ਅਸੀਂ ਹੀ ਚਿੜੀਆਂ ਤੋਂ ਦੂਰ ਹੋ ਗਏ ਹਾਂ ...

Thursday, Mar 21, 2019 - 12:10 PM (IST)

ਅਸੀਂ ਹੀ ਚਿੜੀਆਂ ਤੋਂ ਦੂਰ ਹੋ ਗਏ ਹਾਂ ...

ਦੋਸਤੋ ਕੱਲ੍ਹ ਵਿਸ਼ਵ ਚਿੜੀ ਦਿਵਸ ਸੀ, ਜੋ ਕਿ ਚਿੜੀਆਂ ਦੀ ਦਿਨ ਪ੍ਰਤੀ ਦਿਨ ਘੱਟ ਹੋ ਰਹੀ ਗਿਣਤੀ ਦੀ ਫਿਕਰਮੰਦੀ 'ਚ ਮਨਾਇਆ ਜਾਂਦਾ ਹੈ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਹ ਦਿਵਸ ਸਿਰਫ ਚਿੜੀਆਂ ਦੀ ਘੱਟ ਰਹੀ ਗਿਣਤੀ ਦੇ ਫਿਕਰ ਵਜੋਂ ਹੀ ਮਨਾਇਆ ਜਾਂਦਾ ਹੈ, ਜਦਕਿਂ ਇੱਲ੍ਹਾਂ, ਪਹਾੜੀ ਕਾਂ ਚੱਕੀਰਾਹੇ ਅਤੇ ਘੁੱਗੀਆਂ ਆਦਿ ਅਨੇਕਾਂ ਹੋਰ ਅਜਿਹੇ ਜਾਨਵਰ ਹਨ, ਜੋ ਜਾਂ ਤਾਂ ਖਤਮ ਹੋ ਚੁੱਕੇ ਹਨ ਜਾਂ ਫਿਰ ਖਤਮ ਹੋਣ ਦੀ ਕਤਾਰ 'ਚ ਹਨ।

ਇਸ ਦੇ ਇਕ ਨਹੀਂ ਅਨੇਕਾਂ ਕਾਰਨ ਹਨ ਜਿਵੇਂ ਰੁੱਖਾਂ ਦੀ ਕਟਾਈ, ਪੱਕੇ ਘਰਾਂ ਦੀਆਂ ਲੈਂਟਰਨੁਮਾ ਛੱਤਾਂ, ਮੋਬਾਈਲ ਟਾਵਰ, ਖੇਤੀ ਦਾ ਮਸ਼ੀਨੀਕਰਨ, ਹੱਦ ਤੋਂ ਵੱਧ ਸ਼ੋਰ ਪ੍ਰਦੂਸ਼ਣ, ਫਸਲਾਂ ਨੂੰ ਲੱਗਦੀਆਂ ਅੱਗਾਂ, ਫਸਲਾਂ ਦੀਆਂ ਹਾਈਬ੍ਰਿਡ ਕਿਸਮਾਂ, ਜਿਨ੍ਹਾਂ ਨੂੰ ਪੰਛੀ ਠੂੰਗਣਾਂ ਵੀ ਪਸੰਦ ਨਹੀਂ ਕਰਦੇ, ਫਸਲਾਂ 'ਚ ਵਰਤੀਆਂ ਜਾਣ ਵਾਲੀਆਂ ਕੀਟਨਾਸ਼ਕ ਜ਼ਹਿਰਾਂ ਆਦਿ ਅਨੇਕਾਂ ਕਾਰਨ ਹਨ, ਜਿਸ ਕਰਕੇ ਪੰਛੀਆਂ ਦੀ ਹੋਂਦ 'ਤੇ ਗੰਭੀਰ ਖਤਰਾ ਮੰਡਰਾ ਰਿਹਾ ਹੈ। ਇਸ ਭਿਆਨਕ ਵਰਤਾਰੇ ਦੇ ਅਸੀਂ ਸਭ ਜਿੰਮੇਵਾਰ ਹਾਂ। ਇਹ ਸਭ ਜਿੱਥੇ ਕੁਦਰਤੀ ਜੀਵਨ 'ਚ ਪੈ ਰਹੇ ਖਲਲ ਪ੍ਰਤੀ ਸੰਕੇਤਾਂ ਨੂੰ ਦਰਸਾਉਂਦਾ ਹੈ, ਉਥੇ ਇਹ ਮਨੁੱਖ ਦੇ ਕੁਦਰਤ ਨਾਲ ਟੁੱਟ ਰਹੇ ਰਿਸ਼ਤਿਆਂ ਵੱਲ ਵੀ ਸੰਕੇਤ ਕਰਦਾ ਹੈ।

