ਵਿਸ਼ਵ ਵਾਤਾਵਰਨ ਦਿਵਸ : ਸਮੇਂ ਦੀ ਮੰਗ ਜ਼ਿਆਦਾ ਤੋਂ ਜ਼ਿਆਦਾ ਦਰਖ਼ਤ ਲਗਾਏ ਜਾਣ

06/05/2020 5:04:09 PM

ਸਭ ਤਰ੍ਹਾਂ ਦੇ ਕੁਦਰਤੀ ਤੱਤ, ਜੋ ਜੀਵਨ ਨੂੰ ਸੰਭਵ ਬਣਾਉਂਦੇ ਹਨ, ਵਾਤਾਵਰਨ ਦਾ ਹਿੱਸਾ ਹਨ, ਜਿਵੇਂ ਪਾਣੀ, ਹਵਾ, ਧਰਤੀ, ਪ੍ਰਕਾਸ਼, ਜੰਗਲ ਆਦਿ। ਅੱਜ ਮਨੁੱਖ ਲਈ ਸਭ ਤੋਂ ਜ਼ਿਆਦਾ ਚਿੰਤਾ ਦਾ ਵਿਸ਼ਾ ਵਾਤਾਵਰਣ ਦਾ ਅਣਸੁਖਾਵਾਂ ਹੋਣਾ ਹੈ। ਤਿੰਨ ਗਲੋਬਲ ਏਜੰਸੀਆਂ ਦੇ ਰਿਕਾਰਡ ਮੁਤਾਬਕ 2019 ਦੇ ਅੰਤ ਹੋਣ ਨਾਲ ਹੀ ਪਿਛਲੇ 10 ਸਾਲਾਂ ਨੂੰ ਸਭ ਤੋਂ ਗਰਮ ਦਹਾਕੇ ਵੱਜੋਂ ਨਾਮਜ਼ਦ ਕੀਤਾ ਗਿਆ ਹੈ।

ਨਾਸਾ, ਨੋਆ ਅਤੇ ਯੂ.ਕੇ ਦੇ ਮੌਸਮ ਵਿਭਾਗ ਮੁਤਾਬਕ ਬੀਤਿਆ ਸਾਲ ਭਾਵ 2019 ਸੰਨ 1850 ਤੋਂ ਬਾਅਦ ਦੂਜਾ ਸਭ ਤੋਂ ਗਰਮ ਸਾਲ ਰਿਹਾ ਹੈ।

ਅੱਜ ਵਾਤਾਵਰਣ ਦੀ ਹਾਲਤ ਇਹ ਹੋ ਗਈ ਹੈ ਕਿ ਧਰਤੀ ਉੱਪਰ ਜਾਣੀਆਂ ਪਹਿਚਾਣੀਆਂ 17 ਲੱਖ ਜੀਵ ਨਸਲਾਂ ਵਿੱਚੋਂ ਅੱਜ ਕੱਲ੍ਹ ਇੱਕ ਨਸਲ ਪ੍ਰਤੀ ਘੰਟਾ ਵਾਤਾਵਰਨ ਵਿੱਚ ਪ੍ਰਦੂਸ਼ਣ ਕਾਰਨ ਖ਼ਤਮ ਹੋ ਰਹੀ ਹੈ। ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਦਾ ਅਰਬਾਂ ਰੁਪਏ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਬੀਮਾਰੀਆਂ ਦੇ ਇਲਾਜ ਉਪਰ ਖ਼ਰਚ ਕੀਤਾ ਜਾ ਰਿਹਾ ਹੈ।

