ਅਧਿਆਪਕ ਅਤੇ ਸਮਾਜ ਦੇ ਦੁਵੱਲੇ ਰਿਸ਼ਤੇ ਦੀ ਵਿਰਾਸਤ ਨੂੰ ਸਾਂਭਣ ਦੀ ਲੋੜ

Saturday, Sep 05, 2020 - 05:54 PM (IST)

ਅਧਿਆਪਕ ਅਤੇ ਸਮਾਜ ਦੇ ਦੁਵੱਲੇ ਰਿਸ਼ਤੇ ਦੀ ਵਿਰਾਸਤ ਨੂੰ ਸਾਂਭਣ ਦੀ ਲੋੜ

ਮਨਮੀਤ 

ਅਧਿਆਪਕ ਹੀ ਇੱਕ ਅਜਿਹਾ ਕਿੱਤਾ ਹੈ ਜਿਸ ਵਿੱਚ ਸਿਖਾਉਣ ਵਾਲੇ ਨਾਲੋਂ ਜੇਕਰ ਸਿੱਖਣ ਵਾਲਾ ਅੱਗੇ ਲੰਘ ਜਾਵੇ ਤਾਂ ਸਿਖਾਉਣ ਵਾਲੇ ਨੂੰ ਈਰਖਾ ਨਹੀਂ ਸਗੋਂ ਆਪਣੇ ਆਪ ’ਤੇ ਮਾਣ ਮਹਿਸੂਸ ਹੁੰਦਾ ਹੈ। ਇੱਕ ਅਧਿਆਪਕ ਹੋਣ ਦੇ ਨਾਤੇ ਇਸ ਗੱਲ ਨੂੰ ਮੈਂ ਖੁਦ ਚੰਗੀ ਤਰ੍ਹਾਂ ਸਮਝ ਸਕਦਾ ਹਾਂ ਅਤੇ ਮਹਿਸੂਸ ਕਰ ਸਕਦਾ ਹਾਂ।