ਦੋਸਤੋ ਗੱਲ ਚਿੜੀਆਂ ਦੀ ਕਰੀਏ ਤਾਂ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਕਿ ਚਿੜੀਆਂ ਪੂਰੀ ਤਰ੍ਹਾਂ ਖਤਮ ਹੋ ਚੁੱਕੀਆਂ ਹਨ। ਅਸਲ ਗੱਲ ਤਾਂ ਇਹ ਹੈ ਕਿ ਅਸੀਂ ਹੀ ਚਿੜੀਆਂ, ਕਾਵਾਂ ਅਤੇ ਹੋਰ ਕੁਦਰਤੀ ਜਾਨਵਰਾਂ ਨਾਲੋ ਸਾਂਝ ਤੋੜ ਕੇ ਉਨ੍ਹਾਂ ਵੱਲ ਧਿਆਨ ਦੇਣਾ ਹੀ ਛੱਡ ਦਿੱਤਾ ਹੈ | ਅਜੋਕੇ ਯੁੱਗ ਵਿਚ ਮਨੁੱਖ ਇਸ ਤਰ੍ਹਾਂ ਦੀ ਜੀਵਨ ਸ਼ੈਲੀ ਵਿਚ ਢਲ ਚੁਕਿਆ ਹੈ ਕਿ ਉਹ ਘਰ ਦੇ ਕਮਰਿਆਂ ਅਤੇ ਚਾਰਦੀਵਾਰੀ ਦਾ ਕੈਦ ਬਣ ਕੇ ਰਹਿ ਗਿਆ ਹੈ। ਪਹਿਲੀ ਗੱਲ ਤਾਂ ਅਜੋਕੇ ਮਨੁੱਖ ਕੋਲ ਵਿਹਲ ਹੀ ਨਹੀਂ ਹੈ ਕਿ ਉਹ ਕੁਦਰਤੀ ਜੀਵਾਂ ਨੂੰ ਦੇਖੇ, ਸੁਣੇ ਜਾਂ ਉਨ੍ਹਾਂ ਨਾਲ ਕੋਈ ਹੋਰ ਭਾਵਨਾਤਮਕ ਸਾਂਝ ਪਾਵੇ। ਦੂਜਾ ਵੱਡਾ ਕਾਰਨ ਤਕਨਾਲੋਜੀ ਨੂੰ ਮੰਨਿਆ ਜਾ ਸਕਦਾ ਹੈ ਜਿਸ ਦਾ ਮਨੁੱਖ ਗੁਲਾਮ ਬਣ ਚੁੱਕਾ ਹੈ |