ਕੋਰੋਨਾ ਵਾਇਰਸ ਲਾਗ (ਮਹਾਮਾਰੀ) ਨੂੰ ਵਿਸ਼ਵ ਦੇ ਵਾਤਾਵਰਣ ਮਾਹਰ ਕੁਦਰਤ ਦੇ ਸੰਦੇਸ਼ ਵਜੋਂ ਵੇਖ ਰਹੇ ਹਨ। ਵਿਕਸਤ ਤਕਨਾਲੋਜੀ ਅਤੇ ਉਦਯੋਗੀਕਰਨ ਕਾਰਨ ਕੁਦਰਤ ਦੇ ਘਾਣ ਦਾ ਨਤੀਜਾ ਅੱਜ ਸਾਰੀ ਦੁਨੀਆਂ ਦੇ ਸਾਹਮਣੇ ਹੈ। ਸੰਯੁਕਤ ਰਾਸ਼ਟਰ ਦੇ ਵਾਤਾਵਰਣ ਦੇ ਚੀਫ ਇੰਜਰ ਐਂਡਰਸਨ ਦਾ ਮੰਨਣਾ ਹੈ ਕਿ ਮਨੁੱਖਤਾ ਕੁਦਰਤੀ ਦੁਨੀਆਂ ‘ਤੇ ਬਹੁਤ ਦਬਾਅ ਪਾ ਰਹੀ ਹੈ, ਜਿਸ ਦਾ ਨਤੀਜਾ ਸਾਹਮਣੇ ਆ ਰਿਹਾ ਹੈ।

ਸੰਨ 1972 ਵਿੱਚ ਸੰਯੁਕਤ ਰਾਸ਼ਟਰ ਨੇ ਵਾਤਾਵਰਨ ਪ੍ਰਦੂਸ਼ਣ ਦੇ ਨਾਲ ਹੋਣ ਵਾਲੀਆਂ ਸਮੱਸਿਆਵਾਂ ਵੱਲ ਵਿਸ਼ਵ ਦਾ ਧਿਆਨ ਲਿਆਉਣ ਲਈ ਇੱਕ ਸਭਾ ਆਯੋਜਿਤ ਕੀਤੀ, ਜਿਸ ਵਿਚ 5 ਜੂਨ 1974 ਤੋਂ ਹਰ ਸਾਲ ਵਿਸ਼ਵ ਪੱਧਰ ’ਤੇ ਵਿਸ਼ਵ ਵਾਤਾਵਰਨ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਗਿਆ। ਵਿਸ਼ਵ 143 ਤੋਂ ਵੱਧ ਦੇਸ਼ਾਂ ਦੀਆਂ ਸਰਕਾਰਾਂ, ਸਮਾਜ-ਸੇਵੀ ਸੰਸਥਾਵਾਂ ਅਤੇ ਅਕਾਦਮਿਕ ਸੰਸਥਾਵਾਂ ਵੱਲੋਂ ਹਰ ਸਾਲ 5 ਜੂਨ ਨੂੰ ਸਮਾਜ ਨੂੰ ਵਾਤਾਵਰਨ ਦੀ ਸਾਂਭ ਸੰਭਾਲ ਪ੍ਰਤੀ ਜਾਗਰੂਕ ਕਰਨ ਦੇ ਸੰਬੰਧ ਵਿੱਚ ਵੱਖ-ਵੱਖ ਪ੍ਰੋਗਰਾਮ ਅਤੇ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ।

ਇਸ ਤਹਿਤ ਹਰ ਸਾਲ ਵਿਸ਼ਵ ਵਾਤਾਵਰਣ ਦਿਵਸ ’ਤੇ ਇਕ ਥੀਮ ਚੁਣਿਆ ਜਾਂਦਾ ਹੈ। ਸਾਲ 2020 ਵਿਚ ਥੀਮ ਜੈਵਿਕ ਭਿੰਨਤਾ ਨਿਸ਼ਚਿਤ ਕੀਤਾ ਗਿਆ ਹੈ। ਇਸ ਦਾ ਮੰਤਵ ਲੋਕਾਂ ਨੂੰ ਜੈਵਿਕ ਵਿਭਿੰਨਤਾ ਦੇ ਮਹੱਤਵ ਨੂੰ ਸਮਝਾਉਣਾ ਅਤੇ ਵਾਤਾਵਰਨ ਪ੍ਰਦੂਸ਼ਨ ਕਾਰਨ ਜੀਵ-ਜੰਤੂਆਂ, ਸੂਖਮਜੀਵ ਅਤੇ ਪੌਦਿਆਂ ਦੀਆਂ ਲੱਖਾਂ ਕਿਸਮਾਂ ਦੇ ਹੋ ਰਹੇ ਭਾਰੀ ਵਿਨਾਸ਼ ਪ੍ਰਤੀ ਜਾਗਰੂਕ ਕਰਨਾ ਹੈ।