ਕਬੀਰ ਜੀ ਦਾ ਇੱਕ ਦੋਹਾ ਹੈ-

 ਗੁਰੂ ਗੋਵਿੰਦ ਦੋਊ ਖੜੇ, ਕਾਕੇ ਲਾਗੂੰ ਪਾਂਏ।

ਇਸ ਵਿੱਚ ਕਬੀਰ ਜੀ ਨੇ ਕਿਹਾ ਹੈ ਕਿ ਗੁਰੂ ਅਤੇ ਗੋਬਿੰਦ (ਪਰਮਾਤਮਾ)ਇੱਕ ਥਾਂ ਖੜ੍ਹੇ ਹਨ ਤਾਂ ਮੈਨੂੰ ਕਿਸ ਦੇ ਪੈਰ ਛੂਹਣੇ ਚਾਹੀਦੇ ਹਨ? ਅਜਿਹੀ ਦੁਬਿਧਾ ਵਿੱਚ ਗੁਰੂ ਦੇ ਚਰਨਾਂ ’ਤੇ ਸੀਸ ਝੁਕਾਉਣਾ ਉੱਤਮ ਹੈ ਕਿਉਂਕਿ ਉਸ ਦੇ ਮਾਰਗ ਦਰਸ਼ਨ ਦੁਆਰਾ ਪਰਮਾਤਮਾ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਪ੍ਰਾਚੀਨ ਕਾਲ ਤੋਂ ਹੀ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਰਿਹਾ ਹੈ ਕਿਉਂਕਿ ਮਾਂ ਬਾਪ ਤੋਂ ਬਾਅਦ ਜਿਸ ਸ਼ਖ਼ਸੀਅਤ ਦਾ ਸਭ ਤੋਂ ਵਧੇਰੇ ਪ੍ਰਭਾਵ ਕਿਸੇ ਇਨਸਾਨ ’ਤੇ ਹੁੰਦਾ ਹੈ, ਉਹ ਉਸ ਦਾ ਗੁਰੂ ਹੀ ਹੁੰਦਾ ਹੈ। ਇਸ ਗੱਲ ਦਾ ਪ੍ਰਮਾਣ ਪੁਰਾਤਨ ਕਥਾਵਾਂ ਤੋਂ ਵੀ ਮਿਲਦਾ ਹੈ। ਮਹਾਂਭਾਰਤ ਕਾਲ ਵਿੱਚ ਗੁਰੂ ਦਰੋਣਾਚਾਰੀਆ ਅਤੇ ਕ੍ਰਿਪਾਚਾਰੀਆ ਦੀਆਂ ਸਿੱਖਿਆਵਾਂ ਦਾ ਉਨ੍ਹਾਂ ਦੇ ਸਿੱਖਿਆਰਥੀਆਂ ’ਤੇ ਡੂੰਘਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਇਕਲਵਯ ਦੁਆਰਾ ਆਪਣੇ ਗੁਰੂ (ਭਾਵੇਂ ਕਿ ਗੁਰੂ ਨੇ ਉਸ ਨੂੰ ਆਪ ਸਿੱਖਿਆ ਨਹੀਂ ਦਿੱਤੀ ਸੀ) ਨੂੰ ਉਸ ਦੇ ਕਹਿਣ ’ਤੇ ਬਿਨਾਂ ਇੱਕ ਪਲ ਸੋਚੇ ਆਪਣਾ ਅੰਗੂਠਾ ਕੱਟ ਕੇ ਭੇਟ ਕਰਨਾ ਗੁਰੂ ਪ੍ਰਤੀ ਸੱਚੀ ਨਿਸ਼ਠਾ ਅਤੇ ਵਿਸ਼ਵਾਸ ਦਾ ਪ੍ਰਤੀਕ ਹੈ। ਅਜਿਹੀਆਂ ਅਨੇਕਾਂ ਉਦਾਹਰਨਾਂ ਸਾਨੂੰ ਇਤਿਹਾਸ ਵਿੱਚ ਮਿਲਦੀਆਂ ਹਨ, ਜੋ ਗੁਰੂ ਦੇ ਮਹੱਤਵ ਨੂੰ ਉਜਾਗਰ ਕਰਦੀਆਂ ਹਨ। ਇਹ ਉਹ ਸਮਾਂ ਸੀ ਜਦੋਂ ਗੁਰੂ ਦੀ ਆਗਿਆ ਦਾ ਪਾਲਣ ਕਰਨਾ ਕਰਤਵ ਸਮਝਿਆ ਜਾਂਦਾ ਸੀ ਅਤੇ ਉਹ ਵੀ ਕਿਸੇ ਕਿੰਤੂ ਪ੍ਰੰਤੂ ਤੋਂ ਬਿਨਾਂ।

