ਸਿਆਣਿਆਂ ਵਾਲਾ ਕੰਮ

07/20/2020 11:58:52 AM

ਆਪਣੇ ਗੁੱਸੇ ਨੂੰ ਕੰਟਰੋਲ ਕਰਨ ਦੇ ਬਹੁਤ ਸਾਰੇ ਨੁਸਖ਼ੇ ਅੱਜਕਲ੍ਹ ਅਸੀਂ ਵਟਸਐਪ ਅਤੇ ਇੰਟਰਨੇਟ ਤੇ ਪੜ੍ਹਦੇ ਹਾਂ। ਬਹੁਤ ਸਾਰੀਆਂ ਕਿਤਾਬਾਂ ਵੀ ਇਸ ਵਿਸ਼ੇ ’ਤੇ ਛੱਪ ਚੁੱਕੀਆਂ ਹਨ। ਪਰ ਮੇਰੀ ਜ਼ਿੰਦਗੀ ਵਿਚ ਚਾਲੀ ਵਰ੍ਹੇ ਪਹਿਲਾਂ ਇੱਕ ਅਜਿਹਾ ਵਾਕਿਆ ਵਾਪਰਿਆ ਸੀ, ਜਦੋਂ ਮੈਂ ਬੱਚਾ ਹੁੰਦੇ ਹੋਏ ਵੀ ਸਿਆਣਿਆਂ ਵਾਲਾ ਕੰਮ ਕਰ ਗਿਆ ਸੀ ।

ਮੈਂ ਮੱਧਮ ਵਰਗੀ ਪਰਿਵਾਰ ਤੋਂ ਹਾਂ। ਮੇਰੇ ਮਾਂ ਬਾਪ ਪਿੰਡ ਵਿੱਚ ਅਧਿਆਪਕ ਸਨ। ਜਦੋਂ ਮੈਡੀਕਲ ਕਾਲਜ ਪਟਿਆਲਾ ਵਿੱਚ ਮੇਰਾ ਦਾਖਲਾ ਹੋਇਆ ਤਾਂ ਮੈਂ ਬਹੁਤ ਖੁਸ਼ ਸੀ। ਹੋਸਟਲ ਵਿਚ ਕਮਰੇ ਬਹੁਤ ਘੱਟ ਸਨ। ਪੀਜੀ ਦਾ ਉਦੋਂ ਰਿਵਾਜ ਨਹੀਂ ਸੀ।ਕਮਰਾ ਕਿਰਾਏ ਤੇ ਲੈਣ ਜੋਗੀ ਹੈਸੀਅਤ ਨਹੀਂ ਸੀ। ਮੇਰੇ ਮਾਸੀ ਜੀ ਕਾਲਜ ਦੇ ਨੇੜੇ ਹੀ ਰਹਿੰਦੇ ਸਨ। 

