ਪੰਜਾਬੀ ਸਿਨੇਮਾ ਦਾ ਨਵਾਂ ਮੀਲ ਪੱਥਰ – ਦ ਸੇਵੀਅਰ
Wednesday, Jun 02, 2021 - 01:26 PM (IST)
ਪਿਛਲੇ ਦਿਨੀਂ ਚੰਡੀਗੜ੍ਹ ਸਥਿਤ ਸੈਂਟਰਾਂ ਮਾਲ ਦੇ ਪੀ. ਵੀ. ਆਰ. ਸਿਨੇਮਾ ਵਿਚ “ਦ ਸੇਵੀਅਰ : ਬ੍ਰਿਗੇਡੀਅਰ ਪ੍ਰੀਤਮ ਸਿੰਘ” ਡਾਕੂ-ਡਰਾਮਾ ਫ਼ਿਲਮ ਦਾ ਪ੍ਰੀਮੀਅਰ ਕੀਤਾ ਗਿਆ। ਇਸ ਫ਼ਿਲਮ ਦੇ ਨਿਰਮਾਤਾ ਅਤੇ ਖੋਜ ਕਰਤਾ ਸ. ਕਰਨਵੀਰ ਸਿੰਘ ਸਿਬੀਆ ਹਨ। ਆਈ ਪਿਕਚਰ ਪ੍ਰੋਡਕਰਸ਼ਨਜ਼ ਦੇ ਬੈਨਰ ਹੇਠ ਬਣੀ ਫ਼ਿਲਮ ਦੇ ਲੇਖਕ ਤੇ ਨਿਰਦੇਸ਼ਕ ਪਰਮਜੀਤ ਸਿੰਘ ਕੱਟੂ, ਸਿਨਮੈਟੋਗਰਾਫਰ ਤੇ ਐਡੀਟਰ ਗੁਰਪ੍ਰੀਤ ਚੀਮਾ ਹਨ। ਇਸ ਫ਼ਿਲਮ ਦੇ ਮੁੱਖ ਅਦਾਕਾਰ ਧਨਵੀਰ ਸਿੰਘ, ਮਹਾਂਬੀਰ ਭੁੱਲਰ, ਪਾਲੀ ਸੰਧੂ ਹਨ। ਇਸ ਫ਼ਿਲਮ ਲਈ ਸੂਤਰਧਾਰ ਵਜੋਂ ਅਵਾਜ਼ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਜ਼ਾਕਿਰ ਹੁਸੈਨ ਨੇ ਦਿੱਤੀ ਹੈ ਅਤੇ ਇਸ ਦੀ ਪੋਸਟ-ਪ੍ਰੋਡਕਸ਼ਨ ਦਾ ਕਾਰਜ ਮੁੰਬਈ ਦੇ ਸਿਖ਼ਰਲੇ ਤਕਨੀਸ਼ੀਅਨਾਂ ਵੱਲੋਂ ਕੀਤਾ ਗਿਆ ਹੈ। ਇਹ ਫ਼ਿਲਮ ਸਿਰਜਣਾਤਮਕ ਅਤੇ ਤਕਨੀਕੀ ਪੱਖ ਤੋਂ ਹਰ ਤਰ੍ਹਾਂ ਦੇ ਅੰਤਰਰਾਸ਼ਟਰੀ ਮਿਆਰਾਂ ਉਪਰ ਖਰੀ ਉਤਰਨ ਦੀ ਸਮਰੱਥਾ ਰੱਖਦੀ ਹੈ। ਇਸ ਫ਼ਿਲਮ ਵਿਚ ਡਾਕੂਮੈਂਟਰੀ ਅਤੇ ਫ਼ਿਲਮ ਦੋਵਾਂ ਦਾ ਕਮਾਲ ਦਾ ਸੁਮੇਲ ਹੈ, ਇਸ ਲਈ ਇਹ ਇਸ ਕਿਸਮ ਦੀ ਪਹਿਲੀ ਪੰਜਾਬੀ ਫ਼ਿਲਮ ਹੈ।
