ਪਿੰਡ ਦੇ ਪਿੰਡੇ ''ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ !

Tuesday, May 26, 2020 - 05:26 PM (IST)

ਪਿੰਡ ਦੇ ਪਿੰਡੇ ''ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ !

ਡਾ. ਨਿਸ਼ਾਨ ਸਿੰਘ ਰਾਠੌਰ

ਪ੍ਰੋ. ਰਬਿੰਦਰ ਸਿੰਘ ਮਸਰੂਰ ਹੁਰਾਂ ਦਾ ਇਕ ਸ਼ੇਅਰ ਹੈ;
'ਕੁਰਸੀਆਂ ਵਾਲੇ ਘਰਾਂ ਦੀ ਨੀਤ ਜੇ ਖੋਟੀ ਨਹੀਂ
ਪਿੰਡ ਦੇ ਪਿੰਡੇ 'ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ! ' (ਤੁਰਨਾ ਮੁਹਾਲ ਹੈ)

ਅੱਜਕਲ੍ਹ ਦੇ ਵਰਤਾਰੇ ਉੱਪਰ ਇਹ ਸ਼ੇਅਰ ਸਾਰਥਕ ਰੂਪ ਵਿਚ ਢੁੱਕਦਾ ਹੈ। ਕੁਰਸੀਆਂ ਵਾਲੇ ਘਰਾਂ (ਹਾਕਮਾਂ) ਦੀ ਨਿਯਤ ਸੱਚਮੁਚ ਖੋਟੀ ਹੈ। ਇਸੇ ਕਰਕੇ ਕਿਰਤੀਆਂ (ਮਜ਼ਦੂਰਾਂ) ਦੇ ਪਿੰਡੇ 'ਤੇ ਮਾਸ ਦੀ ਬੋਟੀ ਨਹੀਂ ਹੈ ਭਾਵ ਮਜ਼ਦੂਰ ਮਰ ਰਹੇ ਹਨ ਅਤੇ ਆਪਣੇ ਘਰ/ ਪਿੰਡ ਪਹੁੰਚਣ ਵਾਸਤੇ ਸੈਕੜੇ ਕਿਲੋਮੀਟਰ ਦੀ ਦੂਰੀ ਪੈਦਲ ਤੁਰੇ ਜਾ ਰਹੇ ਹਨ। ਹੈਰਾਨੀ ਹੁੰਦੀ ਹੈ ਕਿ ਔਰਤਾਂ, ਬੱਚੇ, ਬੁੱਢੇ ਸਭ ਪੈਦਲ ਹੀ ਤੁਰਨ ਲਈ ਮਜ਼ਬੂਰ ਹਨ। ਕੁਝ ਕੋਲ ਸਾਇਕਲ ਹਨ ਅਤੇ ਉਹ ਹਜ਼ਾਰ-ਹਜ਼ਾਰ ਕਿਲੋਮੀਟਰ ਸਾਇਕਲ ਉੱਪਰ ਜਾਣ ਲਈ ਮਜ਼ਬੂਰ ਹਨ। ਇਹਨਾਂ ਕਿਰਤੀਆਂ ਦੀ ਇਸ ਮਜ਼ਬੂਰੀ ਦਾ ਜ਼ਿੰਮੇਵਾਰ ਕੌਣ ਹੈ?, ਇਹ ਸਵਾਲ ਬਹੁਤ ਅਹਿਮ ਅਤੇ ਮਹੱਤਵਪੂਰਨ ਹੈ। ਪਰ ਇਹ ਸਵਾਲ ਹੁਣ ਰਾਜਨੀਤੀ ਦੀ ਹਨੇਰੀ ਵਿਚ ਉੱਡ ਗਿਆ ਹੈ/ ਗੁਆਚ ਗਿਆ ਹੈ/ ਅਲੋਪ ਹੋ ਗਿਆ ਹੈ।