ਮੈਂ ਸੋਚਿਆ ਜਦੋਂ ਤੱਕ ਹੋਸਟਲ ਵਿਚ ਜਗਾਹ ਨਹੀ ਮਿਲਦੀ, ਮੈਂ ਉਨ੍ਹਾਂ ਕੋਲ ਰਹਿ ਲਵਾਂਗਾ। ਮਾਸੀ ਜੀ ਦੇ ਚਾਰ ਬੱਚੇ ਸਨ। ਹਰ ਇਕ ਦਾ ਆਪਣਾ ਅਲੱਗ-ਅਲੱਗ ਕਮਰਾ ਸੀ। ਮੈਨੂੰ ਕਿਹਾ ਗਿਆ ਕਿ ਮੈਂ ਊ ਤੋਂ ਛੋਟੇ ਬੇਟੇ ਨਾਲ ਕਮਰਾ ਸਾਂਝਾ ਕਰ ਲਵਾਂ। ਉਹ ਮੇਰੇ ਤੋਂ ਦੋ ਸਾਲ ਛੋਟਾ ਸੀ, ਪਰ ਉਮਰ ਮੁਤਾਬਕ ਜ਼ਿਦੀ ਸੀ। ਆਪਣੀਆਂ ਚੀਜ਼ਾਂ ਨੂੰ ਕਿਸੇ ਨੂੰ ਹੱਥ ਨਹੀਂ ਸੀ ਲਾਉਣ ਦਿੰਦਾ। ਮੈਨੂੰ ਕੋਈ ਬਹੁਤੀ ਜਗ੍ਹਾ ਦੀ ਲੋੜ ਨਹੀਂ ਸੀ। ਮੇਰੀਆਂ ਕਿਤਾਬਾਂ ਕਾਪੀਆਂ ਇੱਕ ਲਕੜੀ ਦੇ ਰੈਕ ’ਤੇ ਪੂਰੀਆਂ ਆ ਗਈਆਂ । ਪਹਿਲੇ ਦੋ ਹਫਤੇ ਉਸਦਾ ਮੇਰੇ ਪ੍ਰਤੀ ਵਿਵਹਾਰ ਬਹੁਤ ਠੰਡਾ ਸੀ। ਉਸ ਨੂੰ ਲੱਗਿਆ ਜਿਵੇਂ ਉਸ ਦੀ ਨਿੱਜਤਾ ਤੇ ਡਾਕਾ ਪੈ ਗਿਆ ਹੋਵੇ । ਛੋਟੀਆਂ ਛੋਟੀਆਂ ਲੜਾਈਆਂ ਹੋਣ ਲੱਗ ਪਈਆਪਰ ਮੈਂ ਦੇਖਿਆ ਕਿ ਉਹ ਆਪਣੇ ਵੱਡੇ ਭਰਾਵਾਂ ਨਾਲ ਵੀ ਇੰਝ ਹੀ ਲੜਦਾ ਹੈ। 

ਮੈਂ ਚੁੱਪ ਚੁਪੀਤੇ ਹੋਸਟਲ ਪਹੁੰਚਣ ਦੇ ਆਪਣੇ ਦਿਨ ਗਿਣਨੇ ਸ਼ੁਰੂ ਕਰ ਦਿੱਤੇ ਪਰ ਇਕ ਦਿਨ ਲੜਾਈ ਵਧ ਗਈ। ਉਸਨੇ ਮੇਰਾ ਸਾਰਾ ਸਾਮਾਨ ਚੁੱਕ ਕੇ ਬਾਹਰ ਬਾਲਕੋਨੀ ਵਿਚ ਰੱਖ ਦਿੱਤਾ। ਉਨ੍ਹਾਂ ਦਿਨਾਂ ਵਿੱਚ ਟੈਲੀਫੋਨ ਨਹੀਂ ਹੁੰਦੇ ਸਨ। ਮਾਂ-ਬਾਪ ਨੂੰ ਕਿਵੇਂ ਦਸਦਾ। ਮੈਂ ਪਿਤਾ ਜੀ ਨੂੰ ਚਿੱਠੀ ਵਿਚ ਸਾਰਾ ਹਾਲ ਲਿਖ ਦਿੱਤਾ। ਮੈਂ ਬਾਹਰ ਬਾਲਕੋਨੀ ਵਿਚ ਗੱਦਾ ਲਾ ਕੇ ਸੌਂ ਗਿਆ। ਮੇਰੇ ਪਿਤਾ ਜੀ ਚਿੱਠੀ ਪੜ੍ਹਕੇ ਬਹੁਤ ਗੁੱਸੇ ਵਿੱਚ ਆ ਗਏ। ਉਨ੍ਹਾਂ ਨੇ ਪਟਿਆਲੇ ਆਉਣ ਦਾ ਪ੍ਰੋਗਰਾਮ ਬਣਾ ਲਿਆ।

