ਬਾਬਿਆਂ ਦਾ ਬਾਬਾ ‘ਗੂਗਲ ਬਾਬਾ’

Wednesday, Nov 30, 2022 - 02:40 PM (IST)

ਬਾਬਿਆਂ ਦਾ ਬਾਬਾ ‘ਗੂਗਲ ਬਾਬਾ’

ਕੁਲਦੀਪ ਸਿੰਘ ਰਾਮਨਗਰ

ਸਾਡੇ ਦੇਸ਼ ਨੂੰ ਬਾਬਿਆਂ ਦਾ ਦੇਸ਼ ਕਹਿਣਾ ਕੋਈ ਗਲਤ ਨਹੀਂ ਹੋਵੇਗਾ। ਕੰਵਲੀ ਵਾਲਾ ਬਾਬਾ, ਸਮੋਸੇ ਵਾਲਾ, ਚਟਨੀ ਵਾਲਾ, ਦੰਦੀਆਂ ਵਾਲਾ ਪਤਾ ਨਹੀਂ ਕਿੰਨੇ ਕੁ ਬਾਬੇ ਸਾਡੇ ਦੇਸ਼ ਵਿੱਚ ਲੋਕਾਂ ਨੂੰ ਮੂਰਖ ਬਣਾਉਣ ਦਾ ਕੰਮ ਕਰ ਰਹੇ ਹਨ। ਅਸੀਂ ਹਰ ਰੋਜ਼ ਅਖ਼ਬਾਰਾਂ ਅਤੇ ਹੋਰ ਮਿਡੀਆ ਵਿੱਚ ਆਮ ਪੜ੍ਹਦੇ-ਸੁਣਦੇ ਹਾਂ ਕਿ ਇਹ ਬਾਬਾ ਬਹੁਤ ਕਰਾਮਾਤੀ ਹੈ, ਇਹ ਭਵਿੱਖ ਦੀ ਹਰ ਗੱਲ ਦੱਸ ਦਿੰਦਾ ਹੈ ਅਤੇ ਉਸਦਾ ਹੱਲ ਵੀ ਕਰ ਦਿੰਦਾ ਹੈ। ਅਸੀਂ ਲੋਕ ਅੱਖਾਂ ਬੰਦ ਕਰਕੇ ਉਨ੍ਹਾਂ ਤੇ ਵਿਸ਼ਵਾਸ ਕਰ ਲੈਂਦੇ ਹਾਂ ਅਤੇ ਆਪਣਾ ਪੈਸਾ ਅਤੇ ਸਮਾਂ ਬਰਬਾਦ ਕਰਕੇ ਘਰੇ ਬੈਠ ਜਾਂਦੇ ਹਾਂ। 

ਦਰਅਸਲ ਸਾਡਾ ਦੇਸ਼ ਵਿਗਿਆਨ, ਨਵੀਂ ਟੈਕਨਾਲੋਜੀ ਅਤੇ ਖੋਜ ਕਰਨ ਵਰਗੇ ਰਸਤਿਆਂ ਤੇ ਚੱਲਣ ਦੀ ਬਜਾਏ ਅੰਧਵਿਸ਼ਵਾਸ ਦੇ ਰਾਹਾਂ ਤੇ ਚੱਲ ਰਿਹਾ ਹੈ। ਸ਼ਾਤਿਰ ਲੋਕ ਭੋਲੇ-ਭਾਲੇ ਲੋਕਾਂ ਨੂੰ ਅੰਧਵਿਸ਼ਵਾਸ ਵਿੱਚ ਫਸਾ ਕੇ ਸੌਖੇ ਤਰੀਕੇ ਨਾਲ ਵੱਧ ਤੋਂ ਵੱਧ ਪੈਸੇ ਕਮਾਉਣ ਦੇ ਚੱਕਰ ਵਿੱਚ ਰਹਿਦੇ ਹਨ ਅਤੇ ਨਵੇਂ-ਨਵੇਂ ਨਾਂ ਜੋੜ ਕੇ ਬਾਬੇ ਬਣ ਜਾਂਦੇ ਹਨ ਅਤੇ ਲੋਕ ਉਨ੍ਹਾਂ ਨੂੰ ਪੂਜਣ ਲੱਗ ਪੈਂਦੇ ਹਨ। 

ਆਉ ਅੱਜ ਤੁਹਾਨੂੰ ਉਸ ਤਕਨੀਕੀ ਬਾਬੇ ਬਾਰੇ ਜਾਣਕਾਰੀ ਦਿੰਦੇ ਹਾ ਜੋਂ ਤੁਹਾਨੂੰ ਕਾਫ਼ੀ ਹੱਦ ਤੱਕ ਸਹੀ ਜਾਣਕਾਰੀ ਦਿੰਦਾ ਹੈ। ਦੁਨੀਆਂ ਦੀ ਕੋਈ ਵੀ ਗੱਲ ਤੁਸੀਂ ਪੁੱਛੋਗੇ ਤਾਂ ਉਹ ਤੁਹਾਨੂੰ ਇਸ ਬਾਰੇ ਜਰੂਰ ਦੱਸੇਗਾ, ਜੀ ਹਾਂ ਆਪਾਂ ਗੱਲ ਕਰ ਰਹੇ ਹਾਂ ਬਾਬਿਆਂ ਦੇ ਬਾਬਾ ਗੂਗਲ ਸਰਚ ਦੀ ਜਿਸਨੂੰ ਅਸੀਂ ‘ਗੂਗਲ ਬਾਬਾ’ ਵੀ ਕਹਿ ਦਿੰਦੇ ਹਾ ਜੋ ਅਸਲ ਵਿੱਚ ਸਾਡੀਆਂ ਸਮੱਸਿਆਵਾਂ ਦੇ ਹੱਲ ਤੁਰੰਤ ਖੋਜ ਕੇ ਸਾਡੇ ਸਾਹਮਣੇ ਰੱਖ ਦਿੰਦਾ ਹੈ, ਬਸ ਉਸ ਤੱਕ ਇੱਕ ਸੰਦੇਸ਼ ਪਹੁੰਚਾਉਣ ਦੀ ਦੇਰ ਹੈ। 

ਦੋਸਤੋ ਇਹ ਹੋਰ ਕੋਈ ਨਹੀਂ, ਸਗੋਂ ਸਾਡੇ ਮੋਬਾਇਲ, ਲੈਪਟਾਪ,ਕੰਪਿਊਟਰ ਤੇ ਇੰਟਰਨੈਟ ਦੇ ਜ਼ਰੀਏ ਚੱਲਣ ਵਾਲੀ ਇਕ ਐਪਲੀਕੇਸ਼ਨ ਹੈ, ਜਿਸ ਨੇ ਆਪਣੇ ਅੰਦਰ ਪੂਰੇ ਸੰਸਾਰ ਨੂੰ ਸਮਾ ਰੱਖਿਆ ਹੈ। ਇਸ ਐਪਲੀਕੇਸ਼ਨ ਨੂੰ 1996 ਈ. ਸਟੇਨਫੋਰਡ ਯੂਨੀਵਰਸਿਟੀ ਤੋਂ ਹਿਸਾਬ ਵਿੱਚ ਪੀ.ਐੱਚ.ਡੀ.ਕਰਦੇ ਦੋ ਖੋਜਾਰਥੀਆਂ- ਲੈਰੀ ਪੇਜ ਅਤੇ ਸਰਜਰ ਬਰਿਨ ਨੇ ਬਣਾਇਆ। ਲੈਰੀ ਪੇਜ ਇਕ ਅਮਰੀਕਨ ਅਤੇ ਸਰਜਰ ਬਰਿਨ ਇਕ ਰਸ਼ੀਅਨ ਹੈ ਜੋ ਸਾਲ 1995 ਵਿਚ ਯੂਨੀਵਰਸਿਟੀ ਵਿੱਚ ਹੀ ਮਿਲੇ ਸੀ। ਸ਼ੁਰੂਆਤ ’ਚ ਇਸ ਦਾ ਨਾਮ ਬੈਕਰਬ ਤੇ 1997 ਵਿਚ ਬਦਲ ਕੇ ਗੋਗੋਲ ਰੱਖਿਆ ਗਿਆ ਸੀ।

