ਸੋਸ਼ਲ ਸਾਈਡ ''ਤੇ ਸੈਨੇਟਰੀ ਪੈਡ ਬਣਿਆ ਚਰਚਾ ਦਾ ਵਿਸ਼ਾ

02/08/2018 4:58:00 PM

21ਵੀਂ ਸਦੀ ਤਕਨਾਲੋਜੀ ਦਾ ਯੁੱਗ ਹੈ। ਪਰ ਫਿਰ ਵੀ ਸਾਡੇ ਸਮਾਜ ਵਿਚ ਕੁੱਝ ਅਜਿਹੀਆਂ ਸਮੱਸਿਆਵਾ ਹਨ, ਜਿਨ੍ਹਾਂ ਬਾਰੇ ਗੱਲ ਕਰਨੀ ਅੱਜ ਵੀ ਵਰਜਿਤ ਹੈ।ਅੱਜ ਕੱਲ ਸੋਸ਼ਲ ਸਾਈਟਸ ਤੇ ਸੈਨੇਟਰੀ ਪੈਡ ਦੀ ਵਰਤੋਂ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਹਾਲ ਹੀ ਵਿਚ ਹੋਏ ਇਕ ਸਰਵੇ ਅਨੁਸਾਰ ਸਿਰਫ 12% ਔਰਤਾਂ ਹੀ ਸੈਨੇਟਰੀ ਪੈਡਸ ਦੀ ਵਰਤੋਂ ਕਰਦੀਆਂ ਹਨ ,ਜਦ ਕਿ 88% ਔਰਤਾਂ ਮਹਾਵਾਰੀ ਦੌਰਾਨ ਗੰਦੇ ਕੱਪੜੇ, ਸੁਆਹ ,ਅਖਬਾਰ ਤੇ ਦਰੱਖਤਾਂ ਦੇ ਪੱਤੇ ਵਰਤਦੀਆਂ ਹਨ।  ਪੇਂਡੂ ਖੇਤਰਾਂ ਵਿਚ ਇਹ ਦਰ ਹੋਰ ਵੀ ਵਧੇਰੇ ਹੈ।ਕਿਉਂਕਿ ਆਮ ਤੌਰ ਤੇ ਇਕ ਔਰਤ ਦਾ ਮਹਾਵਾਰੀ ਕਾਲ ਚਾਰ ਤੋਂ ਪੰਜ ਦਿਨ ਦਾ ਹੁੰਦਾ ਹੈ।ਇਸ ਸਮੇਂ ਦੌਰਾਨ ਉਹ ਸਤਾਰਾਂ ਤੋਂ ਵੀਹ ਪੈਡ ਵਰਤਦੀ ਹੈ ਅਤੇ ਇਕ ਪੈਡ ਦੀ ਕੀਮਤ ਦਸ ਰੁਪਏ ਹੈ ਜਿਸ ਹਿਸਾਬ ਨਾਲ ਹਰ ਮਹੀਨੇ ਇਕ ਔਰਤ ਨੂੰ 170-200 ਰੁਪਏ ਖਰਚਣੇ ਪੈਂਦੇ ਹਨ। ਜਦ ਕਿ ਇਸੇ ਹੀ ਕੀਮਤ ਵਿਚ ਦੋ ਕਿਲੋ ਦੁੱਧ ,22 ਆਂਡੇ ਜਾਂ ਦੋ ਕਿਲੋਗ੍ਰਾਮ ਚਾਵਲ ਖਰੀਦੇ ਜਾ ਸਕਦੇ ਹਨ। ਪਰ ਇਹ ਵੀ ਜ਼ਾਹਿਰ ਹੈ ਕਿ ਪੇਂਡੂ ਖੇਤਰ ਦੀਆਂ ਔਰਤਾਂ ਨੂੰ ਅਜੇ ਇੰਨੀ ਆਜ਼ਾਦੀ ਨਹੀਂ ਮਿਲੀ ਕਿ ਉਹ ਇਨ੍ਹਾਂ ਗੱਲਾਂ ਵਿਚ ਆਪਣੀ ਮਰਜ਼ੀ ਕਰ ਸਕਣ। 
 ''ਪਲਾਨ ਇੰਡੀਆ ''ਦੇ ਸਰਵੇ ਅਨੁਸਾਰ  70% ਔਰਤਾਂ ਅਜਿਹੀਆਂ ਹਨ ਜੋ ਇਹ ਸਭ ਜੁਟਾਉਣ ਵਿਚ ਅਸਮਰੱਥ ਹਨ।12-15 ਸਾਲ ਦੀ ਉਮਰ ਦੀਆਂ ਲੜਕੀਆਂ ਨੂੰ ਮਹਾਵਾਰੀ ਦੌਰਾਨ ਪੰਜ ਦਿਨ ਸਕੂਲ ਤੋਂ ਛੁੱਟੀ ਕਰਨੀ ਪੈਂਦੀ ਹੈ ਜੋ ਕੇ ਇਕ ਸਾਲ ਵਿਚ ਘੱਟੋ ਘੱਟ ਪੰਜਾਹ ਦਿਨ ਬਣਦੇ ਹਨ। ਇਕ ਸਥਾਨਕ ਸਰਵੇ ਅਨੁਸਾਰ 23% ਲੜਕੀਆਂ ਇਸ ਤੋਂ ਬਾਅਦ ਸਕੂਲ ਹੀ ਜਾਣਾ ਛੱਡ ਦਿੰਦੀਆਂ ਹਨ। ਇਸ ਲਈ ਸਕੂਲ ਪੱਧਰ ਤੇ ਅਧਿਆਪਕਾ ਵੱਲੋ ਕੁੜੀਆਂ ਨਾਲ ਵਿਚਾਰ ਕਰਕੇ ਉਹਨਾਂ ਨੂੰ ਇਸ ਸਮੇਂ ਦੌਰਾਨ ਸਵੱਛਤਾ ਦਾ ਹਵਾਲਾ ਦਿੰਦਿਆਂ ਸਾਫ ਸੁਥਰੇ ਕੱਪੜੇ ਤੇ  ਸੈਨੇਟਰੀ ਪੈਡ ਦੀ ਵਰਤੋਂ ਕਰਨ ਤੇ ਜ਼ੋਰ ਦਿੱਤਾ ਗਿਆ। oxfam ਤੇ ਵਾਤਾਵਰਣ ਅਤੇ ਲੋਕ ਸਿਹਤ ਸੰਸਥਾ ਵੱਲੋਂ ਭਰਤਪੁਰ ਤੇ ਗੋਰਖਾ ਜ਼ਿਲ੍ਹੇ ਵਿਚ ਮਿਲਕੇ ਛੋਟੇ ਪੱਧਰ ਤੇ ਸੈਨੇਟਰੀ ਪੈਡ ਬਣਾਉਣ ਲਈ ਫੈਕਟਰੀਆਂ ਲਗਾਈਆਂ ਗਈਆਂ ਹਨ। 
ਇਕ ਸਰਵੇ ਅਨੁਸਾਰ ਦਿੱਲੀ , ਕਲਕੱਤਾ ,ਲਖਨਊ ਅਤੇ ਹੈਦਰਾਬਾਦ ਵਿਖੇ 31% ਔਰਤਾਂ ਨੂੰ ਇਸ ਸਮੇਂ ਦੌਰਾਨ ਕੰਮ ਕਰਨ ਵਿਚ ਬਹੁਤ ਜ਼ਿਆਦਾ ਸਮਸਿਆ ਆਉਂਦੀ ਹੈ ਅਤੇ 2.5 ਦਿਨ ਕੰਮ ਤੋਂ ਛੁੱਟੀ ਲੈਣੀ ਪੈਂਦੀ ਹੈ। ਪੱਛਮੀ ਭਾਰਤ ਵਿਚ ਹਾਲਾਤ ਹੋਰ ਵੀ ਖ਼ਰਾਬ ਹਨ।ਇੱਥੇ ਔਰਤਾਂ ਨੂੰ ਮਹਾਵਾਰੀ ਸਵੱਛਤਾ ਬਾਰੇ ਮੁੱਢਲੀ ਜਾਣਕਾਰੀ ਵੀ ਹਾਸਿਲ ਨਹੀਂ ਹੈ।  ਲੱਗਭਗ 83% ਔਰਤਾਂ ਤੇ ਉਨ੍ਹਾਂ ਦੇ  ਪਰਿਵਾਰ ਵਾਲੇ ਸੈਨੇਟਰੀ ਪੈਡ ਜਿਹੀਆਂ ਸਹੂਲਤਾਂ ਮੁਹੱਈਆ ਕਰਵਾਉਣ ਤੋਂ ਅਸਮਰੱਥ ਹਨ। 
ਜਦ ਕਿ ਇਹ ਗੱਲ ਛੁਪੀ ਨਹੀਂ ਹੈ ਕੇ ਔਰਤਾਂ ਦੀ ਸਿਹਤ ਤੰਦਰੁਸਤ ਹੋਣੀ ਬਹੁਤ ਜ਼ਰੂਰੀ ਹੈ ਤਾ ਜੋ ਭਵਿੱਖ ਦੇ ਵਿਚ ਗੰਭੀਰ ਸਮਸਿਆਵਾਂ ਤੋਂ ਬਚਿਆਂ ਜਾ ਸਕੇ। ਘਰ ਦੇ ਵਿਚ ਮਾਂ-ਬੇਟੀ ਨੂੰ ਖੁੱਲ੍ਹ ਕੇ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ।ਇਸ ਨੂੰ ਇਕ ਸਮਾਜਿਕ ਵਰਜਣਾ ਨਾ ਸਮਝਕੇ   ਬਿਲਕੁਲ ਆਮ ਦੀ ਤਰ੍ਹਾਂ ਸਮਝਿਆ ਜਾਏ। ਮਹਾਵਾਰੀ ਦੌਰਾਨ ਮੰਦਰ ਤੇ ਰਸੋਈ ਘਰ ਵਿਚ ਜਾਣ ਦੀ ਪਾਬੰਦੀ ਜਿਹੀਆਂ ਕੁਰੀਤੀਆਂ ਨੂੰ ਤਿਆਗ ਕੇ ਇਸ ਨੂੰ ਇਕ ਕੁਦਰਤੀ ਵਰਤਾਰਾ ਸਮਝਣਾ ਚਾਹੀਦਾ ਹੈ। ਇਕ ਔਰਤ ਨੂੰ ਇਸ ਸਮੇਂ ਕਾਲ ਦੇ ਦੌਰਾਨ ਦਿਨ ਵਿਚ ਘੱਟ ਤੋਂ ਘੱਟ ਤਿੰਨ ਵਾਰੀ ਸੈਨੇਟਰੀ ਪੈਡ ਬਦਲਣਾ ਚਾਹੀਦਾ ਹੈ ਤਾ ਕੇ ਐਲਰਜੀ ਤੋਂ ਬਚਕੇ ਇਕ ਸਵੱਛ ਜੀਵਨ ਦੀ ਨੀਹ ਰੱਖੀ ਜਾ ਸਕੇ।

ਆਸ਼ੀਆ ਪੰਜਾਬੀ


Related News