ਵਿਰਸੇ ਦੀ ਵਿਰਾਸਤ ਕਣਕ

Wednesday, Mar 07, 2018 - 12:05 PM (IST)

ਵਿਰਸੇ ਦੀ ਵਿਰਾਸਤ ਕਣਕ

ਕਣਕ ਦੀ ਫਸਲ ਦਾ ਅਤੀਤ ਤੋਂ ਵਰਤਮਾਨ ਤੱਕ ਪੰਜਾਬੀਆਂ ਨਾਲ ਗੂੜ੍ਹਾ ਸਬੰਧ ਹੈ, ਜੋ ਕਿ ਭਵਿੱਖ ਵਿਚ ਵੀ ਇਸੇ ਤਰ੍ਹਾਂ ਰਹਿਣ ਦੀ ਸੰਭਾਵਨਾ ਹੈ।ਕਣਕ ਦੀ ਫਸਲ ਪ੍ਰਕਿਰਤੀਵਾਦੀਆਂ ਨੂੰ ਸਾਹਿਤ ਰਚਣ ਦਾ ਹੁਲਾਰਾ ਦਿੰਦੀ ਹੈ।ਆਰਥਿਕ ਪੱਖ ਤੋਂ ਕਣਕ ਪੰਜਾਬੀਆਂ ਦੀ ਜ਼ਿੰਦਜਾਨ ਰਹੀ।ਛੇ ਮਹੀਨੇ ਬਾਅਦ ਕਣਕ ਦੀ ਫਸਲ ਨੂੰ ਉਡੀਕਣਾ ਕਿਸੇ ਚਾਅ ਮਲਾਰ ਤੋਂ ਘੱਟ ਨਹੀਂ ਹੁੰਦਾ।ਇਸੇ ਲਈ ਪੰਜਾਬੀਆਂ ਦੀ ਇਸ ਕਹਾਵਤ ਨੇ ਜਨਮ ਲਿਆ 'ਕਣਕ ਖੇਤ ਵਿਚ ਕੁੜੀ ਪੇਟ ਵਿਚ, ਆ ਜਵਾਈਆ ਮੰਡੇ ਖਾਹ'
ਆਰਥਿਕ ਤੰਗੀਆਂ ਨੂੰ ਸਹਾਰਾ ਦੇਣ ਲਈ ਕਣਕ ਪੰਜਾਬੀ ਕਿਸਾਨ ਦੀ ਮਿੱਤਰ ਰਹੀ।ਕਣਕ ਪ੍ਰਕਿਰਤੀ ਦੇ ਪ੍ਰਤੀਤ ਨੂੰ ਪ੍ਰਤੀਕ ਵੀ ਬਣਾਉਂਦੀ ਰਹੀ।ਹਰੀ ਕ੍ਰਾਂਤੀ ਨੇ ਕਣਕ ਨੂੰ ਸਿਖਰ ਤੇ ਪਹੁੰਚਾ ਦਿੱਤਾ। ਇਕ ਸਮਾਂ ਸੀ ਜਦੋਂ ਕਣਕ ਦੀ ਰੋਟੀ ਖਾਸ ਮਹਿਮਾਨਾਂ ਨੂੰ ਬਣਾ ਕੇ ਖੁਆਈ ਜਾਂਦੀ ਸੀ।ਮਹਿਬਾਨੀ ਦੀ ਗਵਾਹੀ ਵੀ ਕਣਕ ਭਰਦੀ ਸੀ।18ਵੀਂ ਸਦੀ 'ਚ ਪ੍ਰਕਿਰਤੀ ਨੂੰ ਕਲਮ ਬੰਦ ਕਰਨ ਵਾਲੇ ਲਾਲਾ ਧਨੀ ਰਾਮ ਚਾਤ੍ਰਿਕ ਨੇ ਕਣਕ ਨੂੰ ਇਉਂ ਰੂਪ ਮਾਨ ਕੀਤਾ:

“ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, 
  ਲੰਬੜਾਂ ਤੇ ਸ਼ਾਹਾ ਦਾ ਹਿਸਾਬ ਕੱਟ ਕੇਂ
  “ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
   ਮਾਰਦਾ ਦਮਾਮੇ ਜੱਟ ਮੇਲੇ ਆ ਗਿਆਂ।


ਕਵੀਆਂ ਦੀ ਇਨ੍ਹਾਂ ਸਤਰਾਂ ਵਿਚੋਂ ਕਣਕ ਦਾ ਤਤਕਾਲੀ ਸਮੇਂ ਦਾ ਨਕਾ, ਸੱਭਿਆਚਾਰ ਅਤੇ ਆਰਥਿਕਤਾ ਨਾਲ ਜੁੜਿਆ ਹੋਇਆ ਅੱਜ ਤੱਕ ਪੰਜਾਬੀਆਂ ਨੂੰ ਸੁਨੇਹੇ ਦਿੰਦਾ ਹੈ।ਇਸ ਤੋਂ ਇਲਾਵਾ ਕਣਕ ਦੇ ਪੱਕਣ ਦੀ ਖੁਸ਼ੀ 'ਚ ਖੁਸ਼ਹਾਲੀ ਦੀ ਤਰਜਮਾਨੀ ਦੀ ਮਿਲਦੀ ਹੈ:_ 

  “ਪੱਕ ਪਈਆਂ ਕਣਕਾਂ ਲੁਕਾਟ ਰੱਸਿਆ,
   ਬੂਰ ਪਿਆ ਅੰਬਾ ਨੂੰ ਗੁਲਾਬ ਹੱਸਿਆ।


ਵਿਰਸੇ ਦੀ ਵਿਰਾਸਤ ਨੂੰ ਬੁੱਕਲ 'ਚ ਸਾਂਭੀ ਬੈਠੀ ਕਣਕ ਘਰ ਦੀ ਖੁਸ਼ਹਾਲੀ ਨੂੰ ਦਰਵਾਜੇ ਉਤੋਂ ਦਿਖਣ ਲਈ ਮਜ਼ਬੂਰ ਕਰ ਦਿੰਦੀ ਹੈ।ਪੰਜਾਬ ਦੇ ਕਿਸਾਨ ਨੇ ਘਰ ਦੀ ਵਰਤੋਂ ਤੋਂ ਫਾਲਤੂ ਕਣਕ ਦਾ ਕੇਂਦਰੀ ਪੂਲ 'ਚ 1970 ਤੋਂ 1980 ਤੱਕ 40.45 ਫੀਸਦੀ ਅਤੇ 2000 ਤੋਂ 2009 ਤੱਕ 43.73 ਫੀਸਦੀ ਹਿੱਸਾ ਭੇਜਿਆ।ਸਾਲ 2009_10 'ਚ ਪੰਜਾਬ ਨੇ 42.20 ਫੀਸਦੀ ਹਿੱਸਾ ਕੇਂਦਰੀ ਪੂਲ 'ਚ ਭੇਜਿਆ।ਸਾਲ 2013_14 'ਚ ਪੰਜਾਬ ਵਿਚ ਕਣਕ ਹੇਠ 3512 ਲੱਖ ਹੈਕਟੇਅਰ ਰਕਬਾ ਕਵਰ ਕੀਤਾ ਗਿਆ।ਫਸਲੀ ਵਿਭਿੰਨਤਾ ਨੇ ਕਣਕ ਨੂੰ ਖੜੌਤ ਦਿੱਤੀ ਪਰ ਕਣਕ ਤੋਂ ਬਿਨਾਂ ਗੁਜਾਰਾ ਵੀ ਨਹੀਂ ਹੁੰਦਾ।

ਵਿਸਾਖੀ ਵੀ ਕਣਕ ਨੂੰ ਕਿਸਾਨ ਨਾਲ ਜੋੜਕੇ ਰੱਖਦੀ ਹੈ।ਪੱਕੀ ਕਣਕ ਦੀ ਫਸਲ ਚੰਦ ਕੁ ਦਿਨਾਂ 'ਚ ਕੱਟੀ ਜਾਂਦੀ ਹੈ।ਕਣਕ ਕੱਟਣ ਦੇ ਦਿਨਾਂ ਦਾ ਦ੍ਰਿਸ਼ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਧਰਤੀ 'ਤੇ ਧਾਵਾ ਬੋਲਿਆ ਹੋਵੇ।ਸੋਨੇ ਰੰਗੀ ਧਰਤੀ ਆਪਣੇ ਰੰਗ ਵਿਚ ਰੰਗੀ ਜਾਂਦੀ ਹੈ।ਛੇ ਮਹੀਨਿਆਂ 'ਚ ਕਣਕ ਨਿਤ ਦਿਨ ਨਵੇਂ ਰੰਗ ਬਦਲਦੀ ਹੋਈ ਪੰਜਾਬ ਦੀ ਵਿਰਾਸਤ ਨੂੰ ਅਤੀਤ ਤੋਂ ਵਰਤਮਾਨ ਤੱਕ ਜੋੜਦੀ ਹੈ।ਸਾਹਿਤਕ, ਸੱਭਿਆਚਾਰਕ, ਸਮਾਜਿਕ ਅਤੇ ਆਰਥਿਕ ਸੁਨੇਹੇ ਵੀ ਦਿੰਦੀ ਹੈ।ਕਣਕ ਦੀ ਫਸਲ ਮੰਡੀਆਂ ਅਤੇ ਕੁੱਪਾਂ ਵਿਚ ਬੰਦ ਹੋ ਕੇ ਵਿਰਸੇ ਦੀ ਵਿਰਾਸਤ ਨੂੰ ਬੁੱਕਲ 'ਚ ਸਾਂਭ ਕੇ ਖੁਸ਼ਹਾਲੀ ਦਾ ਸੁਨੇਹਾ ਦਿੰਦੀ ਹੈ।


ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ, 9878111445


Related News