ਬਨਾਰਸ ਦਾ ਠੱਗ-ਗੰਗਾਧਰ

02/17/2018 1:46:23 PM

ਅੱਜ ਫਿਰ ਠੰਢ ਬੜੀ ਪੈ ਰਹੀ ਸੀ। ਜੈਸਲੀਨ ਅਤੇ ਯਸ਼ਵੀਰ ਪਹਿਲਾਂ ਤਾਂ ਬੜੀ ਦੇਰ ਤੱਕ ਬਾਹਰ ਖੇਡਦੇ ਰਹੇ ਪਰ ਜਦੋਂ ਉਹਨਾਂ ਦੀ ਮੰਮੀ ਨੇ ਅਵਾਜ ਦੇ ਕੇ ਕਿਹਾ, ''ਬੱਚਿਓ ! ਅੱਜ ਬਹੁਤ ਠੰਢ ਹੈ, ਛੇਤੀ ਨਾਲ ਰੋਟੀ ਖਾਹ ਕੇ ਰਜਾਈ ਵਿਚ ਵੜ ਜਾਓ।'' ਬੱਚਿਆਂ ਨੇ ਅੰਦਰ ਆ ਕੇ ਜਲਦੀ ਜਲਦੀ ਰੋਟੀ ਖਾਦੀ ਅਤੇ ਫਿਰ ਦਾਦਾ ਜੀ ਦੀ ਰਜਾਈ ਵਿੱਚ ਜਾ ਵੜੇ।
ਜੈਸਲੀਨ ਨੇ ਕਿਹਾ, ''ਦਾਦਾ ਜੀ! ਤੁਸੀਂ ਦੱਸਿਆ ਸੀ ਕਿ ਭਗਤ ਕਬੀਰ ਜੀ ਬਨਾਰਸ ਵਿਚ ਰਹਿੰਦੇ ਸਨ ਪਰ ਬਨਾਰਸ ਤਾਂ ਠੱਗਾਂ ਲਈ ਬਹੁਤ ਮਸ਼ਹੂਰ ਸੀ ਅਤੇ ਅੱਜ ਵੀ ਉਹ ਬਨਾਰਸੀ ਠੱਗ ਕਰਕੇ ਜਾਣੇ ਜਾਂਦੇ ਹਨ। ਭਗਤ ਕਬੀਰ ਜੀ ਦਾ ਇਹਨਾਂ ਠੱਗਾਂ ਨਾਲ ਵੀ ਵਾਸਤਾ ਪਿਆ ਹੋਵੇਗਾ?'' ਜੈਸਲੀਨ ਦੀ ਗੱਨ ਸੁਣ ਦਾਦਾ ਜੀ ਨੇ ਕਿਹਾ,'' ਹਾਂ ਬੱਚਿਓ! ਜੈਸਲੀਨ ਦੀ ਗੱਲ ਬਿਲਕੁਲ ਦਰੁੱਸਤ ਹੈ, ਬਨਾਰਸੀ ਦੇ ਠੱਗ ਬੜੇ ਮਸ਼ਹੂਰ ਰਹੇ ਹਨ। ਉਹ ਕਈ ਤਰ੍ਹਾਂ ਦੇ ਭੇਸ਼ ਬਦਲ ਕੇ ਲੋਕਾਂ ਨੁੰ ਲੁੱਟਦੇ ਰਹਿੰਦੇ ਸਨ, ਕਦੇ ਕੋਈ ਪੰਡਤ ਬਣ ਜਾਂਦਾ, ਕਦੇ ਜੋਤਸੀ ਜਾਂ ਫਿਰ ਕਦੇ ਸੌਦਾਗਰ ਬਣ ਜਾਂਦੇ। ਅਜਿਹਾ ਹੀ ਇਕ ਠੱਗ ਸੀ ਜਿਸਦਾ ਨਾਂ ਗੰਗਾਧਰ ਸੀ, ਉਸ ਦਾ ਵਾਸਤਾ ਪਿਆ ਸੀ ਭਗਤ ਕਬੀਰ ਜੀ ਨਾਲ।''
ਯਸ਼ਵੀਰ ਤੁਰੰਤ ਬੋਲ ਪਿਆ, ''ਹਾਂ ਦਾਦਾ ਜੀ ਸਾਨੂੰ ਗੰਗਾਧਰ ਠੱਗ ਦੀ ਕਹਾਣੀ ਸੁਣਾਓ।'' ਤਾਂ ਦਾਦਾ ਜੀ ਨੇ ਕਹਾਣੀ ਸ਼ੁਰੂ ਕਰਦੇ ਹੋਏ ਕਿਹਾ, ''ਹਾਂ ਬੱਚਿਓ! ਗੰਗਾਧਰ ਦੀ ਠੱਗੀਆਂ ਮਾਰਦਿਆਂ ਬਹੁਤ ਉਮਰ ਬੀਤ ਚੁੱਕੀ ਸੀ, ਪਰ ਫਿਰ ਵੀ ਉਹ ਠੱਗੀਆਂ ਮਾਰਨ ਤੋਂ ਨਹੀਂ ਸੀ ਹੱਟਦਾ। ਇਕ ਦਿਨ ਉਸਨੇ ਇਕ ਸਾਧੂ ਦਾ ਭੇਸ਼ ਬਣਾ ਕੇ ਇਕ ਵਿਧਵਾ ਔਰਤ ਦੇ ਘਰ ਠੱਗੀ ਮਾਰਨ ਦਾ ਯਤਨ ਕੀਤਾ। ਵਿਧਵਾ ਵਲੋਂ ਰੌਲਾ ਪਾਉਣ ਤੇ ਜੋ ਉਸਦੇ ਹੱਥ ਧਨ ਜਾਂ ਜੇਵਰ ਲੱਗੇ, ਉਹ ਉਹਨਾਂ ਨੂੰ ਪੋਟਲੀ ਵਿਚ ਪਾ ਕੇ ਦੌੜ ਗਿਆ। ਔਰਤ ਦਾ ਰੌਲਾ ਸੁਣ ਲੋਕ ਠੱਗ ਦੇ ਪਿੱਛੇ ਦੌੜੇ।
ਯਸ਼ਵੀਰ ਨੇ ਫਿਰ ਪੁੱਛਿਅ, ''ਕੀ, ਉਹ ਠੱਗ ਫੜਿਆ ਗਿਆ, ਜੇ ਫੜਿਆ ਗਿਆ ਤਾਂ ਲੋਕਾਂ ਨੇ ਖੂਬ ਕੁੱਟਿਆ ਹੋਵੇਗਾ?'' ਦਾਦਾ ਜੀ ਹੱਸ ਪਏੇ, ਅਤੇ ਕਹਾਣੀ ਜਾਰੀ ਰੱਖਦੇ ਹੋਏ ਬੋਲੇ,  ''ਨਹੀਂ, ਨਹੀਂ ਗੰਗਾਧਰ ਫੜਿਆ ਨਹੀਂ ਗਿਆ, ਕਿਉਂਕਿ ਉਹ ਬਹੁਤ ਤੇਜ ਦੌੜਦਾ ਸੀ ਅਤੇ ਉਹ ਬਚ ਨਿਕਲ ਕੇ ਕਬੀਰ ਜੀ ਦੇ ਸਤਿਸੰਗ ਵਿਚ ਸ਼ਰਧਾਲੂ ਬਣ ਕੇ ਬੈਠ ਗਿਆ। ਪਰ ਉਹ ਅੰਦਰੋਂ ਬਹੁਤ ਡਰਿਆ ਹੋਇਆ ਸੀ। ਪਰ ਕਬੀਰ ਜੀ ਸਮਝ ਗਏ ਕਿ ਸਾਧੂ ਦੇ ਭੇਸ ਵਿਚ ਠੱਗ ਗੰਗਾਧਰ ਬੈਠਾ ਹੈ। ਤਾਂ ਉਨ੍ਹਾਂ ਜਾਣ ਬੁਝ ਕਿ ਅਜਿਹਾ ਪ੍ਰਸੰਗ ਸ਼ੁਰੂ ਕਰ ਦਿੱਤਾ ਜਿਸ ਵਿੱਚ 
ਉਹਨਾਂ ਦੱਸਿਆ ਕਿ ਮੂਰਖ ਮਨੁੱਖ ਚੋਰੀ, ਡਕੈਤੀ, ਖੂਨ ਖਰਾਬੇ ਕਰਕੇ ਧਨ ਲੁਟਦਾ ਹੈ ਅਤੇ ਆਪਣੇ ਪਰਿਵਾਰ ਨੂੰ ਦੇ ਦੇਂਦਾ ਹੈ ਪਰ ਪ੍ਰਮਾਤਮਾ ਦੇ ਘਰ ਤਾਂ ਉਸ ਇਕੱਲੇ ਦਾ ਲੇਖਾ ਹੋਣਾ ਹੈ ਤੇ ਪਰਿਵਾਰ ਦੇ ਕਿਸੇ ਜੀਅ ਨੇ ਨਾਲ ਨਹੀਂ ਜਾਣਾ ਤਾਂ ਉਸ ਇਕੱਲੇ ਨੂੰ ਹੀ ਸਜ਼ਾ ਭੁਗਤਣੀ ਪੈਣੀ ਏ।'' ਇਨਾ ਕਹਿ  ਦਾਦਾ ਜੀ ਕੁਝ ਚੁੱਪ ਕਰ ਗਏ। ਪਰ ਬੱਚੇ ਅੱਗੇ ਸੁਨਣ ਲਈ ਕਾਹਲੇ ਪੈ ਗਏ। ਤਾਂ ਜੈਸਲੀਨ ਨੇ ਪੁੱਛਿਆ, ''ਦਾਦਾ ਜੀ, ਫਿਰ ਠੱਗ ਦਾ ਕੀ ਬਣਿਆ?'' ਹੁਣ ਦਾਦਾ ਜੀ ਨੇ ਫਿਰ ਕਹਾਣੀ ਸ਼ੁਰੂ ਕਰਦੇ ਹੋਏ ਕਿਹਾ, ''ਬੱਚਿਓ! ਜਿਹੜੇ ਲੋਕ ਗੰਗਾਧਰ ਨੂੰ ਫੜ੍ਹਨ ਲਈ ਪਿੱਛੇ ਦੌੜੇ ਸਨ, ਉਹਨਾਂ ਨੇ ਸੋਚਿਆ ਤੱਕ ਵੀ ਨਹੀਂ ਕਿ ਉਹ ਕਬੀਰ ਦੇ ਸਤਿਸੰਗ ਵਿਚ ਵੀ ਹੋ ਸਕਦਾ ਹੈ ਅਤੇ ਉਹ ਨਿਰਾਸ਼ ਹੋ ਕੇ ਵਾਪਸ ਚਲੇ ਗਏ। ਉਧਰ ਕਬੀਰ ਦੇ ਬੋਲਾਂ ਨੇ ਉਸ ਠੱਗ ਦਾ ਸਾਰਾ ਮਨ ਧੋ ਦਿੱਤਾ ਅਤੇ ਉਸ ਨੂੰ ਸਮਝ ਆ ਗਈ ਕਿ ਚੋਰੀ, ਠੱਗੀ ਅਤੇ ਖੂਨ ਖਰਾਬੇ ਕਰਕੇ ਕਮਾਇਆ ਧੰਨ ਪਰਿਵਾਰ ਲਈ ਪਾਪ ਹੈ। ਉਹ ਸਤਿਸੰਗ ਤੋਂ ਬਾਅਦ ਕਬੀਰ ਜੀ ਦੇ ਚਰਨਾਂ ਵਿਚ ਪੈ ਕੇ ਮੁਆਫੀ ਮੰਗਣ ਲੱਗਾ ਅਤੇ ਵਿਧਵਾ ਦੇ ਘਰੋਂ ਚੋਰੀ ਕੀਤਾ ਧਨ ਅਤੇ ਜੇਵਰ ਕਬੀਰ ਜੀ ਅੱਗੇ ਰੱਖ ਦਿੱਤੇ।''
''ਕਬੀਰ ਜੀ ਨੇ ਉਸਨੂੰ ਹੋਰ ਕੀ ਸਿੱਖਿਆ ਦਿੱਤੀ।'' ਯਸ਼ਵੀਰ ਜੀ ਨੇ ਪੁੱਛਿਆ। ਦਾਦਾ ਜੀ ਨੇ ਕਹਾਣੀ ਜਾਰੀ ਰੱਖੀ ਅਤੇ ਕਿਹਾ, 'ਪੁੱਤਰ! ਚੋਰੀ ਕਰਨਾ ਪਾਪ ਹੈ। ਕਿਸੇ ਦੀ ਹੱਤਿਆ ਅਤੇ ਠੱਗੀ ਮਨੁੱਖ ਨੂੰ ਇਨਸਾਨ ਤੋਂ ਹੈਵਾਨ ਬਣਾਉਂਦੇ ਹਨ। ਮਨੁੱਖ ਨੂੰ ਵਾਹਿਗੁਰੂ ਜਾਂ ਰਾਮ ਦਾ ਨਾਮ ਜਪ ਕੇ ਭਲੇ ਕੰਮ ਕਰਨੇ ਚਾਹੀਦੇ ਹਨ। ਕਿਸੇ ਦਾ ਦਿਲ ਦੁਖਾਉਣਾ ਸੱਭ ਤੋਂ ਵੱਡਾ ਅਧਰਮ ਹੈ। ਨੇਕੀ ਕਰਕੇ ਮਨੁੱਖ ਪ੍ਰਮਾਤਮਾ ਦੇ ਨੇੜੇ ਜਾਂਦਾ ਹੈ। ਇਸ ਤਰ੍ਹਾਂ ਕਬੀਰ ਜੀ ਨੇ ਉਸ ਠੱਗ ਨੂੰ ਠੱਗੀ ਤੋਂ ਹਟਾ ਕੇ ਨਾਮ ਸਿਮਰਨ ਅਤੇ ਸ਼ੁਭ ਕੰਮ ਕਰਨ ਲਈ ਪ੍ਰੇਰਿਆ ਅਤੇ ਉਸਨੇ ਵੀ ਠੱਗੀ ਛੱਡ, ਉਹ ਸਾਰਾ ਲੁੱਟਿਆ ਧਨ ਉਸ ਵਿਧਵਾ ਔਰਤ ਨੂੰ ਵਾਪਸ ਕਰ ਦਿੱਤਾ।'' ਇਹ ਸੁਣ ਬਚੇ ਵੀ ਨਵੀਂ ਸਿੱਖਿਆ ਲੈ ਆਪਣੇ ਕਮਰੇ ਵਿੱਚ ਜਾ ਕੇ ਸੌ ਗਏ।
ਬਹਾਦਰ ਸਿੰਘ ਗੋਸਲ
ਮਕਾਨ ਨੰ: 3098, ਸੈਕਟਰ 37-ਡੀ, 
ਚੰਡੀਗੜ੍ਹ। ਮੋ. ਨੰ: 98764-52223


Related News