ਜੇਕਰ ਗਹੁ ਨਾਲ ਝਾਤ ਮਾਰੀਏ ਤਾਂ ਅਧਿਆਪਕ ਕੇਵਲ ਬੱਚੇ ਤੇ ਹੀ ਕੇਂਦਰਿਤ ਨਹੀਂ ਹੁੰਦਾ ਸਗੋਂ ਉਹ ਸਿੱਖਿਆਰਥੀ ਦੀ ਸਮਾਜਿਕ, ਆਰਥਿਕ, ਮਾਨਸਿਕ ਹਾਲਤਾਂ ਨਾਲ ਵੀ ਰੂ-ਬ-ਰੂ ਹੁੰਦਾ ਹੈ। ਇਹ ਸਾਰਾ ਕੁਝ ਬੱਚੇ ਦੀ ਸਿੱਖਣ ਸ਼ਕਤੀ ’ਤੇ ਡੂੰਘਾ ਪ੍ਰਭਾਵ ਰੱਖਦਾ ਹੈ। ਅਧਿਆਪਕ ਇਨ੍ਹਾਂ ਸਭ ਹਾਲਤਾਂ ਨੂੰ ਬਹੁਤ ਡੂੰਘਾਈ ਨਾਲ ਘੋਖਦਾ ਅਤੇ ਵਿਦਿਆਰਥੀ ਦੇ ਸਿੱਖਣ ਲਈ ਸੁਹਜ ਮਾਹੌਲ ਸਿਰਜਦਾ ਹੈ ਅਤੇ ਵਿਦਿਆਰਥੀਆਂ ਨੂੰ ਸਿੱਖਣ ਦੇ ਕਾਬਿਲ ਬਣਾਉਂਦਾ ਹੈ। ਕੁਝ ਪਰਿਵਾਰਾਂ ਵਿੱਚ ਆਰਥਿਕ, ਸਮਾਜਿਕ ਜਾਂ ਕਿਸੇ ਹੋਰ ਕਾਰਨ ਬੱਚੇ ਨੂੰ ਪੜ੍ਹਾਈ ਲਈ ਢੁੱਕਵਾਂ ਮਾਹੌਲ ਨਹੀਂ ਮਿਲਦਾ, ਜਿਸ ਦਾ ਪ੍ਰਭਾਵ ਬੱਚੇ ਦੀ ਸ਼ਖ਼ਸੀਅਤ ’ਤੇ ਸਿੱਧੇ ਰੂਪ ਵਿੱਚ ਪੈਂਦਾ ਹੈ। ਇਸ ਤਰ੍ਹਾਂ ਦੇ ਹਾਲਤਾਂ ਵਿੱਚ ਅੱਖੀਉਂ ਓਹਲੇ ਕਰਕੇ ਕਿਸੇ ਵੀ ਅਧਿਆਪਕ ਦੁਆਰਾ ਚੰਗੇ ਨਤੀਜਿਆਂ ਦੀ ਆਸ ਨਹੀਂ ਰੱਖੀ ਜਾ ਸਕਦੀ, ਕਿਉਂਕਿ ਸਿੱਖਣ ਲਈ ਤਨ ਅਤੇ ਮਨ ਦਾ ਇੱਕ ਚਿੱਤ ਹੋਣਾ ਲਾਜ਼ਮੀ ਹੈ। ਅਧਿਆਪਕ ਸਿਖਿਆਰਥੀ ਦੇ ਬੌਧਿਕ ਪੱਧਰ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਦੇ ਅਨੁਕੂਲ ਵਾਤਾਵਰਨ ਸਿਰਜਦਾ ਹੈ।

ਪੁਰਾਤਨ ਕਹਾਵਤ ਹੈ

ਗੁਰੂ ਬਿਨਾਂ ਗਤ ਨਹੀਂ।
ਸ਼ਾਹ ਬਿਨਾਂ ਪੱਤ ਨਹੀਂ।

ਇਸ ਕਹਾਵਤ ਦਾ ਸਬੰਧ ਕੇਵਲ ਕਿਤਾਬੀ ਗਿਆਨ ਨਾਲ ਨਹੀਂ ਸਗੋਂ ਇਸ ਦੇ ਅਰਥਾਂ ਦਾ ਘੇਰਾ ਬਹੁਤ ਵਿਸ਼ਾਲ ਹੈ। ਅਸਲ ਵਿੱਚ ਅਧਿਆਪਕ ਕੇਵਲ ਕਿਤਾਬੀ ਗਿਆਨ ਨਹੀਂ ਦਿੰਦਾ, ਸਗੋਂ ਉਹ ਜ਼ਿੰਦਗੀ ਜਿਊਣੀ ਸਿਖਾਉਂਦਾ ਹੈ। ਉਹ ਵਿਦਿਆਰਥੀ ਨੂੰ ਨੈਤਿਕ ਕਦਰਾਂ ਕੀਮਤਾਂ, ਸਮਾਜ ਵਿੱਚ ਵਿਚਰਨਾ, ਜ਼ਿੰਦਗੀ ਦੀਆਂ ਗੁੰਝਲਾਂ ਨੂੰ ਖੋਲ੍ਹਣਾ ਵੀ ਸਿਖਾਉਂਦਾ ਹੈ। ਉਹ ਵਧੀਆ ਨਾਗਰਿਕ ਸਿਰਜਦਾ ਹੈ ।ਜਦੋਂ ਬੱਚਾ ਸਕੂਲ ਜਾਂਦਾ ਹੈ ਤਾਂ ਕੋਰਾ ਕਾਗਜ਼ ਹੁੰਦਾ ਹੈ। ਅਧਿਆਪਕ ਆਪਣੇ ਤਜਰਬੇ ਅਨੁਸਾਰ ਉਸ ਉੱਪਰ ਨਕਸ਼ ਚਿੱਤਰਦਾ ਹੈ। ਉਸ ਦੇ ਸਰਵਪੱਖੀ ਵਿਕਾਸ ਲਈ ਆਪਣੀ ਪੂਰੀ ਵਾਹ ਲਾ ਦਿੰਦਾ ਹੈ, ਉਹ ਪੂਰੀ ਸ਼ਿੱਦਤ ਨਾਲ ਵਿਦਿਆਰਥੀਆਂ ਦੀ ਪ੍ਰਤਿਭਾ ਨਿਖਾਰਨ ਦਾ ਯਤਨ ਕਰਦਾ ਹੈ।