ਦੋ ਦਿਨ ਕਮਰੇ ਤੋਂ ਬਾਹਰ ਸੌਂ ਕੇ ਮੇਰੇ ’ਤੇ ਉਲਟਾ ਅਸਰ ਹੋਇਆ। ਗੁੱਸਾ ਆਉਣ ਦੀ ਬਜਾਏ ਮੈਂ ਸੋਚਾਂ ਵਿੱਚ ਪੈ ਗਿਆ। ਮੈਨੂੰ ਆਪਣੇ ਪਿਤਾ ਜੀ ਦੇ ਗੁੱਸੇ ਬਾਰੇ ਪਤਾ ਸੀ। ਮੈਨੂੰ ਇਹ ਵੀ ਪਤਾ ਸੀ ਕਿ ਮੇਰੀ ਮਾਂ ਤੇ ਮਾਸੀ ਵਿੱਚ ਕਿੰਨਾਂ ਗੂੜਾ ਪਿਆਰ ਹੈ। ਮੈਂ ਮਹਿਸੂਸ ਕੀਤਾ ਕਿ ਪਿਤਾ ਜੀ ਇਥੇ ਆਏ ਕੇ ਬਖੇੜਾ ਖੜ੍ਹਾ ਕਰਨਗੇ ਅਤੇ ਮੈਨੂੰ ਲੈ ਕੇ ਕਿਧਰੇ ਚਲੇ ਜਾਣਗੇ। 

ਲੜਾਈ ਤੋਂ ਬਾਅਦ ਜਿਹੜੀ ਫਿਕ ਪਵੇਗੀ, ਉਹ ਕਦੀ ਦੂਰ ਨਹੀਂ ਹੋਵੇਗੀ। ਮੈਂ ਮਾਸੀ ਜੀ ਦੀ ਬਹੁਤ ਇੱਜ਼ਤ ਕਰਦਾ ਸੀ। ਉਹ ਕਦੀ ਵੀ ਮੇਰੇ ਅਤੇ ਆਪਣੇ ਬੱਚਿਆਂ ਵਿਚਕਾਰ ਵਿਤਕਰਾ ਨਹੀਂ ਕਰਦੇ ਸਨ। ਮੈਂ ਉਸ ਦਿਨ ਘਰ ਤੋਂ ਬਾਹਰ ਨਿਕਲ ਕੇ ਖੜ੍ਹਾ ਹੋ ਗਿਆ। ਜਦੋਂ ਮੈਂ ਪਿਤਾ ਜੀ ਦਾ ਰਿਕਸ਼ਾ ਆਉਂਦਾ ਦੇਖਿਆ ਤਾਂ ਦੂਰ ਹੀ ਰੋਕ ਲਿਆ। ਮੈਂ ਉਨ੍ਹਾਂ ਨੂੰ ਠੰਢੇ ਮਨ ਨਾਲ ਸਾਰੀ ਗੱਲ ਦੱਸੀ। ਮੈਂ ਦੱਸਿਆ ਕਿ ਮੈਂ ਹੋਸਟਲ ਵਿੱਚ ਆਪਣੇ ਸਹਿਪਾਠੀਆਂ ਕੋਲ ਗਿਆ ਸੀ। ਇੱਕ ਕਮਰੇ ਵਿਚ ਚਾਰ ਲੋਕ ਰਹਿ ਰਹੇ ਸਨ। ਉਨ੍ਹਾਂ ਨੇ ਮੈਨੂੰ ਕਿਹਾ “ਆਪਣਾ ਮੰਜਾ ਲੈ ਆ। ਜਿੱਥੇ ਚਾਰ ਡੱਠੇ ਹਨ, ਉਥੇ ਪੰਜ ਆ ਜਾਣਗੇ।“ ਮੈਂ ਪਿਤਾ ਜੀ ਨੂੰ ਕਿਹਾ ਤੁਸੀਂ ਮੇਰੀ ਫਿਕਰ ਨਾ ਕਰੋ ਤੁਸੀਂ ਸਿਰਫ ਇਹ ਕਹੋ ਕਿ ਮੈਂ ਪੁੱਤਰ ਨੂੰ ਮਿਲਣ ਆਇਆ ਸੀ। ਪਿਤਾ ਜੀ ਨੇ ਸਾਰੇ ਹਾਲਾਤ ਨੂੰ ਸਮਝ ਲਿਆ। 

ਅਸੀਂ ਘਰ ਦੇ ਅੰਦਰ ਗਏ ਤੇ ਸਾਰੇ ਪਰਿਵਾਰ ਵਿੱਚ ਚੰਗਾ ਸਮਾਂ ਬਤੀਤ ਕੀਤਾ। ਕੁਝ ਦਿਨਾਂ ਬਾਅਦ ਮੈਂ ਆਪਣਾ ਸਾਮਾਨ ਲੈ ਕੇ ਹੋਸਟਲ ਵਿਚ ਚਲਾ ਗਿਆ। ਉਸ ਤੋਂ ਬਾਅਦ ਮੈਂ ਅੱਠ ਸਾਲ ਕਾਲਜ ਵਿਚ ਪੜ੍ਹਦਾ ਰਿਹਾ ।ਮਾਸੀ ਜੀ ਦੇ ਘਰ ਆਉਣਾ-ਜਾਣਾ ਲੱਗਿਆ ਰਹਿੰਦਾ ਸੀ ।ਉਹੀ ਛੋਟਾ ਭਰਾ ਹੁਣ ਮੇਰਾ ਸਭ ਤੋਂ ਚੰਗਾ ਦੋਸਤ ਬਣ ਗਿਆ। ਹਮ ਉਮਰ ਹੋਣ ਕਰਕੇ ਉਹ ਬਹੁਤ ਸਾਰੀਆਂ ਗੱਲਾਂ ਮੇਰੇ ਨਾਲ ਸਾਂਝਾ ਕਰ ਲੈਂਦਾ ਸੀ ਜੋ ਉਹ ਦੂਸਰਿਆਂ ਨਾਲ ਨਹੀਂ ਸੀ ਕਰ ਸਕਦਾ। ਅਸੀਂ ਪਿਕਨਿਕ ਮਨਾਉਣ, ਸੈਰਾਂ ਕਰਨ ਵੀ ਇਕੱਠੇ ਜਾਂਦੇ ਰਹੇ। ਮੇਰੇ ਉਸ ਛੋਟੇ ਭਰਾ ਦੀ ਕੁਝ ਸਾਲ ਬਾਅਦ ਇਕ ਦਰਦਨਾਕ ਹਾਦਸੇ ਵਿਚ ਮੌਤ ਹੋ ਗਈ। 

ਕਈ ਵਾਰ ਮੈਂ ਸੋਚਦਾ ਹਾਂ ਕਿ ਜੇ ਮੈਂ ਬਾਹਰ ਨਿਕਲ ਕੇ ਪਿਤਾ ਜੀ ਨੂੰ ਨਾ ਮਿਲਦਾ ਤਾਂ ਕੀ ਹੁੰਦਾ। ਸਾਡੇ ਪਰਿਵਾਰ ਅਜ ਵੀ ਇਕ ਦੂਸਰੇ ਦੇ ਬਹੁਤ ਕਰੀਬ ਹਨ। ਇਸ ਘਟਨਾ ਨੇ ਮੇਰੀ ਸੋਚ ਵਿਚ ਬਹੁਤ ਵੱਡੀ ਤਬਦੀਲੀ ਲਿਆਂਦੀ, ਜੋ ਬਾਅਦ ਵਿੱਚ ਬਹੁਤ ਕੰਮ ਆਈ। 

PunjabKesari

ਡਾਕਟਰ ਅਰਵਿੰਦਰ ਸਿੰਘ ਨਾਗਪਾਲ
9815177324


rajwinder kaur

Content Editor

Related News