ਕੱਚ ਦੀ ਮਹੱਤਤਾ

Saturday, Jul 14, 2018 - 02:13 PM (IST)

ਕੱਚ ਦੀ ਮਹੱਤਤਾ

ਕੱਚ ਜਾਂ ਸ਼ੀਸ਼ੇ ਬਾਰੇ ਤਾਂ ਸਾਰੇ ਜਾਣਦੇ ਹੀ ਹੋਵੋਗੇ। ਰਸੋਈ ਦਾ ਸਮਾਨ ਹੋਵੇ, ਦਰਵਾਜ਼ੇ, ਖਿੜਕੀਆਂ, ਆਵਾਜਾਈ ਦੇ ਸਾਧਨ, ਕਿਸ ਉਪਕਰਣ ਦਾ ਹਿੱਸਾ ਜਾਂ ਫਿਰ ਸਜਾਵਟ ਦਾ ਕੋਈ ਸਮਾਨ, ਕੱਚ ਕਿਸੇ ਨਾ ਕਿਸੇ ਰੂਪ ਵਿਚ ਸਾਡੇ ਕੰਮ ਆਉਂਦਾ ਹੈ। ਇਹ ਵੀ ਕਹਿ ਸਕਦੇ ਹਾਂ ਕਿ ਕੱਚ ਸਾਡੀ ਜ਼ਿੰਦਗੀ ਦਾ ਇਕ ਅਣਿਖੜਵਾਂ ਅੰਗ ਬਣ ਚੁੱਕਿਆ ਹੈ।ਕੱਚ ਉੱਤੇ ਇਸ ਵਿਸ਼ੇਸ ਅੰਕਦਾਮੰਤਵ ਕੱਚ ਦੀਆਂ ਮਜ਼ਿੰਦਗੀ ਵਿਚ ਮਹੱਤਤਾ ਅਤੇ ਇਸ    ਦੇ ਬਾਰੇ ਉਹਨਾਂ ਰੌਚਕ ਤੱਥਾਂ ਬਾਰੇ ਵਿਚਾਰ ਕਰਨਾ ਹੈ ਜੋ ਸ਼ਾਇਦ ਆਮ ਵਿਅਕਤੀ ਨੂੰ ਨਾ ਪਤਾ ਹੋਵੇ।
ਕੁੱਝ ਪਲਾਂ ਲਈ ਸੋਚ ਕੇ ਦੇਖਣਾ ਕਿ ਜੇ ਕਰ ਕੱਚ ਸਾਡੇ ਜੀਵਨ ਵਿਚ ਨਾ ਹੋਵੇ ਤਾਂ ਸੰਸਾਰ ਕਿੱਦਾਂ ਦਾ ਹੋਵੇਗਾ। ਮੈਨੂੰ ਯਕੀਨ ਹੈ ਕਿ ਜਿੰਨੀ ਡੂੰਘੀ ਕਲਪਨਾ ਤੁਸੀਂ ਕਰੋਗੇ, ਅੱਜ ਤੋਂ ਬਾਅਦ ਕੱਚ ਤੁਹਾਡੇ ਲਈ ਓਨਾ ਈ ਰੌਚਕ ਬਣ ਜਾਏਗਾ।ਕੁਝ ਉਦਾਹਰਣਾਂ ਇੱਥੇ ਦੇ ਰਿਹਾਂ
ਗੱਡੀਆਂ ਬਿਨਾਂ ਸ਼ੀਸ਼ੇ ਦੇ ਅਤੇ ਕੱਚ ਦੀਆਂ ਖਿੜਕੀਆਂ ਦੇ ਬੜੀਆਂ ਈ ਅਜੀਬ ਲੱਗਦੀਆਂ?