ਜੀਵ ਵਿਭਿੰਨਤਾ ਤੋਂ ਭਾਵ ਧਰਤੀ ਉੱਪਰ ਮਿਲਣ ਵਾਲੇ ਜੰਤੂਆਂ ਤੇ ਪੌਦਿਆਂ ਦੀਆਂ ਵੱਖ-ਵੱਖ ਕਿਸਮਾਂ ਹਨ। ਧਰਤੀ ਉੱਤੇ ਵੱਖ-ਵੱਖ ਖੇਤਰਾਂ ਵਿੱਚ ਵੱਖ-ਵੱਖ ਕਿਸਮ ਦੇ ਪੌਦੇ ’ਤੇ ਜੀਵ-ਜੰਤੂ ਕੁਦਰਤੀ ਰੂਪ ਵਿੱਚ ਨਿਵਾਸ ਕਰਦੇ ਹਨ। ਜੀਵ ਵਿਭਿੰਨਤਾ ਸ਼ਬਦ ਆਮ ਤੌਰ ’ਤੇ ਕੁਦਰਤੀ ਜਾਂ ਜੈਵਿਕ ਧਨ ਲਈ ਵਰਤਿਆ ਜਾਂਦਾ ਹੈ, ਜਿਸ ਵਿੱਚ ਮਨੁੱਖ ਸਮੇਤ ਸਭ ਜੀਵ-ਜੰਤੂ ਅਤੇ ਰੁੱਖ ਅਤੇ ਪੌਦੇ ਸ਼ਾਮਲ ਹਨ। ਜੀਵ-ਵਿਭਿੰਨਤਾ ਜਾਂ ਜੀਵ ਮੂਲ ਹੀ ਧਰਤੀ ਉੱਤੇ ਜੀਵਨ ਦਾ ਆਧਾਰ ਹੈ। ਕਿਸੇ ਖੇਤਰ ਵਿੱਚ ਮਿਲਣ ਵਾਲੀ ਜੈਵਿਕ ਵਿਭਿੰਨਤਾ ’ਤੇ ਹੀ ਉਸ ਦੀ ਆਰਥਿਕ ਹਾਲਤ ਤੇ ਵਿਕਾਸ ਨਿਰਭਰ ਕਰਦਾ ਹੈ। ਮਨੁੱਖ ਇਸ ਜੈਵਿਕ ਵਿਭਿੰਨਤਾ ਨੂੰ ਸਾਧਨ ਵਜੋਂ ਵਰਤਦਾ ਹੈ। ਧਰਤੀ ਉੱਤੇ ਮਿਲਣ ਵਾਲਾ ਹਰ ਜੀਵ ਤੇ ਪੌਦਾ ਸਿੱਧੇ ਜਾਂ ਅਸਿੱਧੇ ਤੌਰ ’ਤੇ ਮਨੁੱਖ ਦੁਆਰਾ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਵਰਤਿਆ ਜਾਂਦਾ ਹੈ। 

ਜੀਵ-ਵਿਭਿੰਨਤਾ ਵਾਤਾਵਰਣ ਪੱਖ ਤੋਂ ਮਹੱਤਵਪੂਰਨ ਹੈ, ਜਿਵੇਂ ਹਵਾ ਅਤੇ ਜਲ ਸ਼ੁੱਧੀਕਰਨ, ਸੋਕਾ ਅਤੇ ਹੜ੍ਹਾਂ ਨੂੰ ਰੋਕਣਾ, ਪੌਸ਼ਟਿਕ ਤੱਤਾਂ ਦਾ ਚੱਕਰ ਆਦਿ।