ਇਸੇ ਸਾਲ ਹੀ ਇਸ ਦਾ ਨਾਮ ਫਿਰ ਤੋਂ ਬਦਲ ਕੇ ਗੋਗਲਈ ਰੱਖਿਆ ਗਿਆ। ਪਰ ਇਸ ਦਾ ਹੋਮ ਪੇਜ 1998 ਵਿੱਚ ਆਇਆ। 2000 ਵਿੱਚ ਵਿਗਿਆਪਨ ਤੇ 2002 ਵਿਚ ਇਸ ’ਤੇ ਖ਼ਬਰਾਂ ਸ਼ੁਰੂ ਕੀਤੀਆਂ ਗਈਆਂ। ਇਸ ਤਰ੍ਹਾਂ ਆਨਲਾਈਨ ਵਿਗਿਆਪਨ ਤੇ ਅਖ਼ਬਾਰਾਂ ਸ਼ੁਰੂ ਹੋਈਆਂ। 1 ਅਪ੍ਰੈਲ 2004 ਵਿਚ ਜੀ-ਮੇਲ 1 ਜੀ.ਬੀ. ਦੀ ਸਪੇਸ ਨਾਲ ਸ਼ੁਰੂ ਹੋਈ ਤੇ ਇਸੇ ਸਾਲ ਵਿਚ ਗੂਗਲ ਨੇ ਆਪਣੀ ਇਕ ਸੋਸ਼ਲ ਨੈੱਟਵਰਕਿੰਗ ਸਾਈਟ ਚਲਾਈ। ਇਸ ਤੋਂ ਬਾਅਦ ਗੂਗਲ ਫੇਸਬੁੱਕ, ਯੂਟਿਊਬ ਅਤੇ ਹੋਰ ਕਈ ਸਾਈਟਜ਼ ਨਾਲ ਜੁੜਿਆ। 

ਅੱਜ ਦੇ ਸਮੇ ਵਿਚ ਗੂਗਲ ਜੋ ਹੁਣ ਇਕ ਕੰਪਨੀ ਹੈ, ਆਪ ਤਾਂ ਬਹੁਤ ਸਾਰੀ ਕਮਾਈ ਕਰ ਰਿਹਾ ਹੈ ਪਰ ਹੋਰ ਵੀ ਬਹੁਤ ਲੋਕ ਇਸ ਤੋਂ ਕਮਾਈ ਕਰ ਰਹੇ ਹਨ, ਉਹ ਕਮਾਈ ਭਾਵੇ ਗਿਆਨ ਦੀ ਹੋਵੇ ਜਾਂ ਪੈਸੇ ਦੀ। ਗੂਗਲ ਕੋਲ ਹਰ ਸਮੱਸਿਆ ਦਾ ਸਮਾਧਾਨ ਹੈ। ਤੁਸੀਂ ਜੋ ਵੀ ਗੂਗਲ ਵਿੱਚ ਸਰਚ ਕਰੋਗੇ ਉਸਦਾ ਰਿਜਲਟ ਨਾਲ ਦੀ ਨਾਲ ਤੁਹਾਡੇ ਸਾਹਮਣੇ ਹੋਵੇਗਾ ਚਾਹੇ ਉਹ ਸਿਹਤ, ਪੜ੍ਹਾਈ, ਆਮਦਨ, ਗਿਆਨ ਜਾਂ ਕੋਈ ਵੀ ਹੋਵੇ। ਗੂਗਲ ਮੈਪ ਦੀ ਮਦਦ ਨਾਲ ਤੁਸੀਂ ਦੁਨੀਆਂ ਵਿੱਚੋ ਆਪਣੇ ਘਰ ਦੀ ਲੋਕੇਸ਼ਨ ਵੀ ਲੱਭ ਸਕਦੇ ਹੋ। ਇਹ ਤੁਹਾਨੂੰ ਕਿਸੇ ਇੱਕ ਜਗ੍ਹਾ ਤੋਂ ਦੂਜੀ ਅਣਜਾਣ ਜਗਾ ਤੇ ਜਿੱਥੇ ਤੁਸੀਂ ਜਾਣਾਂ ਚਹੁੰਦੇ ਹੋ ਪਹੁੰਚਾਉਣ ਵਿੱਚ ਮਦਦ ਕਰਦਾ ਹੈ। 