ਕੁਦਰਤੀ ਆਫਤਾਂ ਤੋਂ ਲੈ ਕੇ ਰਾਜਨੀਤਕ ਘਪਲਿਆਂ ਤੱਕ ਦੀ ਸਭ ਤੋਂ ਵੱਧ ਮਾਰ ਆਮ ਲੋਕਾਂ ਨੂੰ ਹੀ ਪੈਂਦੀ ਹੈ/ ਕਿਰਤੀਆਂ ਨੂੰ ਹੀ ਪੈਂਦੀ ਹੈ। ਇਸ ਗੱਲ ਵਿਚ ਰਤਾ ਭਰ ਵਿਚ ਸ਼ੱਕ ਦੀ ਸੰਭਾਵਨਾ ਨਹੀਂ ਹੈ ਕਿ ਕਿਰਤੀ ਵਰਗ ਨੂੰ ਆਪਣੇ ਪੈਰਾਂ ਹੇਠ ਕੁਚਲ ਕੇ ਰਾਜਨੀਤਕ ਲੋਕ ਸਦਾ ਹੀ ਆਪਣੇ ਘਰ ਭਰਦੇ ਰਹੇ ਹਨ। ਕਹਿਣ ਨੂੰ ਤਾਂ ਹਰ ਜਮਾਤ, ਪਾਰਟੀ ਅਤੇ ਸਰਕਾਰ; ਕਿਰਤੀਆਂ ਨੂੰ ਵੱਧ ਹੱਕ ਦੇ ਲਈ ਨਾਅਰੇ ਲਗਾਉਂਦੇ ਵੇਖੇ ਜਾ ਸਕਦੇ ਹਨ ਪਰ ਹਾਕਮਾਂ ਦੀ ਬਦਨੀਤੀ ਦਾ ਪ੍ਰਤੱਖ ਪ੍ਰਮਾਣ ਅੱਜਕਲ੍ਹ ਸੜਕਾਂ ਤੇ ਤੁਰੇ ਜਾਂਦੇ ਕਿਰਤੀਆਂ ਦੇ ਚਿਹਰਿਆਂ ਤੋਂ ਸਾਫ ਵੇਖਿਆ ਜਾ ਸਕਦਾ ਹੈ/ ਪੜ੍ਹਿਆ ਜਾ ਸਕਦਾ ਹੈ/ ਸਮਝਿਆ ਜਾ ਸਕਦਾ ਹੈ।

ਇਹ ਵਰਤਾਰਾ ਕੇਵਲ ਅਜੋਕੇ ਸੰਦਰਭ ਵਿਚ ਹੀ ਵਿਚਾਰ-ਚਰਚਾ ਦਾ ਵਿਸ਼ਾ ਨਹੀਂ ਹੈ ਬਲਕਿ ਇਹ ਵਿਸ਼ਾ ਤਾਂ ਸਦੀਆਂ ਤੋਂ ਵਿਚਾਰ-ਚਰਚਾ ਦੀ ਮੰਗ ਕਰਦਾ ਰਿਹਾ ਹੈ ਪਰ ਇਸ ਵਿਸ਼ੇ ਨੂੰ ਜਾਣਬੁਝ ਕੇ ਅੱਖੋਂ-ਪਰੋਖੇ ਕੀਤਾ ਜਾਂਦਾ ਰਿਹਾ ਹੈ। ਉਂਝ ਇਹ ਵਿਸ਼ਾ ਅੱਜ ਵੀ ਵਿਚਾਰਾਂ ਤੋਂ ਕੋਹਾਂ ਦੂਰ ਹੋ ਕੇ ਵੋਟਾਂ ਦੀ ਰਾਜਨੀਤੀ ਦੀ ਭੇਟ ਚੜ ਗਿਆ ਜਾਪਦਾ ਹੈ। ਹਾਕਮਾਂ ਨੂੰ ਸੜਕਾਂ 'ਤੇ ਪੈਦਲ ਤੁਰੇ ਜਾਂਦੇ ਕਿਰਤੀ ਹੁਣ ਵੋਟਾਂ ਦਿੱਸਣ ਲੱਗੇ ਹਨ। ਖ਼ਬਰੇ ਤਾਹੀਂਓ ਸਰਕਾਰਾਂ/ ਹਾਕਮਾਂ ਦੀਆਂ ਅੱਖਾਂ ਖੁੱਲਣ ਦਾ ਸਿਲਸਿਲਾ ਆਰੰਭ ਹੋ ਗਿਆ ਹੈ।