ਪ੍ਰਦੂਸ਼ਣ ਦੇ ਕਾਰਨ ਵੱਧਦਾ ਤਾਪਮਾਨ ਇੱਕ ਵਿਸ਼ਵ ਵਿਆਪੀ ਸਮੱਸਿਆ ਬਣ ਚੁੱਕਿਆ ਹੈ, ਜੇ ਆਲਮੀ ਤਪਸ਼ ਇਸੇ ਰਫ਼ਤਾਰ ਨਾਲ ਵਧਦੀ ਗਈ ਤਾਂ ਗਲੇਸ਼ੀਅਰ ਖਤਮ ਹੋ ਜਾਣਗੇ, ਸਮੁੰਦਰਾਂ ਵਿੱਚ ਪਾਣੀ ਵੱਧ ਜਾਵੇਗਾ, ਜੋ ਸਮੁੰਦਰ ਕੰਢੇ ਵੱਸਣ ਵਾਲੇ ਕਰੋੜਾ ਲੋਕਾਂ ਦਾ ਖਾਤਮਾ ਹੋ ਜਾਵੇਗਾ।

ਦਰੱਖ਼ਤਾਂ ਦੀ ਕਟਾਈ ਲਗਾਤਾਰ ਬੇਰਹਿਮੀ ਨਾਲ ਹੋ ਰਹੀ ਹੈ, ਜੋ ਵਾਤਾਵਰਣ ਪ੍ਰਦੂਸ਼ਣ ਲਈ ਸਭ ਤੋ ਵੱਧ ਜ਼ਿੰਮੇਵਾਰ ਹੈ। ਮੋਟਰ ਵਾਹਨਾਂ ਨੇ ਜਿੱਥੇ ਮਨੁੱਖੀ ਜੀਵਨ ਦੀ ਰਫ਼ਤਾਰ ਨੂੰ ਤੇਜ਼ ਕੀਤਾ ਅਤੇ ਅਨੇਕਾਂ ਸਹੂਲਤਾਂ ਪ੍ਰਦਾਨ ਕੀਤੀਆਂ, ਉੱਥੇ ਇਨ੍ਹਾਂ ਦੇ ਨਾਲ ਹੋਣ ਵਾਲੇ ਪ੍ਰਦੂਸ਼ਣ ਦੇ ਕਾਰਨ ਅਨੇਕਾਂ ਭਿਅੰਕਰ ਬੀਮਾਰੀਆਂ ਪੈਦਾ ਹੋ ਰਹੀਆਂ ਹਨ। ਵਧਦੇ ਸ਼ਹਿਰੀਕਰਨ ਦੇ ਕਾਰਨ ਫਾਲਤੂ ਕੂੜਾ ਕਰਕਟ, ਗੰਦਗੀ, ਪਲਾਸਟਿਕ ਪਦਾਰਥ ਅਤੇ ਵਿਸ਼ੇਸ਼ ਤੌਰ ’ਤੇ ਪਾਲੀਥੀਨ ਬੈਗ ਦੇ ਢੇਰ, ਜੋ ਜਲਦ ਨਸ਼ਟ ਨਹੀਂ ਹੁੰਦੇ, ਵਾਤਾਵਰਨ ਪ੍ਰਦੂਸ਼ਿਤ ਕਰਨ ਵਿੱਚ ਸਭ ਤੋਂ ਅੱਗੇ ਹਨ। ਏਅਰ ਕੰਡੀਸ਼ਨ ਚਲਾਉਣ ’ਤੇ ਨਿਕਲਣ ਵਾਲੀ ਕਲੋਰੋ ਫਲੋਰੋ ਕਾਰਬਨ ਗੈਸ, ਓਜ਼ੋਨ ਪਰਤ ਨੂੰ ਪਤਲਾ ਕਰਨ ਵਿਚ ਸਭ ਤੋਂ ਵੱਡੀ ਭੂਮਿਕਾ ਨਿਭਾਅ ਰਹੀ ਹੈ। 