ਮੈਨੂੰ ਯਾਦ ਹੈ ਕਿ ਸਕੂਲ ਪੜ੍ਹਦੇ ਸਮੇਂ ਸਾਡੇ ਅਧਿਆਪਕ ਸਾਈਕਲਾਂ ’ਤੇ ਆਉਂਦੇ ਸਨ । ਮੇਰੇ ਕਿੰਨੇ ਸਹਿਪਾਠੀ ਸਵੇਰ ਦੇ ਸਮੇਂ ਸਕੂਲ ਦੇ ਗੇਟ ਕੋਲ ਜਾ ਕੇ ਖੜ੍ਹੇ ਹੋ ਜਾਂਦੇ ਸਨ ਅਤੇ ਅਧਿਆਪਕਾਂ ਦੇ ਆਉਣ ’ਤੇ ਉਨ੍ਹਾਂ ਦੇ ਸਾਈਕਲ ਇੱਕ ਦੂਜੇ ਤੋਂ ਮੂਹਰੇ ਹੋ ਕੇ ਫੜਦੇ ਸਨ। ਅਧਿਆਪਕ ਜਿਸ ਬੱਚੇ ਨੂੰ ਆਪਣਾ ਸਾਈਕਲ ਫੜਾ ਦਿੰਦੇ ਸਨ ਉਹ ਤਾਂ ਇੰਝ ਮਹਿਸੂਸ ਕਰਦਾ ਜਿਵੇਂ ਕੋਈ ਜੰਗ ਜਿੱਤ ਲਈ ਹੋਵੇ ਅਤੇ ਇਸ ਗੱਲ ਦਾ ਚਾਅ ਅਤੇ ਮਾਣ ਸਾਰਾ ਦਿਨ ਰਹਿੰਦਾ ਸੀ ਇਹੀ ਨਹੀਂ ਸਕੂਲ ਦੇ ਹੋਰ ਵੀ ਅਨੇਕਾਂ ਕੰਮ ਬੱਚੇ ਪੂਰੇ ਚਾਅ ਅਤੇ ਜ਼ਿੰਮੇਦਾਰੀ ਨਾਲ ਕਰਦੇ ਸਨ। ਪੜ੍ਹਨ ਸਮੇਂ ਅਧਿਆਪਕ ਨੂੰ ਆਪਣੀ ਕਿਤਾਬ ਦੇਣੀ ਸਾਡੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਸੀ। ਇਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਆਪਣੇ ਅਧਿਆਪਕ ਦੇ ਨੇੜੇ ਹੋਏ ਸਮਝਦੇ ਸੀ। ਅਧਿਆਪਕਾਂ ਦੇ ਸਤਿਕਾਰ ਅਤੇ ਸੇਵਾ ਵਿੱਚ ਕਿਸੇ ਕਿਸਮ ਦੀ ਘਾਟ ਨਹੀਂ ਸੀ ਛੱਡੀ ਜਾਂਦੀ। ਸਵੇਰੇ ਆ ਕੇ ਅਤੇ ਛੁੱਟੀ ਸਮੇਂ ਅਧਿਆਪਕਾਂ ਦੇ ਪੈਰੀਂ ਹੱਥ ਲਾਉਣਾ ਸਾਡਾ ਨਿੱਤ ਨੇਮ ਸੀ ਇਹ ਉਹ ਸਮਾਂ ਸੀ ਜਦੋਂ ਸਾਡੇ ਅਧਿਆਪਕ ਕੇਵਲ ਸਾਡੇ ਲਈ ਹੀ ਨਹੀਂ ਸਗੋਂ ਸਾਰੇ ਪਿੰਡ ਲਈ ਸਤਿਕਾਰਯੋਗ ਹਸਤੀ ਹੁੰਦੇ ਸਨ।ਉਨ੍ਹਾਂ ਦਾ ਕਿਹਾ ਕੋਈ ਵੀ ਮੋੜਦਾ ਨਹੀਂ ਸੀ। ਕਈ ਬਾਰ ਪਿੰਡ ਦੇ ਮੋਹਤਬਰ ਵੀ ਕਈ ਮਸਲਿਆਂ ‘ਚ ਅਧਿਆਪਕਾਂ ਦੀ ਸਲਾਹ ਲੈ ਲੈਂਦੇ ਸਨ। ਅਧਿਆਪਕਾਂ ਨੂੰ ਰਾਹ ਰਾਸਤੇ ਮਿਲਦੇ ਚਾਹ ਪਾਣੀ ਪੁੱਛਣਾ ਫ਼ਰਜ਼ ਸਮਝਿਆ ਜਾਂਦਾ। ਜੇਕਰ ਕਿਤੇ ਸਕੂਲ ਵਿੱਚ ਅਧਿਆਪਕਾਂ ਵਲੋਂ ਬੱਚੇ ਦੀ ਸੇਵਾ (ਸਜ਼ਾ) ਕੀਤੀ ਜਾਂਦੀ ਤਾਂ ਮਾਪਿਆਂ ਨੂੰ ਕੋਈ ਉਜ਼ਰ ਨਾ ਹੁੰਦਾ ਸਗੋਂ ਬੱਚੇ ਡਰਦੇ ਕਿ ਘਰ ਨਾ ਪਤਾ ਲੱਗ ਜਾਵੇ ਨਹੀਂ ਤਾਂ ਉਲਟਾ ਹੋਰ ਸੇਵਾ ਦਾ ਡਰ ਹੁੰਦਾ।ਦੂਜੇ ਪਾਸੇ ਜਦੋਂ ਕਿਤੇ ਘਰ ਵਿੱਚ ਕਿਸੇ ਕੰਮ ਨੂੰ ਨਾਂਹ ਨੁੱਕਰ ਕਰਨੀ ਤਾਂ ਘਰਦਿਆਂ ਨੇ ਅਧਿਆਪਕ ਦਾ ਡਰਾਵਾ ਦੇਣਾ।ਅਸਲ ਵਿੱਚ ਉਸ ਸਮੇਂ ਅਧਿਆਪਕ ਨੂੰ ਬੱਚੇ ਦਾ ਸੱਚਾ ਮਾਰਗ ਦਰਸ਼ਕ ਸਮਝਿਆ ਜਾਂਦਾ ਸੀ ਅਤੇ ਵਿਸ਼ਵਾਸ ਸੀ ਕਿ ਅਧਿਆਪਕ ਜੋ ਵੀ ਕਰਨਗੇ ਬੱਚੇ ਦੇ ਭਲੇ ਲਈ ਹੀ ਕਰਨਗੇ।