ਕੋਰੋਨਾ ਵਾਇਰਸ ਕਰਕੇ ਸਮੁੱਚੇ ਸੰਸਾਰ ਦੇ ਕਿਰਤੀ ਆਪਣੇ ਕੰਮਾਂ ਤੋਂ ਵਿਹਲੇ ਹੋ ਗਏ ਹਨ/ ਕਰ ਦਿੱਤੇ ਗਏ ਹਨ। ਹੁਣ ਇਹਨਾਂ ਕੋਲ ਨਾ ਤਾਂ ਖਾਣ ਨੂੰ ਰੋਟੀ ਹੈ/ ਨਾ ਪਾਉਣ ਨੂੰ ਕਪੜਾ। ਇਹ ਲੋਕ ਬੇਸਹਾਰਾ ਹੋ ਕੇ ਆਪਣੇ ਪਿੰਡਾਂ ਨੂੰ ਮੁੜ ਪਏ ਹਨ ਪਰ ਕਹਿਰ ਖੁਦਾ ਦਾ! ਨਿੱਕੇ-ਨਿੱਕੇ ਬੱਚੇ ਸੈਕੜੇ ਕਿਲੋਮੀਟਰ ਦਾ ਸਫਰ ਪੈਦਲ ਚੱਲ ਰਹੇ ਹਨ। ਹਾਕਮ ਜਮਾਤ ਨੂੰ ਇਹਨਾਂ ਕਿਰਤੀਆਂ ਵਿਚੋਂ ਆਪਣੇ ਵੋਟ ਖੁੱਸ ਜਾਣ ਦਾ ਡਰ ਸਤਾ ਰਿਹਾ ਹੈ। ਭਾਰਤ ਅੰਦਰ ਇਹ ਵਰਤਾਰਾ ਆਪਣੇ ਸਿਖਰ ਉੱਪਰ ਹੈ। ਸੜਕਾਂ ਉੱਪਰ ਮਾਨਵਤਾ ਮਰ ਰਹੀ ਹੈ। ਸੜਕਾਂ ਖੂਨ ਨਾਲ ਲਾਲ ਹੋ ਰਹੀਆਂ ਹਨ। ਪਰ ਹਾਕਮਾਂ ਨੂੰ ਗੱਦੀ ਦਾ ਮੋਹ ਸਤਾ ਰਿਹਾ ਹੈ/ ਗੱਦੀ ਨੂੰ ਚੰਬੜੇ ਰਹਿਣ ਦੀਆਂ ਸਕੀਮਾਂ ਘੜੀਆਂ ਜਾ ਰਹੀਆਂ ਹਨ।