ਧਾਰਮਿਕ ਸਥਾਨਾਂ ’ਤੇ ਲੱਗੇ ਵੱਡੇ ਸਪੀਕਰ, ਖੁਸ਼ੀ ਦੇ ਮੌਕੇ ਉੱਚੀ ਆਵਾਜ਼ ਵਿਚ ਚਲਦੇ ਡੀ. ਜੇ ਸਿਸਟਮ, ਘਰਾਂ ਵਿੱਚ ਉਚੀ ਅਵਾਜ਼ ਵਿੱਚ ਚਲਦੇ ਟੈਲੀਵਿਜ਼ਨ ਅਤੇ ਮਿਉਜਿਕ ਸਿਸਟਮ ਅਤੇ ਮੋਟਰ ਸਾਈਕਲਾਂ ’ਤੇ ਲੱਗੇ ਪ੍ਰੈਸ਼ਰ ਹਾਰਨ ਦੇ ਕਾਰਨ, ਜਿੱਥੇ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ, ਉਥੇ ਅਨੇਕਾਂ ਸਰੀਰਕ ਅਤੇ ਮਾਨਸਿਕ ਰੋਗ ਉਤਪੰਨ ਹੋ ਰਹੇ ਹਨ। ਜਿਨ੍ਹਾਂ ਵਿਚ ਸਿਰਦਰਦ, ਤਣਾਅ, ਕੰਨ ਦੇ ਰੋਗ ਨੀਂਦ ਨਾ ਆਉਣ ਦੀ ਬੀਮਾਰੀ ਆਦਿ ਪ੍ਰਮੁੱਖ ਹਨ।  

ਸਮੇਂ ਦੀ ਮੰਗ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਦਰਖ਼ਤ ਲਗਾਏ ਜਾਣ। ਪੋਲੀਥੀਨ ਬੈਗ ਦਾ ਪ੍ਰਯੋਗ ਨਾ ਹੋਵੇ, ਮੋਟਰ ਗੱਡੀਆਂ ’ਤੇ ਵਿਸ਼ੇਸ਼ ਕਿਸਮ ਦੇ ਸਾਈਲੈਸਰ ਲਗਾਏ ਜਾਣ, ਲੈਡ ਰਹਿਤ ਪਟਰੋਲ ਦੀ ਵਰਤੋਂ ਕੀਤੀ ਜਾਵੇ। ਕਾਰਖਨਿਆ ਵਿੱਚ ਵਿਸ਼ੇਸ਼ ਕਿਸਮ ਦੀਆਂ ਚਿਮਨੀਆ ਲੱਗਣ, ਘਰਾਂ ਅਤੇ ਦਫ਼ਤਰਾਂ ਵਿਚ ਏਅਰ ਕੰਡੀਸ਼ਨਰਾਂ ਦੀ ਘੱਟ ਤੋਂ ਘੱਟ ਵਰਤੋਂ ਹੋਵੇ ਫ਼ਤਿਹ ਵਾਤਾਵਰਨ ਦੀ ਸੁਰੱਖਿਆ ਸਬੰਧੀ ਕਾਨੂੰਨਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇ। ਬੱਚਿਆਂ ਨੂੰ ਸਕੂਲਾਂ ਵਿਚ ਵਾਤਾਵਰਣ ਸਬੰਧੀ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ, ਜੋ ਆਪਣਾ ਬਣਦਾ ਯੋਗਦਾਨ ਪਾ ਸਕਣ। ਆਉ ਅਸੀ ਸਾਰੇ ਮਿਲ ਕੇ ਆਪਣੇ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਬਣਾਈਏ ਅਤੇ ਇਸ ਧਰਤੀ ਨੂੰ ਸੁਹੱਪਣ ਨਾਲ ਭਰ ਦੇਈਏ।

PunjabKesari

ਪੂਜਾ ਸ਼ਰਮਾ
ਅੰਗਰੇਜ਼ੀ ਲੈਕਚਰਾਰ
ਸਰਕਾਰੀ ਸੀਨੀਅਰ ਸੈਕੰਡਰੀ ਸਮਾਟ ਸਕੂਲ ਨਵਾਂ ਸ਼ਹਿਰ
ਸ਼ਹੀਦ ਭਗਤ ਸਿੰਘ ਨਗਰ।
9914459033


rajwinder kaur

Content Editor

Related News