ਅੱਜ ਦਾ ਮਨੁੱਖ ਕਿਸੇ ਪਾਰਕ ਜਾਂ ਹੋਰ ਕੁਦਰਤੀ ਮਾਹੌਲ 'ਚ ਬੈਠ ਕੇ ਵੀ ਕੁਦਰਤ ਨਾਲ ਨਹੀਂ ਬਲਕਿ ਤਕਨੀਕ ਵਿਚ ਹੀ ਗਵਾਚਿਆ ਰਹਿੰਦਾ ਹੈ। ਅਸੀਂ ਆਮ ਦੇਖਦੇ ਹਾਂ ਕਿ ਸੈਰਗਾਹਾਂ 'ਚ ਸੈਰ ਕਰਦਿਆਂ ਜਿਆਦਾਤਰ ਲੋਕ ਕੰਨਾ ਨੂੰ ਹੈੱਡਫੋਨ ਲਗਾ ਕੇ ਕੁਦਰਤੀ ਮਾਹੌਲ 'ਚ ਵਿਚਰਦਿਆਂ ਵੀ ਕੁਦਰਤ ਨਾਲੋਂ ਟੁੱਟੇ ਦਿਖਾਈ ਦਿੰਦੇ ਹਨ। ਕੁਦਰਤ ਨਾਲੋਂ ਟੁੱਟੇ ਇਹ ਮਨੁੱਖ ਪੰਛੀਆਂ ਦੀਆਂ ਮਾਸੂਮ ਕਿਰਿਆਵਾਂ ਤੇ ਅਣਮੁੱਲੀਆਂ ਤਾਨਾਂ ਨੂੰ ਦੇਖਣ ਅਤੇ ਸੁਣਨ ਤੋਂ ਵਾਂਝੇ ਰਹਿ ਜਾਂਦੇ ਹਨ। ਇਸੇ ਤਰ੍ਹਾਂ ਪਾਰਕਾਂ ਜਾਂ ਘਰ ਦੇ ਬਗੀਚੇ 'ਚ ਬੈਠਾ ਮਨੁੱਖ ਵੀਡੀਓ ਗੇਮ, ਵਟਸਐਪ ਜਾਂ ਹੋਰ ਕੋਈ ਵੀ ਐਪ ਚਲਾ ਰਿਹਾ ਮਨੁੱਖ ਪੰਛੀਆਂ ਦੀ ਚਹਿਚਿਹਾਟ ਤੋਂ ਕੋਹਾਂ ਦੂਰ ਰਹਿੰਦਾ ਹੈ | ਇਸ ਤੋਂ ਇਲਾਵਾ ਬੇਹਿਸਾਬੇ ਆਵਾਜ-ਪ੍ਰਦੂਸ਼ੂਣ ਨੇ ਰਹਿੰਦੀ-ਖੂੰਹਦੀ ਕਸਰ ਪੂਰੀ ਕੀਤੀ ਹੋਈ ਹੈ। ਟਾਂ-ਟਾਂ ਵੱਜਦੇ ਸਪੀਕਰਾਂ ਦੀ ਉੱਚੀ ਆਵਾਜ ਵਿਚ ਮਾੜੀਆਂ ਤੇ ਮਾਸੂਮ ਆਵਾਜਾਂ ਉੰਝ ਹੀ ਦੱਭ ਕੇ ਰਹਿ ਗਈਆਂ ਹਨ।

ਇਸ ਤਰ੍ਹਾਂ ਦੀ ਬੇਰੁੱਖੀ ਤੇ ਬੇਸਮਝੀ ਨੇ ਸਾਡੇ ਅਤੇ ਕੁਦਰਤ ਵਿਚਕਾਰ ਵੱਡੀ ਵਿੱਥ ਪੈਦਾ ਕਰ ਦਿੱਤੀ ਹੈ, ਜੋ ਚਿੰਤਾਜਨਕ ਹੈ | ਇਸ ਤਰ੍ਹਾਂ ਅਸੀਂ ਆਪਣੇ ਆਲੇ-ਦੁਆਲੇ ਏਨਾ ਜਿਆਦਾ ਸ਼ੋਰ ਭਰਭੂਰ ਵਾਤਾਵਰਨ ਸਿਰਜ ਲਿਆ ਹੈ ਕਿ ਉਸ ਤੋਂ ਘਭਰਾਏ ਪੰਛੀਆਂ ਨੇ ਸਾਡੇ ਤੋਂ ਵੱਡੀ ਦੂਰੀ ਬਣਾ ਲਈ ਹੈ ਤੇ ਅਨੁਕੂਲ ਵਾਤਾਵਰਨ 'ਚ ਚਲੇ ਗਏ ਹਨ।

 

ਜਸਬੀਰ ਵਾਟਾਂ ਵਾਲੀ


author

jasbir singh

News Editor

Related News