ਪਰ ਸਮਾਂ ਹਮੇਸ਼ਾ ਇਕੋ ਜਿਹਾ ਨਹੀਂ ਰਹਿੰਦਾ।ਅੱਜ ਕੱਲ੍ਹ ਅਧਿਆਪਕ-ਵਿਦਿਆਰਥੀ ਦੇ ਰਿਸ਼ਤੇ ‘ਚ ਕਾਫ਼ੀ ਬਦਲਾਅ ਆ ਗਿਆ ਹੈ।ਜਦੋਂ ਵੀ ਕੋਈ ਅਧਿਆਪਨ ਨੂੰ ਕਿੱਤੇ ਵਜੋਂ ਚੁਣਦਾ ਹੈ ਤਾਂ ਉਸ ਦੇ ਅੰਦਰ ਕਈ ਤਰ੍ਹਾਂ ਦੇ ਵਲਵਲੇ ਹੁੰਦੇ ਹਨ ਕਿ ਕਿਵੇਂ ਉਸਨੇ ਆਪਣੇ ਆਪ ਨੂੰ ਇਸ ਕਿੱਤੇ ਦੇ ਯੋਗ ਬਣਾ ਕੇ ਰੱਖਣਾ ਹੈ ਅਤੇ ਇਸ ਕਿੱਤੇ ਦੀ ਮਰਿਆਦਾ ਕਾਇਮ ਰੱਖਣੀ ਹੈ।ਜੇਕਰ ਪਹਿਲਾਂ ਵੇਖਿਆ ਜਾਵੇ ਤਾਂ ਅਧਿਆਪਕ ਦਾ ਸਮਾਜਕ ਰੁਤਬਾ ਅੱਜਕੱਲ੍ਹ ਪਹਿਲਾਂ ਵਰਗਾ ਨਹੀਂ ਰਿਹਾ। ਅੱਜ ਅਧਿਆਪਕ ਨੂੰ ਕੇਵਲ ਤਨਖ਼ਾਹ ਲੈ ਕੇ ਪੜ੍ਹਾਉਣ ਵਾਲੇ ਕਾਮੇ ਤੋਂ ਵੱਧ ਕੁਝ ਨਹੀਂ ਸਮਝਿਆ ਜਾਂਦਾ। ਸਾਰੇ ਪਿੰਡ ਨਾਲ ਮੇਲ ਮਿਲਾਪ ਰੱਖਣ ਵਾਲੇ ਅਧਿਆਪਕ ਹੁਣ ਕੁਝ ਪਰਿਵਾਰਾਂ ਤੱਕ ਸਿਮਟ ਚੁੱਕੇ ਹਨ।ਜਿਨ੍ਹਾਂ ਦੇ ਬੱਚੇ ਜਿਸ ਅਧਿਆਪਕ ਕੋਲ ਪੜ੍ਹਦੇ ਹਨ,ਉਹਦਾ ਰਿਸ਼ਤਾ ਉਸ ਅਧਿਆਪਕ ਤੱਕ ਸੀਮਤ ਹੋ ਗਿਆ ਹੈ।ਹਾਲਾਤ ਇਹ ਨੇ ਕਿ ਅਧਿਆਪਕ ਦੇ ਬਲਾਉਣ ’ਤੇ ਵੀ ਮਾਪੇ ਸਕੂਲ ਨਹੀਂ ਆਉਂਦੇ।ਭਾਈਚਾਰੇ ਦਾ ਸਹਿਯੋਗ ਵੀ ਬਹੁਤ ਸੀਮਤ ਹੋ ਗਿਆ ਹੈ।