ਵਾਹਨਾਂ ਦੀਆਂ ਲਾਈਟਾਂ ਅਤੇ ਸਾਡੇ ਘਰਾਂ ਨੂੰ ਰੁਸ਼ਣਾਉਣ ਵਾਲੇ ਬੱਲਬ ਵੀ ਨਾ ਹੁੰਦੇ।ਸੋਚੋ ਜਿਥੇ ਕੱਚ ਵਾਲੇ ਬੱਲਬ ਅੱਜ ਲੱਗੇ ਹਨ, ਜੇ ਨਾ ਹੁੰਦੇ ਤਾਂ ਕੀ ਹੁੰਦਾ?
ਦਵਾਈਆਂ ਅਤੇ ਪੀਣ ਵਾਲੇ ਪਦਾਰਥ ਸਿਰਫ ਪਲਾਸਟਿਕ ਦੀਆਂ ਬੋਤਲਾਂ ਵਿਚ ਹੀ ਮਿਲਦੇ।
ਟੀਵੀਆਂ ਤੇ ਮੋਬਾਈਲਾਂ ਦੀਆਂ ਸਕਰੀਨਾਂ ਕਿਸੇ ਹੋਰ ਰੂਪ ਵਿਚ ਹੁੰਦੀਆਂ।
ਘਰ, ਦੁਕਾਨਾਂ, ਵੱਡੇ-ਵੱਡੇ ਸ਼ੋਰੂਮ ਬਿਨਾਂ ਪਾਰਦਰਸ਼ੀ ਕੱਚ ਦੇ ਦਰਵਾਜ਼ੇ ਖਿੜਕੀਆਂ ਦੇ ਕਿਸ ਤਰ੍ਹਾਂ ਦੇ ਲੱਗਦੇ? ਪਾਰਦਰਸ਼ੀ ਕੱਚ ਦੇ ਦਰਵਾਜ਼ੇ ਤੇ ਖਿੜਕੀਆਂ ਕਿਸੇ ਵੀ ਵਸਤੂ ਦੀ ਪ੍ਰਦਰਸ਼ਨੀ ਲਈ ਵੱਡਾ ਰੋਲ ਅਦਾ ਕਰਦੇ ਹਨ ।ਇਹਨਾਂ ਜਗ੍ਹਾਂ ਤੇ ਰੱਖੀਆਂ ਸਾਜੋ-ਸਜਾਵਟ ਵਾਲੀਆਂ ਸ਼ੀਸ਼ੇ ਦੀਆਂ ਚੀਜਾਂ ਨਾ ਹੁੰਦੀਆਂ ਤਾਂ ਕਿਸ ਤਰ੍ਹਾਂ ਦਾ ਨਜ਼ਾਰਾ ਹੁੰਦਾ?  
ਕੈਮਰੇ ਦਾ ਲੈਂਜ ਕੱਚ ਦਾ ਨਾ ਹੁੰਦਾ ਤਾਂ ਕੀ ਹੁੰਦਾ।ਕੱਚ ਦੇ ਲੈਂਜਾਂ 'ਤੇ ਅਧਾਰਤ ਸ਼ੂਖਮਦਰਸ਼ੀ ਤੇ ਦੂਰਦਰਸ਼ੀ ਨਾ ਹੁੰਦੇ ਤਾਂ ਵਿਗਿਆਨ ਦੀ ਤਰੱਕੀ ਤੇ ਕੀ ਅਸਰ ਪੈਂਦਾ?