ਕੋਰੋਨਾ ਵਾਇਰਸ ਤੋਂ ਬਚਾਉ ਲਾਜ਼ਮੀ ਹੈ। ਇਸ ਕਰਕੇ ਵੱਡੇ-ਵੱਡੇ ਤਕਨੀਕੀ ਅਦਾਰੇ ਲਗਭਗ ਬੰਦ ਹਨ। ਪਰ ਇਹਨਾਂ ਕਿਰਤੀਆਂ ਦਾ ਇਸ ਵਿਚ ਕੀ ਦੋਸ਼ ਹੈ? ਕੀ ਸਰਕਾਰਾਂ; ਲੋਕਾਂ ਦੀ ਹਿਫਾਜ਼ਤ ਲਈ ਨਹੀਂ ਹੁੰਦੀਆਂ? ਕੀ ਸਰਕਾਰਾਂ ਦੀ ਇਹਨਾਂ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ? ਖ਼ਬਰੇ ਇਹ ਮੁੱਦਾ ਚੰਦ ਦਿਨਾਂ ਦਾ ਮਹਿਮਾਨ ਬਣ ਕੇ ਸਾਡੇ ਜ਼ਿਹਨ ਵਿਚ ਰਹੇਗਾ ਅਤੇ ਮੁੜ ਅਤੀਤ ਦੀ ਬੁੱਕਲ ਵਿਚ ਗੁਆਚ ਜਾਵੇਗਾ। ਇਹ ਭਾਰਤੀ ਮਾਨਸਿਕਤਾ ਹੈ ਕਿ ਅਸੀਂ ਕੋਈ ਇੱਕ ਮੁੱਦਾ ਜਨੂੰਨੀ ਹੱਦ ਤੱਕ ਪ੍ਰਚਾਰਿਤ ਕਰਦੇ ਹਾਂ/ ਭੰਡਦੇ ਹਾਂ ਅਤੇ ਚੰਦ ਦਿਨਾਂ ਮਗ਼ਰੋਂ ਭੁੱਲ-ਭੁਲਾ ਜਾਂਦੇ ਹਨ।

ਕੋਰੋਨਾ ਵਾਇਰਸ ਮੁੱਕ ਜਾਵੇਗਾ। ਅਸੀਂ ਇਹ ਮੁੱਦੇ ਭੁੱਲ ਜਾਵਾਂਗੇ ਪਰ ਜਿਹਨਾਂ ਮਾਂਵਾਂ ਦੇ ਪੁੱਤ ਸੜਕਾਂ ਉੱਪਰ ਸਦਾ ਦੀ ਨੀਂਦਰ ਸੌਂ ਗਏ; ਕੀ ਉਹ ਕਦੇ ਮੁੜ ਘਰਾਂ ਨੂੰ ਮੁੜਨਗੇ? ਸਰਕਾਰਾਂ ਆਉਂਦੀਆਂ ਹਨ, ਜਾਂਦੀਆਂ ਰਹਿੰਦੀਆਂ ਹਨ ਪਰ ਇਤਿਹਾਸ ਦੇ ਕਾਲੇ ਪੰਨੇ ਕਦੇ ਚਿੱਟੇ ਨਹੀਂ ਕੀਤੇ ਜਾ ਸਕਦੇ/ ਬਦਲੇ ਨਹੀਂ ਜਾ ਸਕਦੇ। ਅੱਜ ਮਨੁੱਖਤਾ ਦਾ ਘਾਣ ਹੋ ਰਿਹਾ ਹੈ ਅਤੇ ਬਦਕਿਸਮਤੀ ਮਨੁੱਖ ਹੀ ਇਸਦਾ ਸਭ ਤੋਂ ਵੱਧ ਜ਼ਿੰਮੇਵਾਰ ਹੈ।