ਇਸ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਅਧਿਆਪਕ ਨੇ ਆਪਣਾ ਦਇਰਾ ਸੀਮਤ ਕਰ ਲਿਆ ਹੈ ਬਲਕਿ ਸਮਾਜਕ ਸਹਿਯੋਗ ਦੀ ਘਾਟ ਇਸਦਾ ਮੁੱਖ ਕਾਰਨ ਹੈ। ਭਾਂਵੇਕਿ ਅਜਿਹਾ ਸੌ ਫ਼ੀਸਦੀ ਨਹੀਂ ਹੈ ਪਰ ਜ਼ਿਆਦਾਤਰ ਹਾਲਾਤ ਇਸੇ ਤਰ੍ਹਾਂ ਦੇ ਹੀ ਹਨ। ਸਕੂਲ ਦੇ ਕਿਸੇ ਕੰਮ ਲਈ ਪਿੰਡ ਵਾਸੀਆਂ ਦੀ ਮਦਦ ਲੈਣਾ ਵੀ ਕਾਫ਼ੀ ਚੁਣੌਤੀਆਂ ਭਰਪੂਰ ਹੈ।ਅਧਿਆਪਕਾਂ ਨੂੰ ਕਈ ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਹਨ ਜਦਕਿ ਸਕੂਲ ਸਮਾਜਿਕ ਸੰਪਤੀ ਹੈ ਨਾ ਕਿ ਅਧਿਆਪਕ ਦੀ ਨਿੱਜੀ।ਅਜਿਹੀਆਂ ਘਟਨਾਵਾਂ ਅਧਿਆਪਕ ਦਾ ਮਨੋਬਲ ਘਟਾਉਂਦੀਆਂ ਹਨ। ਅਧਿਆਪਕ ਦਾ ਸਤਿਕਾਰ ਵੀ ਅੱਜਕੱਲ੍ਹ ਨਾਮਾਤਰ ਹੀ ਹੈ।ਪੁਰਾਣੇ ਵਿਦਿਆਰਥੀ ਤਾਂ ਕਈ ਵਾਰ ਅਧਿਆਪਕ ਨੂੰ ਬਲਾਉਣ ਤੋਂ ਕੰਨੀ ਕਤਰਾਉਂਦੇ ਹਨ।ਕਿਸੇ ਵਿਦਿਆਰਥੀ ਨੂੰ ਜੇਕਰ ਅਧਿਆਪਕ ਵਲੋਂ ਡਾਂਟ ਦਿੱਤਾ ਜਾਂਦਾ ਹੈ ਜਾਂ ਸਜ਼ਾ ਦਿੱਤੀ ਜਾਂਦੀ ਹੈ ਤਾਂ ਜ਼ਿਆਦਾਤਰ ਮਾਪੇ ਇਸਦਾ ਤਿੱਖਾ ਵਿਰੋਧ ਕਰਦੇ ਹਨ ਅਤੇ ਅਧਿਆਪਕ ਨੂੰ ਵਰਜ਼ਦੇ ਹਨ। ਅਧਿਆਪਕ ਦੀ ਝਿੜਕ ਨੂੰ ਨਕਾਰਾਤਮਕ ਢੰਗ ਨਾਲ ਪ੍ਰਚਾਰਿਆ ਤੇ ਸਮਝਿਆ ਜਾਂਦਾ ਹੈ।