ਕਲਪਨਾ ਦਾ ਕੋਈ ਅੰਤ ਨਹੀਂ ਹੁੰਦਾ, ਤੁਸੀਂ ਹੋਰ ਵੀ ਬਹੁਤ ਕੁਝ ਸੋਚ ਸਕਦੇ ਹੋ।ਇਸ ਕਲਪਨਾ ਨਾਲ ਕੱਚ ਦੀ ਮਹੱਤਤਾ ਦਾ ਅੰਦਾਜ਼ਾਂ ਜ਼ਰੂਰ ਲਾਇਆ ਜਾ ਸਕਦਾ ਹੈ। ਹਾਲਾਂਕਿ ਜੇ ਕੱਚ ਨਾ ਹੁੰਦਾ ਤਾਂ ਵੀ ਦੁਨੀਆਂ ਚੱਲਦੀ। ਕੱਚ ਦੀ ਜਗ੍ਹਾ ਕੋਈ ਹੋਰ ਪਦਾਰਥ ਖੋਜਿਆ ਅਤੇ ਵਰਤਿਆ ਜਾਂਦਾ। ਕੱਚ ਦਾ ਸਭ ਤੋਂ ਮਹੱਤਵਪੂਰਨ ਗੁਣ ਇਸਦਾ ਪਾਰਦਰਸ਼ੀ ਹੋਣਾ ਹੈ।ਕੁੱਝ ਕੁਝ ਜਗ੍ਹਾ ਹੋਰ ਪਾਰਦਰਸ਼ੀ ਠੋਸ ਪਦਾਰਥ, ਜਿਵੇਂ ਕਿ ਪਾਰਦਰਸ਼ੀ ਪਲਾਸਟਿਕ, ਕੱਚ ਦਾ ਬਦਲ ਹੋ ਸਕਦੇ ਹਨ।ਇਹਨਾਂ ਪਦਾਰਥਾਂ ਤੋਂ ਬਣੀਆਂ ਪਾਰਦਰਸ਼ੀ ਬੋਤਲਾਂ, ਐਨਕਾਂ, ਤੇ ਉਪਕਰਣਾਂ ਦੇ ਹਿੱਸੇ ਆਦਿ ਅੱਜ ਕਲ ਆਮ ਦੇਖੇ ਜਾ ਸਕਦੇ ਹਨ।ਇਹ ਵਜ਼ਨ ਵਿਚ ਕੱਚ ਨਾਲੋਂ ਹਲਕੇ ਹੁੰਦੇ ਹਨ ਪਰ ਕੱਚ ਦੇ ਹੋਰ ਗੁਣ ਇਸਨੂੰ ਪਾਲੀਮਰ ਪਦਾਰਥਾਂ ਤੋਂ ਵੱਖਰਾ ਅਤੇ ਯੋਗ ਬਣਾਉਂਦੇ ਹਨ।ਜਿਵੇ ਕਿ ਪਲਾਸਟਿਕ 'ਤੇ ਝਰੀਟਾਂ ਬਹੁਤ ਛੇਤੀ ਪੈਂਦੀਆਂ ਹਨ ਤੇ ਉਸਦੀ ਪਾਰਦਰਸ਼ਤਾ ਉੱਤੇ ਬਹੁਤ ਮਾੜਾ ਅਸਰ ਪਾਉਂਦੀਆਂ ਹਨ।ਕੱਚ ਨਾਲ ਇੰਝ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ।ਦੂਜਾ, ਪਲਾਸਟਿਕ ਜ਼ਿਆਦਾ ਤਾਪਮਾਨ ਨਹੀਂ ਝੱਲ ਸਕਦੇ,