ਸਰਕਾਰ, ਪਾਰਟੀ, ਜਮਾਤ, ਕੌਮ, ਨਸਲ, ਧਰਮ, ਰੰਗ, ਖੇਤਰ ਕੋਈ ਵੀ ਹੋਵੇ ਸਭ ਤੋਂ ਪਹਿਲਾਂ ਮਨੁੱਖ, ਮਨੁੱਖ ਹੈ ਅਤੇ ਮਨੁੱਖ ਨੂੰ ਮਨੁੱਖਤਾ ਦਾ ਸਬੂਤ ਦੇਣਾ ਚਾਹੀਦਾ ਹੈ। ਦੇਸ਼ ਉਦੋਂ ਹੀ ਜਿਉਂਦਾ ਮੰਨਿਆਂ ਜਾਂਦਾ ਹੈ ਜਦੋਂ ਇਸ ਵਿਚ ਰਹਿਣ ਵਾਲੇ ਲੋਕ ਜਾਗਦੇ ਹੋਣ/ ਜਿਉਂਦੇ ਹੋਣ। ਪਰ ਬਦਕਿਸਮਤੀ ਅੱਜ 99% ਲੋਕ ਸੁੱਤੇ ਪਏ ਹਨ। ਜ਼ਮੀਰਾਂ ਮਰ ਚੁਕੀਆਂ ਹਨ। ਆਪਣੇ ਹੱਕਾਂ ਦੀ ਅਗਿਆਨਤਾ ਨੇ ਮਨੁੱਖ ਨੂੰ ਲੰਗੜਾ ਬਣਾ ਕੇ ਰੱਖ ਦਿੱਤਾ ਹੈ। ਸਵਾਲ ਚੁੱਕਦੇ ਮਨੁੱਖ; ਖਤਮ ਹੋ ਗਏ ਹਨ/ ਅਲੋਪ ਹੋ ਗਏ ਹਨ। ਹੁਣ ਬਚੇ ਹਨ ਕਿਰਤੀਆਂ ਦੀ ਮੌਤ 'ਤੇ ਜਸ਼ਨ ਮਨਾਉਣ ਵਾਲੇ/ ਹੱਸਣ ਵਾਲੇ/ ਆਪਣੇ ਘਰ ਭਰਨ ਵਾਲੇ/ ਸੜਕਾਂ ਤੇ ਤੁਰੇ ਜਾਂਦੇ ਕਿਰਤੀਆਂ ਨੂੰ ਕੀੜੇ-ਮਕੌੜੇ ਸਮਝਣ ਵਾਲੇ ਅਤੇ ਵੋਟਾਂ ਪੱਕੀਆਂ ਕਰਨ ਦੀਆਂ ਵਿਉਂਤਾ ਘੜਨ ਵਾਲੇ ਹਾਕਮ।

ਸਰਕਾਰਾਂ/ ਹਾਕਮਾਂ ਤੋਂ ਨਾ-ਉਮੀਦੀ ਮਗ਼ਰੋਂ ਆਮ ਲੋਕਾਂ ਨੂੰ ਹੀ ਅੱਗੇ ਆਉਣਾ ਪਵੇਗਾ। ਕਿਰਤੀਆਂ ਨੂੰ ਤੁਰੇ ਜਾਂਦਿਆਂ ਨੂੰ ਆਪਣੀਆਂ ਗੱਡੀਆਂ ਵਿਚ ਬਿਠਾ ਕੇ ਸਹੀ ਥਾਂ 'ਤੇ ਉਤਾਰ ਦੇਣਾ ਮਨੁੱਖਤਾ ਭਰਪੂਰ ਕਾਰਜ ਹੈ। ਹਰ ਪਿੰਡ/ ਸ਼ਹਿਰ ਵਿਚ ਲੋਕ ਆਪਣੇ ਘਰਾਂ ਦੇ ਬਾਹਰ ਪਾਣੀ ਅਤੇ ਰੋਟੀ ਰੱਖਣ ਤਾਂ ਕਿ ਭੁੱਖੇ ਢਿੱਡ ਤੁਰੇ ਜਾਂਦੇ ਮਜ਼ਦੂਰ ਰੋਟੀ ਲੈ ਸਕਣ/ ਪਾਣੀ ਲੈ ਸਕਣ।  ਹਾਕਮਾਂ/ ਪਾਰਟੀਆਂ ਵੱਲੋਂ ਮਦਦ ਦਾ ਵਿਖਾਵੇ ਮੀਡੀਆ ਵੱਲੋਂ ਵਿਖਾਇਆ ਜਾ ਰਿਹਾ ਹੈ ਪਰ ਆਮ ਲੋਕਾਂ ਨੂੰ ਵੀ ਅੱਗੇ ਆ ਕੇ ਗਰੀਬ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਮਨੁੱਖਤਾ ਬਚੀ ਰਹੇ। ਮਨੁੱਖ ਰਹੇਗਾ ਤਾਂ ਹੀ ਦੇਸ਼ ਰਹੇਗਾ।


author

Iqbalkaur

Content Editor

Related News