ਕਿੱਥੇ ਗਈਆਂ ਮੱਕੀ ਦੇ ਖੇਤਾਂ ''ਚ ਮਿਲਣ ਵਾਲੀਆਂ ਸੁਆਦਲੀਆਂ ਫੁਟਾਂ

Thursday, Jul 12, 2018 - 05:53 PM (IST)

ਕਿੱਥੇ ਗਈਆਂ ਮੱਕੀ ਦੇ ਖੇਤਾਂ ''ਚ ਮਿਲਣ ਵਾਲੀਆਂ ਸੁਆਦਲੀਆਂ ਫੁਟਾਂ

ਅੱਜ ਤੋਂ 50-60 ਸਾਲ ਪਹਿਲਾ ਦੇ ਪੰਜਾਬ ਦੀ ਸ਼ਾਨ ਵੱਖਰੀ ਹੀ ਸੀ। ਹਰ ਚੀਜ਼ ਖਾਣ ਪੀਣ ਨੂੰ ਖੁਲ੍ਹੀ ਮਿਲਦੀ, ਦੁੱਧ, ਦਹੀ, ਘਿਉ ਦਾ ਕੋਈ ਘਾਟਾ ਨਹੀਂ ਸੀ। ਖੇਤਾਂ ਵਿਚ ਮਣਾਂ ਮੂੰਹੀ ਛੋਲੇ ਹੁੰਦੇ। ਬੱਚੇ ਹਰੇ ਛੋਲਿਆਂ ਦੇ ਬੂਟਿਆਂ ਤੋਂ ਹੋਲਾਂ ਬਣਾਉਂਦੇ, ਉਨ੍ਹਾਂ ਦੇ ਗੀਤ ਗਾਉਂਦੇ ਅਤੇ ਖੂਬ ਖੁਸ਼ੀਆਂ ਮਨਾਉਂਦੇ। ਸੌਣੀ ਦੀਆਂ ਫਸਲਾਂ ਸਮੇਂ ਮੱਕੀਆਂ ਭਰਪੂਰ ਹੁੰਦੀਆਂ। ਪਿੰਡਾਂ ਦੇ ਨਿਆਣੇ ਇਨ੍ਹਾਂ ਮੱਕੀਆਂ ਦੀਆਂ ਛੱਲੀਆਂ ਦਾ ਖੂਬ ਆਨੰਦ ਮਾਣਦੇ। ਇਨ੍ਹਾਂ ਛੱਲੀਆਂ ਕਰਕੇ ਹੀ ਤਾਂ ਪੰਜਾਬੀ ਦੇ ਗੀਤਕਾਰਾਂ ਨੂੰ ਲਿੱਖਣ ਦਾ ਮੌਕਾ ਮਿਲਿਆ-
ਲੈ ਜਾ ਛੱਲੀਆਂ, ਭੂਨਾ ਲਈ ਦਾਣੇ,
ਮਿੱਤਰਾਂ ਦੂਰ ਦਿਆ।
ਉਨ੍ਹਾਂ ਦਿਨਾਂ ਵਿਚ ਪਿੰਡਾਂ ਦੇ ਬੱਚਿਆਂ ਲਈ ਇਨ੍ਹਾਂ ਮੱਕੀ ਦੀਆਂ ਛੱਲੀਆਂ ਤੋਂ ਬਿਨਾਂ ਇਕ ਹੋਰ ਸੁਆਦਲਾ ਤੋਹਫ਼ਾ ਹੁੰਦਾ ਸੀ, ਉਹ ਹੁੰਦਾ ਸੀ ਸੁਆਦਲੀਆਂ ਫੁਟਾਂ। ਫੁਟ-ਫੁਟ ਲੰਬੀਆਂ ਪੱਕਣ ਤੇ ਆਈਆਂ ਪੀਲੇ ਰੰਗ ਦੀਆਂ ਫੁਟਾਂ ਬੱਚਿਆਂ ਦੇ ਮਨਾਂ ਨੂੰ ਬਹੁਤ ਮੋਂਹਦੀਆਂ ਅਤੇ ਬੱਚਿਆਂ ਨੂੰ ਜਦੋਂ ਸਮਾਂ ਮਿਲਦਾ ਤਾਂ ਉਹ ਮੱਕੀ ਦੇ ਖੇਤਾਂ ਵਿਚ ਜਾਂ ਵੜਦੇ ਅਤੇ ਆਪਣੇ ਮਨ-ਪਸੰਦ ਦੀਆਂ ਫੁਟਾਂ ਲੱਭ ਕੇ ਤੋੜ ਕੇ ਘਰ ਲੈ ਆਉਂਦੇ। ਜਦੋਂ ਇਨ੍ਹਾਂ ਦੀ ਖੁਸ਼ਬੂ , ਘਰ ਦੇ ਵਾਤਾਵਰਣ ਨੂੰ ਸੁਗੰਧਤ ਕਰਦੀ, ਤਾਂ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਇਨ੍ਹਾਂ ਫੁਟਾਂ ਨੂੰ ਖਾਣ ਨੂੰ ਜੀਅ ਕਰਦਾ ਅਤੇ ਹਰ ਕੋਈ ਚਾਕੂ-ਛੁਰੀ ਚੁੱਕੀ ਫਿਰਦਾ। ਇੰਝ ਲੱਗਦਾ ਸੀ ਕਿ ਇਹ ਫੁਟਾਂ ਮਨੁੱਖ ਨੂੰ ਕਿਸੇ ਵਿਸ਼ੇਸ਼ ਤੋਹਫ਼ੇ ਰਾਹੀਂ ਕੁਦਰਤ ਨੇ ਦਿੱਤੀਆਂ ਹਨ। ਜਿੰਨੀ ਦੇਰ ਇਨ੍ਹਾਂ ਦਾ ਸੀਜ਼ਨ ਚੱਲਦਾ, ਬੱਚੇ ਤਾਂ ਖੁਸ਼ੀਆਂ ਮਾਣਦੇ। 
ਇਹ ਫੁਟਾਂ ਆਮ ਕਰਕੇ ਮੱਕੀ ਅਤੇ ਕਪਾਹ ਦੇ ਖੇਤਾਂ ਵਿਚ ਹੁੰਦੀਆਂ ਸਨ ਅਤੇ ਕਿਸੇ-ਕਿਸੇ ਖੇਤ ਵਿਚ ਤਾਂ ਕੁਝ ਜ਼ਿਆਦਾ ਹੀ ਹੁੰਦੀਆਂ ਅਤੇ ਉਨ੍ਹਾਂ ਨੂੰ ਸਮੇਂ ਸਿਰ ਤੋੜਨਾ ਜ਼ਰੂਰੀ ਬਣ ਜਾਂਦਾ । ਮੈਨੂੰ ਯਾਦ ਹੈ ਕਿ ਇਕ ਵਾਰ ਸਾਵਣ ਦੇ ਮਹੀਨੇ ਵਿਚ ਮੀਂਹ ਕੁਝ ਜ਼ਿਆਦਾ ਹੀ ਪਏ ਅਤੇ ਕਈ ਦਿਨ ਮੀਂਹ ਦੀ ਝੜੀ ਲੱਗੀ ਰਹੀ। ਜਿਨ੍ਹਾਂ ਖੇਤਾਂ ਵਿਚ ਇਹ ਫੁਟਾਂ ਲੱਗੀਆਂ ਹੋਈਆਂ ਸਨ ਉਹ ਜਲਦੀ-ਜਲਦੀ ਵੱਡੀਆਂ ਹੋ ਕੇ ਆਪਣੇ ਆਪ ਫਟਣ  ਕਿਨਾਰੇ ਪਹੁੰਚ ਗਈਆਂ। ਬਾਬਾ ਬਿਸ਼ਨ ਸਿੰਘ ਦੇ ਖੇਤਾਂ ਵਿਚ ਇੰਨੀਆਂ ਫੁਟਾਂ ਹੋਈਆਂ ਕਿ ਉਨ੍ਹਾਂ ਦੇ ਪ੍ਰੀਵਾਰ ਨੂੰ ਇਹ ਸਾਂਭਣੀਆਂ ਮੁਸ਼ਕਿਲ ਹੋ ਗਈਆਂ ਤਾਂ ਬਾਬਾ ਬਿਸ਼ਨ ਸਿੰਘ  ਨੇ ਖੇਸ ਦਾ ਝੁੰਮ ਬਣਾ ਕੇ ਉਪਰ ਲਿਆ ਅਤੇ ਜਦੋਂ ਥੋੜ੍ਹਾ ਜਿਹਾ ਮੀਂਹ ਹੱਟਿਆ ਤਾਂ ਕਈ ਪੰਡਾਂ ਫੁਟਾਂ ਦੀਆਂ ਤੋੜ ਲਈਆਂ ਅਤੇ ਪਿੰਡ ਦੇ ਨਿਆਣਿਆਂ ਵਿਚ ਵੰਡ ਦਿੱਤੀਆਂ। ਉਹ ਨਿਆਣੇ ਕਦੇ ਬਾਬੇ ਦੇ ਝੁੰਮ ਵੱਲ ਦੇਖਣ ਅਤੇ ਕਦੇ ਲੰਬੀਆਂ-ਲੰਬੀਆਂ ਮੋਟੀਆਂ ਫੁਟਾਂ ਵੱਲ। ਮੈਨੂੰ ਵੀ ਉਹ ਦ੍ਰਿਸ਼ ਅੱਜ ਤੱਕ ਨਹੀਂ ਭੁੱਲਿਆ, ਜੇ ਅਸੀਂ ਅੱਜ ਦੇ ਨਿਆਣਿਆਂ ਦੀ ਗੱਲ ਕਰੀਏ, ਸ਼ਹਿਰ ਦੇ ਬੱਚੇ ਤਾਂ ਕੀ, ਪਿੰਡਾਂ ਦੇ ਬੱਚਿਆਂ ਨੂੰ, ਨਾ ਤਾਂ ਝੁੰਮ ਦਾ ਪਤਾ ਅਤੇ ਨਾ ਹੀ ਫੁਟਾਂ ਦਾ, ਕਿਉਂਕਿ ਅੱਜ ਦੇ ਪੰਜਾਬ ਦੇ ਕਿਸੇ ਵੀ ਹਿੱਸੇ ਵਿਚ ਇਹ ਸੁਆਦਲੀਆਂ ਫੁਟਾਂ ਦੇਖਣ ਨੂੰ ਨਹੀਂ ਮਿਲਦੀਆਂ।
ਉਨ੍ਹਾਂ ਦਿਨਾਂ ਵਿਚ ਇਹ ਫੁਟਾਂ, ਸ਼ਹਿਰ ਕੁਰਾਲੀ ਦੇ ਇਲਾਕੇ ਪੁਆਧ ਦੇ ਖੇਤਰ ਵਿਚ ਬਹੁਤ ਹੁੰਦੀਆਂ ਸਨ। ਮੱਕੀ ਦੇ ਖੇਤਾਂ ਵਿਚੋਂ ਨਿਕਲਦੇ ਕੱਚੇ ਰਸਤਿਆਂ ਤੋਂ ਜਦੋਂ ਕੋਈ ਮੁਸਾਫਿਰ ਜਾਂਦੇ ਤਾਂ ਇਨ੍ਹਾਂ ਫੁਟਾਂ ਦੀ ਖੁਸ਼ਬੂ ਨਾਲ ਅਨੰਦ ਚਿੱਤ ਹੋ ਜਾਂਦੇ। ਜੇ ਕਿਸੇ ਦਾ ਖਾਣ ਨੂੰ ਮਨ ਕਰਦਾ ਤਾਂ ਕਿਸੇ ਵੀ ਮੱਕੀ ਦੇ ਖੇਤ ਵਿਚ ਵੜ, ਆਪਣੇ ਮਨ ਭਾਉਂਦੀ ਫੁਟ ਤੋੜ ਲਿਆਉਂਦਾ। ਕੁਰਾਲੀ ਦੁਆਲੇ ਦੇ ਪਿੰਡਾਂ ਦੇ ਕੱਚਿਆਂ ਰਸਤਿਆਂ ਤੋਂ ਜਦੋਂ ਟਾਂਗੇ ਭਰ ਸਵਾਰੀਆਂ ਦੇ ਜਾਂਦੇ ਤਾਂ ਸਵਾਰੀਆਂ ਦੀ ਨਿਗਾਹ ਬਹੁਤ ਨੇੜਲੇ ਖੇਤਾਂ ਵਿਚ ਲੱਗੀਆਂ ਫੁਟਾਂ ਵੱਲ ਹੁੰਦੀ। ਇਹੀ ਕਾਰਣ ਸੀ ਕਿ ਪੰਜਾਬੀ ਦੇ ਇਸ ਗੀਤ ਨੇ ਹਰ ਪੰਜਾਬੀ ਦੇ ਮਨ ਵਿਚ ਸਥਾਈ ਥਾਂ ਬਣਾ ਲਈ
ਬਹਿਜਾ ਬਿਲੋ ਛਾਲ ਮਾਰ ਕੇ
ਟਾਂਗਾ ਚੱਲਿਆ ਏ, ਸ਼ਹਿਰ ਕੁਰਾਲੀ।
ਉੱਤਰ ਵਿਚ
ਵੇ-ਗੋਰੀ-ਗੋਰੀ ਫੁਟ ਵਰਗੀ,
ਲੱਤ ਟੁੱਟ ਜੂ ਝਾਂਜਰਾਂ ਵਾਲੀ।
ਅੱਜ ਭਾਵੇ ਨਾ ਰਹੇ ਉਹ ਟਾਂਗੇ, ਨਾ ਮੱਕੀ ਦੇ ਖੇਤ ਅਤੇ ਨਾ ਰਹੀਆਂ ਉਹ ਮਨ ਮੋਹ ਲੈਣ ਵਾਲੀਆਂ ਖੁਸ਼ਬੂਦਾਰ ਫੁਟਾਂ ਪਰ ਇਹ ਪੰਜਾਬੀ ਗੀਤ ਅੱਜ ਵੀ ਹਰ ਵਿਅਕਤੀ ਦੇ ਮਨ ਨੂੰ ਟੁੰਭਦਾ ਹੈ ਅਤੇ ਬੱਚੇ ਤਾਂ ਕਈ ਵਾਰ ਪੁੱਛ ਲੈਂਦੇ ਹਨ,''ਇਹ ਫੁਟ ਕੀ ਹੁੰਦੀ ਏ?'' ਦਸੋ, ਕਿੱਥੋਂ ਲਿਆ ਦਿਖਾਈਏ ਉਨ੍ਹਾਂ ਨੂੰ ਇਹ ਫੁਟ?