ਇਹ ਫ਼ਿਲਮ ਪੁਣਛ ਦੇ ਰਖਵਾਲੇ (Savior of Poonch) ਵਜੋਂ ਸਤਿਕਾਰ ਨਾਲ ਯਾਦ ਕੀਤੇ ਜਾਂਦੇ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੀ ਜ਼ਿੰਦਗੀ ਦੇ ਸੰਘਰਸ਼ ਨੂੰ ਪੇਸ਼ ਕਰਦੀ ਹੈ। ਬ੍ਰਿਗੇਡੀਅਰ ਪ੍ਰੀਤਮ ਸਿੰਘ ਦੂਜੇ ਵਿਸ਼ਵ ਯੁੱਧ ਦੌਰਾਨ ਕੈਦ ਹੋਏ ਕੈਦੀਆਂ ਵਿਚੋਂ ਬਚ ਕੇ ਨਿਕਲਣ ਵਾਲੇ ਦੁਨੀਆਂ ਦੇ ਚੁਣੀਂਦਾ ਲੋਕਾਂ ਵਿਚੋਂ ਇਕ ਸਨ। ਲਗਭਗ ਛੇ ਮਹੀਨਿਆਂ ਦਾ ਇਹ ਸਫ਼ਰ ਬਹੁਤ ਹੀ ਬਿਖੜਾ ਤੇ ਮੁਸ਼ਕਿਲਾਂ ਭਰਿਆ ਸੀ। ਮਲਾਇਆ, ਥਾਈਲੈਂਡ ਤੇ ਬਰਮਾ ਦੇ ਜੰਗਲਾਂ, ਪਹਾੜਾਂ, ਨਦੀਆਂ ਦਾ ਸਫ਼ਰ ਤੈਅ ਕਰਦਿਆਂ ਛੇ ਮਹੀਨਿਆਂ ਬਾਅਦ ਆਖ਼ਰ ਭਾਰਤ ਪਹੁੰਚ ਗਏ। ਇਸ ਹੌਸਲੇ ਤੇ ਦਲੇਰਾਨਾ ਕਾਰਜ ਲਈ ਪ੍ਰੀਤਮ ਸਿੰਘ ਨੂੰ ਵੱਕਾਰੀ ਮੈਡਲ ‘ਮਲਿਟਰੀ ਕਰਾਸ’ ਨਾਲ ਸਨਮਾਨਿਆ ਗਿਆ।
ਇਸ ਤੋਂ ਬਾਅਦ ਬ੍ਰਿਗੇਡੀਅਰ ਪ੍ਰੀਤਮ ਸਿੰਘ ਨੇ ਲਗਭਗ ਡੇਢ ਸਾਲ ਦੇ ਆਰਮੀ ਅਪ੍ਰੇਰਸ਼ਨ ਦੌਰਾਨ ਉਹ ਕਰ ਦਿਖਾਇਆ ਜਿਹੜਾ ਆਪ ਮਨੁੱਖ ਦੀ ਕਲਪਨਾ ਤੋਂ ਵੀ ਪਰੇ ਹੈ। ਉਨ੍ਹਾਂ ਨੇ ਭਾਰਤ ਨਾਲੋਂ ਟੁੱਟ ਚੁੱਕੇ ਪੁਣਛ ਦੇ ਖੇਤਰ ਨੂੰ ਬਚਾਇਆ ਤੇ ਉਥੇ ਚਾਲੀ ਹਜ਼ਾਰ ਲੋਕਾਂ ਦੀ ਰਖਵਾਲੀ ਕੀਤੀ। ਬ੍ਰਿਗੇਡੀਅਰ ਪ੍ਰੀਤਮ ਸਿੰਘ ਨੇ ਕਿਸ ਤਰ੍ਹਾਂ ਆਮ ਲੋਕਾਂ ਦੀਆਂ ਫੌਜੀ ਪਲਟਨਾਂ ਬਣਾਈਆਂ? ਕਿਸ ਤਰ੍ਹਾਂ ਜਹਾਜ਼ ਉਤਾਰਨ ਲਈ ਏਅਰਫੀਲਡ ਤਿਆਰ ਕੀਤਾ? ਕਿਸ ਤਰ੍ਹਾਂ ਇਲਾਕੇ ਨੂੰ ਦੰਗਿਆਂ ਤੋਂ ਮਹਿਫੂਜ਼ ਰੱਖਿਆ? ਕਿਸ ਤਰ੍ਹਾਂ ਪਾਕਿਸਤਾਨ ਜਾਣ ਵਾਲਿਆਂ ਨੂੰ ਸੁਰੱਖਿਅਤ ਪਹੁੰਚਾਇਆ, ਜੇ ਕੋਈ ਗ਼ਲਤੀ ਨਾਲ ਸਰਹੱਦ ਦੇ ਇਸ ਪਾਸੇ ਆ ਵੜਿਆ ਤਾਂ ਕਿਵੇਂ ਵਾਪਿਸ ਭੇਜਿਆ? ਕਿਸ ਤਰ੍ਹਾਂ ਵਿਸ਼ੇਸ਼ ਧਰਮ ਦੀ ਥਾਂ ਮਨੁੱਖਤਾ ਨੂੰ ਪਹਿਲ ਦਿੱਤੀ? ਅਤੇ ਫੇਰ ਇਕ ਅਜਿਹਾ ਵੇਲਾ ਵੀ ਆਇਆ ਕਿ ਬ੍ਰਿਗੇਡੀਅਰ ਪ੍ਰੀਤਮ ਸਿੰਘ ਨੂੰ ਕੋਰਟ ਮਾਰਸ਼ਲ ਦਾ ਸਾਹਮਣਾ ਵੀ ਕਰਨਾ ਪਿਆ। ਕਿੰਝ ਆਪਣੀ ਜ਼ਿੰਦਗੀ ਦਾ ਆਖਰੀ ਸਮਾਂ ਗੁੰਮਨਾਮੀ ਵਿਚ ਗੁਜ਼ਾਰਿਆ। ਇਹ ਸਾਰਾ ਕੁਝ ਇਸ ਡਾਕੂ-ਡਰਾਮਾ ਦਾ ਹਿੱਸਾ ਹੈ।
ਫ਼ਿਲਮ ਦੇ ਮੁੱਖ ਅਦਾਕਾਰ ਧਨਵੀਰ ਸਿੰਘ ਦਾ ਕਹਿਣਾ ਹੈ ਕਿ ਬ੍ਰਿਗੇਡੀਅਰ ਪ੍ਰੀਤਮ ਸਿੰਘ ਦਾ ਕਿਰਦਾਰ ਨਿਭਾਉਣਾ ਬਹੁਤ ਹੀ ਚੁਣੌਤੀ ਭਰਿਆ ਕੰਮ ਸੀ। ਉਸ ਮਹਾਨ ਯੋਧੇ ਦੀ ਸ਼ਖ਼ਸੀਅਤ ਨੂੰ ਅਦਾਕਾਰੀ ਵਿਚ ਢਾਲਣ ਲਈ ਬਹੁਤ ਮਿਹਨਤ ਕਰਨੀ ਪਈ। ਉਨ੍ਹਾਂ ਇਹ ਵੀ ਕਿਹਾ ਕਿ ਟੀਮ ਦੀ ਮਿਹਨਤ ਰੰਗ ਲਿਆਈ ਹੈ ਤੇ ਇਹ ਫ਼ਿਲਮ ਅੰਤਰਰਾਸ਼ਟਰੀ ਪੱਧਰ ਉਪਰ ਪ੍ਰਵਾਨ ਹੋਵੇਗੀ ਅਤੇ ਪੰਜਾਬੀ ਸਿਨੇਮਾ ਦਾ ਨਵਾਂ ਮੀਲ ਪੱਥਰ ਹੋਵੇਗੀ ਕਿਉਂਕਿ ਪੰਜਾਬੀ ਵਿਚ ਇਸ ਤਰ੍ਹਾਂ ਦੀ ਇਹ ਪਹਿਲੀ ਫ਼ਿਲਮ ਹੈ।
ਸ. ਕਰਨਵੀਰ ਸਿੰਘ ਸਿਬੀਆ ਨੇ ਦੱਸਿਆ ਕਿ ਇਸ ਫ਼ਿਲਮ ਦੀ ਸਕਰੀਨਿੰਗ ਅੰਤਰਰਾਸ਼ਟਰੀ ਪੱਧਰ ਉਪਰ ਕੀਤੀ ਜਾਣੀ ਹੈ ਅਤੇ ਨਾਲ-ਨਾਲ ਇਹ ਫ਼ਿਲਮ ਦੁਨੀਆਂ ਭਰ ਦੇ ਸਿਖਰਲੇ ਫ਼ਿਲਮ ਮੇਲਿਆਂ ਵਿਚ ਭਾਗ ਲਵੇਗੀ। ਉਸ ਤੋਂ ਬਾਅਦ ਹੀ ਇਸ ਨੂੰ ਕਿਸੇ ਅੰਤਰਰਾਸ਼ਟਰੀ ਪਲੇਟਫਾਰਮ ਉਪਰ ਰਿਲੀਜ਼ ਕੀਤਾ ਜਾਵੇਗਾ।
ਫ਼ਿਲਮ ਦੇ ਨਿਰਦੇਸ਼ਕ ਡਾ. ਪਰਮਜੀਤ ਸਿੰਘ ਕੱਟੂ ਨੇ ਕਿਹਾ ਕਿ ਇਸ ਫ਼ਿਲਮ ਵਿਚ ਆਰਮੀ ਦੇ ਸਿਖਰਲੇ ਅਫਸਰਾਂ, ਆਰਮੀ ਦੇ ਇਤਿਹਾਸਕਾਰਾਂ, ਚਿੰਤਕਾਂ, ਆਰਮੀ ਦੇ ਵਕੀਲ ਅਤੇ ਪੁਣਛ ਦੇ ਉਨ੍ਹਾਂ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਜਿਹੜੇ ਬ੍ਰਿਗੇਡੀਅਰ ਪ੍ਰੀਤਮ ਸਿੰਘ ਨਾਲ ਜੰਗਾਂ ਲੜੇ, ਕੰਮ ਕੀਤੇ ਜਾਂ ਜਿਨ੍ਹਾਂ ਨੇ ਬ੍ਰਿਗੇਡੀਅਰ ਪ੍ਰੀਤਮ ਸਿੰਘ ਨਾਲ ਕੋਰਟ-ਮਾਰਸ਼ਲ ਦੇ ਰੂਪ ਵਿਚ ਹੋਈ ਨਾ-ਇਨਸਾਫੀ ਵਿਰੁੱਧ ਸਮੇਂ-ਸਮੇਂ ਤੇ ਆਵਾਜ਼ ਬੁੰਲਦ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਫ਼ਿਲਮ ਇਸ ਮਕਸਦ ਨਾਲ ਬਣਾਈ ਗਈ ਹੈ ਤਾਂ ਜੋ ਦੁਨੀਆਂ ਨੂੰ ਸਾਡੀਆਂ ਕੁਰਬਾਨੀਆਂ ਦਾ ਅਹਿਸਾਸ ਹੋ ਸਕੇ ਅਤੇ ਬ੍ਰਿਗੇਡੀਅਰ ਪ੍ਰੀਤਮ ਸਿੰਘ ਦਾ ਕੋਰਟ-ਮਾਰਸ਼ਲ ਖਾਰਜ ਹੋ ਕੇ ਉਨ੍ਹਾਂ ਨੂੰ ਬਣਦਾ ਮਾਣ-ਸਨਮਾਣ ਮਿਲ ਸਕੇ।
ਭਾਵੇਂ ਡਾ. ਪਰਮਜੀਤ ਸਿੰਘ ਕੱਟੂ ਦਾ ਇਹ ਪਹਿਲਾ ਵੱਡਾ ਪ੍ਰੋਜੈਕਟ ਹੈ ਪਰ ਇਸ ਤੋਂ ਪਹਿਲਾਂ ਵੀ ਆਪਣੀਆਂ ਸ਼ਾਰਟ ਫ਼ਿਲਮ ਰਾਹੀਂ ਉਹ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲਾਂ ਵਿੱਚ ਆਪਣੀ ਵਿਸ਼ੇਸ਼ ਪਛਾਣ ਬਣਾ ਚੁੱਕਾ ਹੈ। ਇਹ ਫ਼ਿਲਮ ਜਿਥੇ ਡਾ. ਪਰਮਜੀਤ ਸਿੰਘ ਕੱਟੂ ਨੂੰ ਇਕ ਵਿਲੱਖਣ ਫ਼ਿਲਮਕਾਰ ਵਜੋਂ ਸਥਾਪਿਤ ਕਰੇਗੀ ਉਥੇ ਇਸ ਫ਼ਿਲਮ ਨਾਲ ਪੰਜਾਬੀ ਸਿਨੇਮਾ ਇਕ ਸੰਜੀਦਾ ਮੋੜ ਕੱਟੇਗਾ ਅਤੇ ਆਪਣੇ ਅੰਤਰਰਾਸ਼ਟਰੀ ਪਛਾਣ ਵਿਚ ਮਾਣਯੋਗ ਵਾਧਾ ਕਰੇਗਾ।
ਪ੍ਰੀਤਇੰਦਰ ਕੌਰ