ਜਦਕਿ ਕੱਚ ਸੈਂਕੜੇ ਦੇਰ ਜੇ ਸੈਲਸੀਅਸ ਤੱਕ ਦਾ ਤਾਪਮਾਨ ਝੱਲਣ ਦੇ ਸਮਰੱਥ ਹੁੰਦਾਹੈ।ਪਾਰਦਰਸ਼ੀ ਪਲਾਸਟਿਕ ਦੀ ਪਾਰਦਰਸ਼ਤਾ ਸਮੇਂ ਦੇ ਨਾਲ ਵੀ ਘੱਟ ਹੋ ਜਾਂਦੀ ਹੈ ਅਤੇ ਇਹ ਹਲਕੇ ਪੀਲੇ ਪੈਣ ਲੱਗ ਜਾਂਦੇ ਹਨ। ਜਦਕਿ ਕੱਚ ਦੀ ਪਾਰਦਰਸ਼ਤਾ ਉੱਤੇ ਸਮੇਂ ਦਾ ਅਸਰ ਘੱਟ ਹੁੰਦਾ ਹੈ। 
ਜ਼ਿਆਦਾ ਤਰ ਕੱਚ ਪਿਘਲਾ ਕੇ ਇਕਦਮ ਠੰਢਾ ਕਰਨ ਦੀ ਵਿਧੀ ਨਾਲ ਬਣਾਇਆ ਜਾਂਦਾ ਹੈ। ਕੱਚ ਨੂੰ ਬਣਾਉਣ ਦੇ ਹੋਰ ਵੀ ਤਰੀਕੇ ਹਨ ਪਰ ਉਦਯੋਗਿਕ ਪੱਧਰ ਤੇ ਕੱਚ ਬਣਾਉਣ ਲਈ ਇਹ ਵਿਧੀ ਵਰਤੀ ਜਾਂਦੀ ਹੈ।ਸਭ ਤੋਂ ਪਹਿਲਾਂ ਕੱਚ ਨੰ ਬਣਾਉਣ ਲਈ ਲੋੜੀਂਦੀ ਸਮੱਗਰੀ ਤੇ ਉਹਨਾਂ ਦੀ ਮਾਤਰਾ ਨਿਸ਼ਚਿਤ ਕੀਤੀ ਜਾਂਦੀ ਹੈ।ਇਸ ਲਈ ਕਈ ਵਾਰ ਮਿੱਟੀ ਅਤੇ ਚੂਨੇ ਦੀ ਵੀ ਵਰਤੋਂ ਕੀਤੀ ਜਾਂਦੀ ਹੈ ਜਾਂ ਫਿਰ ਖਾਸ ਰਸਾਇਣ ਵਰਤੇ ਜਾਂਦੇ ਹਨ। ਕੱਚ ਬਣਾਉਣ ਲਈ ਵਰਤੀ ਜਾਣੀ ਸਮੱਗਰੀ ਤੇ ਉਸਦੀ ਸ਼ੁੱਧਤਾ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਕੱਚ ਕਿਸ ਕੰਮ ਲਈ ਵਰਤਿਆ ਜਾਣਾ ਹੈ।ਜ਼ਿਆਦਾ ਗੁਣ ਵੱਤਾ ਵਾਲਾ ਕੱਚ ਬਣਾਉਣ ਲਈ ਜ਼ਿਆਦਾ ਸ਼ੁੱਧਤਾ ਵਾਲੇ ਰਸਾਇਣਾਂ ਦੀ ਜ਼ਰੂਰਤ ਹੁੰਦੀ ਹੈ।ਇਸੇ ਸਮੱਗਰੀ ਦੀ ਸ਼ੁੱਧਤਾ ਕੱਚ ਦੀ ਕੀਮਤ ਨਿਸ਼ਚਿਤ ਕਰਦੀ ਹੈ। ਜਿੰਨਾ ਸ਼ੁੱਧ ਰਸਾਇਣ ਓਨਾ ਹੀ ਮਹਿੰਗਾ ਕੱਚ ਹੁੰਦਾ ਹੈ। 