ਬਦਲਦੇ ਸਮੇਂ ਦੇ ਨਾਲ, ਬੜਾ ਕੁਝ ਬਦਲਦਾ ਚਲਾ ਗਿਆ। ਇਸੇ ਤਰ੍ਹਾਂ ਪਤਾ ਨਹੀਂ, ਫੁਟ ਦਾ ਨਾਮ ਫੁਟ ਕਿਵੇਂ ਪਿਆ ਹੋਵੇਗਾ? ਕਈ ਕਹਿੰਦੇ ਹਨ ਕਿ ਇਸਦੀ ਲੰਬਾਈ ਫੁੱਟਾਂ ਵਿੱਚ ਹੁੰਦੀ ਸੀ ਇਸ ਲਈ ਇਸਨੂੰ ਫੁਟ ਕਿਹਾ ਜਾਂਦਾ ਸੀ। ਕਈਆਂ ਦਾ ਕਹਿਣਾ ਇਹ ਵੱਡੀ ਹੋ ਕੇ ਪੱਕ ਕੇ ਆਪਣੇ ਆਪ ਫੁੱਟ ਜਾਂਦੀ ਸੀ। ਇਸ ਲਈ ਇਸਨੂੰ ਫੁਟ ਕਹਿਣ ਲੱਗ ਪਏ ਪਰ ਇੰਨਾ ਜ਼ਰੂਰ ਹੈ ਕਿ ਇਹ ਚਿੱਬੜਾਂ, ਖਰਬੂਜ਼ਿਆਂ ਅਤੇ ਤਰਾਂ (ਕਕੜੀਆਂ) ਦੇ ਪ੍ਰੀਵਾਰ ਨਾਲ ਸਬੰਧ ਰੱਖਦੀ ਸੀ।
ਪਰ ਕੁਝ ਵੀ ਹੋਵੇ ਸਾਨੂੰ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ, ਸੱਭਿਆਚਾਰ ਨਾਲ ਜੋੜੀ ਰੱਖਣ ਲਈ ਉਨ੍ਹਾਂ ਨੂੰ ਅਜਿਹੀਆਂ ਗੱਲਾਂ ਕਹਾਣੀਆਂ ਦੇ  ਰੂਪ ਵਿਚ ਦੱਸ ਕੇ, ਪੁਰਾਣੀਆਂ ਵਸਤਾਂ ਜਾਂ ਅਲੋਪ ਹੋ ਰਹੀਆਂ ਚੀਜ਼ਾਂ ਨਾਲ ਜਾਣ-ਪਹਿਚਾਣ ਕਰਵਾਉਂਦੇ ਰਹਿਣਾ ਚਾਹੀਦਾ ਹੈ ਪਰ ਕਾਸ਼! ਕਿੰਨਾ ਚੰਗਾ ਹੁੰਦਾ ਜੇ ਅੱਜ ਦੇ ਨਿਆਣੇ ਵੀ ਉਨ੍ਹਾਂ ਸੁਆਦਲੀਆਂ ਫੁਟਾਂ ਦਾ ਅਨੰਦ ਲੈ ਸਕਦੇ।
ਬਹਾਦਰ ਸਿੰਘ ਗੋਸਲ,
ਮਕਾਨ ਨੰ: 3098, ਸੈਕਟਰ 37ਡੀ,ਚੰਡੀਗੜ੍ਹ। 
ਮੋ. ਨੰ: 98764-52223


Related News