ਅਖ਼ੀਰ ਵਿੱਚ ਸਿਰਫ਼ ਇਹੀ ਕਿਹਾ ਜਾ ਸਕਦਾ ਹੈ ਕਿ ਭਾਂਵੇ ਸਰਕਾਰ ਦੁਆਰਾ ਅਧਿਆਪਕਾਂ ਨੂੰ ਕਈ ਤਰ੍ਹਾਂ ਦੇ ਵੱਡੇ ਸਨਮਾਨ ਦੇ ਕੇ ਨਿਵਾਜ਼ਿਆ ਜਾਂਦਾ ਹੈ ਪਰ ਅਸਲੀ ਸਨਮਾਨ ਉਹ ਹੈ ਜੋ ਇੱਕ ਅਧਿਆਪਕ ਆਪਣੇ ਰੁਤਬੇ ਲਈ ਸਮਾਜ ਤੋਂ ਚਾਹੁੰਦਾ ਹੈ।ਜੇਕਰ ਸਮਾਜ ਅਧਿਆਪਕ ਦੇ ਰੁਤਬੇ ਦਾ ਸਨਮਾਨ ਕਰੇਗਾ ਤਾਂ ਹੀ ਸਾਡੀ ਆਉਣ ਵਾਲੀ ਪੀੜ੍ਹੀ ਸਾਡੀ ਵਿਰਾਸਤ ਤੇ ਕਦਰਾਂ ਕੀਮਤਾਂ ਨੂੰ ਸੰਭਾਲ ਸਕੇਗੀ।

 


author

Harnek Seechewal

Content Editor

Related News