਇਨ੍ਹਾਂ ਚੋਣਾਂ 'ਚ ਜਮਾਨਤਾਂ ਜਬਤ ਕਰਵਾ ਦਿਉ ਤਾਂ ਕਿ ਇਨ੍ਹਾਂ ਨੂੰ ਕੀਤੀਆਂ ਦਾ ਸਬਕ ਮਿਲ ਸਕੇ। ਕਮਲਜੀਤ ਬਰਾੜ ਨੇ ਮਾੜੀ ਮੁਸਤਫਾ, ਵਾਂਦਰ, ਘੋਲੀਆਂ ਕਲਾਂ, ਘੋਲੀਆ ਖੁਰਦ, ਲੰਢੇ, ਲੰਗੇਆਣਾ ਵਿਖੇ ਭਰਵੀਆਂ ਰੈਲੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਗੁਰਦੀਪ ਸਿੰਘ ਬਰਾੜ, ਜਗਸੀਰ ਸਿੰਘ ਕਾਲੇਕੇ, ਗੁਰਚਰਨ ਚੀਦਾ, ਜਗਤਾਰ ਸਿੰਘ ਵੈਰੋਕੇ, ਡਾ. ਦਵਿੰਦਰ ਸਿੰਘ ਗਿੱਲ, ਚਰਨਜੀਤ ਸਿੰਘ ਲੁਹਾਰਾ, ਗੋਪੀ ਪੀ. ਏ. ਅਤੇ ਹੋਰ ਸ਼ਾਮਲ ਸਨ। ਇਸ ਮੌਕੇ ਜ਼ਿਲਾ ਪ੍ਰੀਸ਼ਦ ਉਮੀਦਵਾਰ ਬਬਲਜੀਤ ਕੌਰ ਅਤੇ ਪੰਚਾਇਤ ਸੰਮਤੀ ਉਮੀਦਵਾਰ ਬਲਦੇਵ ਸਿੰਘ, ਕੁਲਵੰਤ ਕੌਰ, ਇੰਦਰਜੀਤ ਕੌਰ, ਪਰਮਜੀਤ ਕੌਰ, ਜਸਵੰਤ ਕੌਰ ਨੇ ਵੀ ਸੰਬੋਧਨ ਕੀਤਾ।


Related News