ਕੱਚ ਨੂੰ ਬਣਾਉਣ ਲਈ ਲੋੜੀਂਦਾ ਤਾਪਮਾਨ ਕਈ ਸੌ ਡਿਗਰੀ ਸੈਲਸੀਅਸ ਤਕ ਹੋ ਸਕਦਾ ਹੈ ਜੋ ਕਿ ਇਸ ਨੂੰ ਬਣਾਉਣ ਲਈ ਵਰਤੇ ਜਾਣ ਵਾਲੇ ਪਦਾਰਥਾਂ ਦੇ ਪਿਘਲਾਓ ਦਰਜੇ 'ਤੇ ਨਿਰਭਰ ਕਰਦਾ ਹੈ।ਇੰਨੇ ਜ਼ਿਆਦਾ ਤਾਪਮਾਨ ਲਈ ਬਿਜਲਈ ਭੱਠੀਆਂ ਦੀ ਲੋੜ ਪੈਂਦੀ ਹੈ।ਪਿਘਲੇ ਹੋਏ ਪਦਾਰਥਾਂ ਦੇ ਮਿਸ਼ਰਣ ਨੂੰ ਇਕਦਮ ਠੰਢਾ ਕੀਤਾ ਜਾਂਦਾ ਹੈ। ਖਾਸ ਅਕਾਰ ਦੇਣ ਲਈ ਕਈ ਵਾਰ ਪਿਘਲੇ ਪਦਾਰਥ ਨੂੰ ਖਾਸ ਸਾਂਚੇ ਵਿਚ ਉਲਥ ਕੇ ਠੰਢਾ ਕੀਤਾ ਜਾਂਦਾ ਹੈ। ਠੰਢਾ ਹੋਣ ਤੋਂ ਬਾਅਦ ਠੋਸ ਅਵਸਥਾ ਵਿਚ ਕੱਚ ਪ੍ਰਾਪਤ ਹੁੰਦਾ ਹੈ। 
ਇਦਾਂ ਨਹੀਂ ਕਿ ਕੱਚ ਸਿਰਫ ਇਨਸਾਨ ਦੁਆਰਾ ਬਣਾਈ ਵਸਤੂ ਹੈ। ਕੱਚ ਕੁਦਰਤੀ ਰੂਪ ਵਿਚ ਵੀ ਮਿਲਦਾ ਹੈ।ਅਸਮਾਨੀ ਬਿਜਲੀ ਦੇ ਧਰਤੀ 'ਤੇ ਡਿੱਗਣ ਨਾਲ ਵੀ ਕੱਚ ਬਣ ਸਕਦਾ ਹੈ। ਸਮੁੰਦਰਾਂ 'ਚ ਡਿੱਗਣ ਵਾਲਾ ਜਵਾਲਾ ਮੁਖੀ ਦਾ ਲਾਵਾ ਵੀ ਕੱਚ ਬਣਨ ਲਈ ਉਪਯੋਗੀ ਸ਼ਰਤਾਂ ਪੂਰੀਆਂ ਕਰਦਾਹੈ। ਇਹਨਾਂ ਕੁਦਰਤੀ ਘਟਨਾਵਾਂ ਨੇ ਹੀ ਮਨੁੱਖ ਨੂੰ ਆਪਣੇ ਢੰਗ ਨਾਲ ਅਤੇ ਜ਼ਰੂਰਤ ਦੇ ਅਨੁਸਾਰ ਗੁਣ ਰੱਖਣ ਵਾਲਾ ਕੱਚ ਤਿਆਰ ਕਰਨ ਲਈ ਪ੍ਰੇਰਿਆ।ਦਿਲਚਸਪ ਗੱਲ ਹੈ ਕਿ ਆਮ ਵਰਤੋਂ ਤੋਂ ਇਲਾਵਾ ਕੱਚ ਇਲਾਜ ਦੇ ਖੇਤਰ ਵਿਚ ਵੀ ਪ੍ਰਯੋਗ ਕੀਤਾ ਜਾਂਦਾ ਹੈ।ਅਗਲੇ ਅੰਕ ਵਿਚ ਇਹ ਦੇਖਾਂਗੇ ਕਿ ਕਿੱਦਾਂ ਕੱਚ ਕੈਂਸਰ ਦੇ ਇਲਾਜ ਵਿਚ ਸਹਾਈ ਹੁੰਦਾ ਹੈ।

ਡਾ. ਸਤਵਿੰਦਰ ਸਿੰਘ ਦਾਨੇਵਾਲੀਆ
ਪਿੰਡ-ਭੋੜ੍ਹੇ, ਜ਼ਿਲਾ-ਪਟਿਆਲਾ
99152-29713      


Related News