ਗੂਗਲ ਤੋਂ ਅਸੀਂ ਦੁਨੀਆਂ ਭਰ ਦੀ ਜਾਣਕਾਰੀ ਹਾਸਲ ਕਰ ਸਕਦੇ ਹਾ ਪਰ ਬਹੁਤ ਅਫਸੋਸ ਹੈ ਕਿ ਅਸੀਂ ਅਜਿਹੇ ਬਾਬਿਆਂ ਨੂੰ ਤਾਂ ਪੂਜਦੇ ਹਾਂ, ਧੰਨ ਦਿੰਦੇ ਹਾ ਅਤੇ ਉਨ੍ਹਾਂ ਦੀਆਂ ਚੌਂਕੀਆਂ ਭਰਦੇ ਹਾਂ ਪਰ ਅਸੀਂ ਕਦੇ ਉਨ੍ਹਾਂ ਨੂੰ ਯਾਦ ਨਹੀਂ ਕੀਤਾ ਜਿਨ੍ਹਾਂ ਨੇ ਇਹੋ ਜਿਹੀਆਂ ਖੋਜਾਂ ਕਰਕੇ ਸਾਡੇ ਜੀਵਨ ਨੂੰ ਸੁਖਾਵਾਂ ਬਣਾਇਆ ਹੈ। ਬਹੁਤ ਸਾਰੇ ਉਚੇਰੀ ਸਿੱਖਿਆ ਲੈਣ ਵਾਲੇ ਪਾੜੇ ਵੀ ਇਹੋ ਜਿਹੇ ਮਹਾਨ ਵਿਗਿਆਨੀਆਂ ਅਤੇ ਖੋਜਾਰਥੀਆਂ ਦੇ ਨਾਂਵਾਂ ਤੋਂ ਵੀ ਅਣਜਾਣ ਹਨ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਇਹੋ ਜਿਹੇ ਮਹਾਨ ਵਿਗਿਆਨੀਆਂ ਅਤੇ ਖੋਜਾਰਥੀਆਂ ਜਿਨ੍ਹਾਂ ਨੇ ਸਾਨੂੰ ਸੁੱਖ ਸਹੂਲਤਾਂ ਦੇਣ ਲਈ ਆਪਣੀਆਂ ਸੁੱਖ ਸਹੂਲਤਾਂ ਗੁਆ ਲਈਆ ਸਨ ਉਨ੍ਹਾਂ ਨੂੰ ਵੀ ਕਦੇ-ਕਦੇ ਯਾਦ ਕਰਨਾ ਬਣਦਾ ਹੈ ਅਤੇ ਦੇਸ਼ ਨੂੰ ਵਿਕਸਤ ਦੇਸ਼ਾਂ ਵਾਂਗ ਵਿਗਿਆਨ ਅਤੇ ਨਵੀਂ ਟੈਕਨਾਲੋਜੀ ਨਾਲ ਜੋੜਨ ਲਈ ਵੀ ਉਪਰਾਲੇ ਕਰਨ ਦੀ ਲੋੜ ਹੈ।


author

Rakesh

Content Editor

Related News